Punjab

ਵਿਧਾਇਕ ਅਰੋੜਾ ’ਤੇ ਕਾਰਵਾਈ ਕਰਕੇ ਆਪ ਹਾਈਕਮਾਨ ਨੇ ਹੋਰਨਾਂ ਵਿਧਾਇਕਾਂ ਤੇ ਅਧਿਕਾਰੀਆਂ ਨੂੰ ਦਿੱਤਾ ਸੰਦੇਸ਼

ਪਾਰਟੀ ਨੇ ਬਾਕੀਆਂ ਨੂੰ ਦਿੱਤੀ ਨਸੀਹਤ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 15 ਮਈ- ਜਲੰਧਰ ਕੇਂਦਰੀ ਦੇ ਵਿਧਾਇਕ ਰਮਨ ਅਰੋੜਾ ਦੀ ਸੁਰੱਖਿਆ ਵਾਪਸ ਲੈ ਕੇ ਸੂਬਾ ਸਰਕਾਰ ਖਾਸ ਕਰਕੇ ਆਮ ਆਦਮੀ ਪਾਰਟੀ ਦੀ ਹਾਈਕਮਾਨ ਨੇ ਪਾਰਟੀ ਦੇ ਹੋਰਨਾਂ ਆਗੂਆਂ ਨੂੰ ਇਹ ਸੁਨੇਹਾ ਦੇਣ ਦਾ ਯਤਨ ਕੀਤਾ ਹੈ ਕਿ ਪਾਰਟੀ ਵਿਚ ਕਿਸੇ ਖਿਲਾਫ਼ ਵੀ ਕੋਈ ਕਾਰਵਾਈ ਹੋ ਸਕਦੀ ਹੈ। ਸੱਤਾ ਦੇ ਗਲਿਆਰਿਆਂ ਵਿਚ ਚਰਚਾ ਹੈ ਕਿ ਜਿੱਥੇ ਪਾਰਟੀ ਹਾਈਕਮਾਨ ਨੂੰ ਰਮਨ ਅਰੋੜਾ ਖਿਲਾਫ਼ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ, ਉਥੇ ਉਹਨਾਂ ਦੇ ਭਾਜਪਾ ਵਿਚ ਜਾਣ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਸਨ। ਚਰਚਾ ਇਹ ਵੀ ਹੈ ਕਿ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਕਾਰਨ ਸਰਕਾਰ ਦੀ ਕਿਰਕਰੀ ਹੋ ਰਹੀ ਹੈ, ਲੋਕਾਂ ਤੇ ਮੀਡੀਆ ਦਾ ਧਿਆਨ ਹਟਾਉਣ ਲਈ ਪਾਰਟੀ ਨੇ ਅਜਿਹੀ ਕਾਰਵਾਈ ਕੀਤੀ ਹੈ। ਉਧਰ ਰਮਨ ਅਰੋੜਾ ਨੇ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਭਾਜਪਾ ਵਿਚ ਸ਼ਾਮਲ ਹੋਣ ਦੀਆਂ ਖ਼ਬਰਾਂ ਨੂੰ ਸਿਰੇ ਤੋਂ ਖਾਰਜ਼ ਕੀਤਾ ਹੈ। ਅਰੋੜਾ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦਾ ਸਿਪਾਹੀ ਹੈ ਅਤੇ ਪਾਰਟੀ ਨਾਲ ਪੱਕੇ ਤੌਰ ’ਤੇ ਖੜ੍ਹਾ ਹੈ। ਅਰੋੜਾ ਨੇ ਇਹ ਵੀ ਕਿਹਾ ਕਿ ਸੁਰੱਖਿਆ ਪਾਰਟੀ ਤੇ ਸਰਕਾਰ ਨੇ ਦਿੱਤੀ ਸੀ, ਜਦੋਂ ਸਰਕਾਰ ਨੂੰ ਲੱਗਿਆ ਤਾਂ ਸੁਰੱਖਿਆ ਕਰਮੀ ਫਿਰ ਅਲਾਟ ਕਰ ਦਿੱਤੇ ਜਾਣਗੇ। ਹਾਲਾਂਕਿ ਵਿਧਾਇਕ ਅਰੋੜਾ ਦੇ ਖਿਲਾਫ਼ ਕੀਤੀ ਗਈ ਕਾਰਵਾਈ ਸੂਬਾ ਸਰਕਾਰ ਜਾਂ ਆਪ ਲੀਡਰਸ਼ਿਪ ਦੀ ਪਹਿਲੀ ਕਾਰਵਾਈ ਨਹੀਂ ਹੈ, ਇਸਤੋਂ ਪਹਿਲਾਂ ਸਾਬਕਾ ਸਿਹਤ ਮੰਤਰੀ ਵਿਜੈ ਸਿੰਗਲਾ, ਵਿਧਾਇਕ ਅਮਨ ਰਤਨ ਕੋਟਫੱਤਾ ਖਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਗਿਆ ਸੀ, ਇਸੇ ਤਰ੍ਹਾਂ ਫਿਰੋਜ਼ਪੁਰ ਦੇ ਸਾਬਕਾ ਡਿਪਟੀ ਕਮਿਸ਼ਨਰ ਰਾਜੇਸ਼ ਤ੍ਰਿਪਾਠੀ, ਪੰਚਾਇਤੀ ਵਿਭਾਗ ਦੇ ਸਾਬਕਾ ਸਕੱਤਰ ਅਤੇ ਡਾਇਰੈਕਟਰ ਕ੍ਰਮਵਾਰ ਡੀ.ਕੇ ਤਿਵਾੜੀ ਤੇ ਗੁਰਪ੍ਰੀਤ ਸਿੰਘ ਖਹਿਰਾ ਨੂੰ ਮੁਅਤੱਲ ਕਰਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਸਖ਼ਤ ਸੰਦੇਸ਼ ਦੇਣ ਦਾ ਯਤਨ ਕੀਤਾ ਹੈ। ਜਿੱਥੇ ਤੱਕ ਵਿਧਾਇਕ ਰਮਨ ਅਰੋੜਾ ’ਤੇ ਹੁਣ ਕਾਰਵਾਈ ਕੀਤੀ ਗਈ ਹੈ, ਉਸ ਬਾਰੇ ਪਾਰਟੀ ਹਾਈਕਮਾਨ ਨੂੰ ਬਹੁਤ ਸਾਰੀਆਂ ਸ਼ਿਕਾਇਤਾਂ ਮਿਲੀਆਂ ਹਨ। ਪਾਰਟੀ ਲੀਡਰਸ਼ਿਪ ਮਹਿਸੂਸ