ਡੀਡਾ ਡਿਸਟਿਲਰੀ ’ਤੇ ਮੰਡਰਾਇਆ ਬੁਲਡੋਜ਼ਰ ਦਾ ਖ਼ਤਰਾ
ਕਿਸੇ ਵੇਲੇ ਵੀ ਹੋ ਸਕਦੀ ਹੈ 70 ਤੋਂ ਵੱਧ ਘਰਾਂ ਨੂੰ ਢਾਹੁਣ ਦੀ ਕਾਰਵਾਈ, ਜਾਣੋ ਕੀ ਹੈ ਮਾਮਲਾ

ਦੀਨਾਨਗਰ, 15 ਮਈ- : ਮਜੀਠਾ ’ਚ ਵਾਪਰੇ ਸ਼ਰਾਬ ਕਾਂਡ ਤੋਂ ਬਾਆਦ ਡੀਡਾ ਡਿਸਟਿਲਰੀ ਦੇ ਨਾਂ ਨਾਲ ਬਦਨਾਮ ਦੀਨਾਨਗਰ ਦੇ ਨੇੜਲੇ ਪਿੰਡ ਡੀਡਾ ਸਾਂਸੀਆਂ ਉੱਤੇ ਪੰਜਾਬ ਸਰਕਾਰ ਦੀ ਬੁਲਡੋਜ਼ਰ ਕਾਰਵਾਈ ਦਾ ਖ਼ਤਰਾ ਮੰਡਰਾਉਣ ਲੱਗਾ ਹੈ। ਬੁਲਡੋਜ਼ਰ ਦੀ ਇਸ ਕਾਰਵਾਈ ਦਾ ਸੇਕ ਸਿਰਫ ਇਕ ਜਾਂ ਦੋ ਘਰਾਂ ਤੱਕ ਹੀ ਨਹੀਂ ਸਗੋਂ ਇਸ ਦਾ ਦਾਇਰਾ ਨਹਿਰੀ ਵਿਭਾਗ ਦੀ ਜ਼ਮੀਨ ਉੱਤੇ ਨਾਜਾਇਜ਼ ਤੌਰ ’ਤੇ ਉਸਾਰੇ ਗਏ 70 ਤੋਂ ਵਧੇਰੇ ਘਰਾਂ ਤੱਕ ਪੁੱਜਣ ਦੇ ਖ਼ਦਸ਼ੇ ਕਾਰਨ ਪਿੰਡ ’ਚ ਦਹਿਸ਼ਤ ਦਾ ਮਾਹੌਲ ਹੈ। ਹਾਲਾਂਕਿ ਨਹਿਰੀ ਵਿਭਾਗ ਵੱਲੋਂ ਆਪਣੀ ਜ਼ਮੀਨ ਉੱਤੋਂ ਨਾਜਾਇਜ਼ ਕਬਜ਼ੇ ਹਟਾਉਣ ਦੇ ਨਾਂ ਹੇਠ ਇਸ ਪਿੰਡ ਦੇ 70 ਤੋਂ ਵਧੇਰੇ ਘਰਾਂ ਨੂੰ ਹਟਾਉਣ ਦੀ ਪ੍ਰਰਿਕਿਆ ਭਾਵੇਂ ਸਾਲ 2024 ਤੋਂ ਜਾਰੀ ਹੈ ਅਤੇ ਨਹਿਰੀ ਵਿਭਾਗ ਵੱਲੋਂ ਸਮੇਂ-ਸਮੇਂ ’ਤੇ ਨੋਟਿਸ ਜਾਰੀ ਕਰਕੇ ਨਾਜਾਇਜ਼ ਉਸਾਰੀਆਂ ਨੂੰ ਖਾਲੀ ਕਰਨ ਦੇ ਹੁਕਮ ਜਾਰੀ ਕੀਤੇ ਜਾਂਦੇ ਰਹੇ ਹਨ ਪਰ ਹੁਣ ਮਜੀਠਾ ਵਿਖੇ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਮਗਰੋਂ ਇਸ ਪਿੰਡ ਉੱਪਰ ਪੰਜਾਬ ਸਰਕਾਰ ਦਾ ਬੁਲਡੋਜ਼ਰ ਚੱਲਣ ਦੀਆਂ ਕਨਸੋਆਂ ਹੋਰ ਤੇਜ਼ ਹੋ ਗਈਆਂ ਹਨ। ਦੋ ਦਿਨ ਪਹਿਲਾਂ ਹੀ ਨਹਿਰੀ ਵਿਭਾਗ ਵੱਲੋਂ ਪਿੰਡ ਵਿੱਚ ਮੁਨਾਦੀ ਕਰਵਾ ਕੇ ਲੋਕਾਂ ਨੂੰ ਨਾਜਾਇਜ਼ ਕਬਜ਼ਿਆਂ ਵਾਲੇ ਘਰ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ । ਦੂਜੇ ਪਾਸੇ ਪਿੰਡ ਦੇ ਸਰਪੰਚ ਨਰਿੰਦਰ ਕੁਮਾਰ ਨੇ ਕਿਹਾ ਕਿ ਜੇਕਰ ਪਿੰਡ ਦੇ ਕੁਝ ਲੋਕ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਹਨ ਤਾਂ ਇਸ ਲਈ ਸਾਰੇ ਪਿੰਡ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ। ਸੂਚਨਾ ਮਿਲਣ ਮਗਰੋਂ ‘ਆਪ’ ਆਗੂ ਸਵਰਨ ਸਲਾਰੀਆ ਵੀ ਪਿੰਡ ਡੀਡਾ ਸਾਂਸੀਆਂ ਵਿਖੇ ਪੁੱਜੇ ਹਨ, ਜਿਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਹ ਕਿਸੇ ਨਾਲ ਵੀ ਧੱਕਾ ਨਹੀਂ ਹੋਣ ਦੇਣਗੇ।
ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਮਗਰੋਂ ਮੁੜ ਸੁਰਖੀਆਂ ’ਚ ਆਇਆ ਡੀਡਾ ਸਾਂਸੀਆਂ
ਦੱਸਣਯੋਗ ਹੈ ਕਿ ਦੀਨਾਨਗਰ ਦੇ ਨਾਲ ਲੱਗਦਾ ਪਿੰਡ ਡੀਡਾ ਸਾਂਸੀਆਂ ਕਦੇ ਡੀਡਾ ਡਿਸਟਿਲਰੀ ਦੇ ਨਾਂ ਨਾਲ ਮਸ਼ਹੂਰ ਹੁੰਦਾ ਸੀ ਜਿੱਥੇ ਨਾਜਾਇਜ਼ ਦੇਸੀ ਸ਼ਰਾਬ ਦਾ ਕਾਰੋਬਾਰ ਵੱਡੇ ਪੱਧਰ ’ਤੇ ਹੁੰਦਾ ਰਿਹਾ ਹੈ ਅਤੇ ਇੱਥੋਂ ਦੀ ਰਵਾਇਤੀ ਢੰਗ ਨਾਲ ਤਿਆਰ ਕੀਤੀ ਗਈ ਨਾਜਾਇਜ਼ ਦੇਸੀ ਸ਼ਰਾਬ ਦੂਰ-ਦੂਰ ਤੱਕ ਸਪਲਾਈ ਹੁੰਦੀ ਸੀ। ਸਮੇਂ ਦੇ ਨਾਲ-ਨਾਲ ਰਵਾਇਤੀ ਢੰਗ ਨਾਲ ਸ਼ਰਾਬ ਕੱਢਣ ਦੀ ਥਾਂ ਮੈਥਾਨੌਲ ਨੇ ਲੈ ਲਈ ਅਤੇ ਚਿੱਟੇ ਦੇ ਕਾਰੋਬਾਰ ਨੇ ਵੀ ਇਸ ਪਿੰਡ ਦੇ ਰੰਗ-ਢੰਗ ਬਦਲ ਦਿੱਤੇ। ਹਾਲਾਂਕਿ ਇਸ ਪਿੰਡ ਦੇ ਕਈ ਲੋਕ ਨਸ਼ੇ ਦੇ ਕਾਰੋਬਾਰ ਤੋਂ ਦੂਰ ਵੀ ਹਨ ਪਰ ਫਿਰ ਵੀ ਇਸ ਪਿੰਡ ਦੇ ਵੱਡੀ ਗਿਣਤੀ ਲੋਕ ਐੱਨਡੀਪੀਐੱਸ ਅਤੇ ਆਬਕਾਰੀ ਐਕਟ ਤਹਿਤ ਦਰਜ ਮੁਕੱਦਮਿਆਂ ਵਿੱਚ ਫਸੇ ਹੋਏ ਹਨ। ਸਾਲ 2024 ਦੇ ਜੂਨ ਮਹੀਨੇ ਇਸ ਪਿੰਡ ’ਚੋਂ ਇੱਕੋ ਦਿਨ ਤਿੰਨ ਲਾਸ਼ਾਂ ਬਰਾਮਦ ਹੋਈਆਂ ਸਨ, ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਕਤ ਲੋਕ ਇਸ ਪਿੰਡ ਵਿੱਚ ਨਸ਼ਾ ਲੈਣ ਲਈ ਆਏ ਹੋਣਗੇ ਅਤੇ ਨਸ਼ੇ ਦੀ ਓਵਰਡੋਜ਼ ਨਾਲ ਇੱਥੇ ਹੀ ਮਰ ਗਏ ਜਿਸ ਮਗਰੋਂ ਸਰਕਾਰ ਵੱਲੋਂ ਇਸ ਪਿੰਡ ਉੱਪਰ ਸਖ਼ਤੀ ਕਰਨੀ ਸ਼ੁਰੂ ਕਰ ਦਿੱਤੀ ਗਈ ਅਤੇ ਹੁਣ ਦੀ ਕਾਰਵਾਈ ਨੂੰ ਵੀ ਲੋਕਾਂ ਵੱਲੋਂ ਇਸ ਨਾਲ ਹੀ ਜੋੜ ਕੇ ਵੇਖਿਆ ਜਾ ਰਿਹਾ ਹੈ।



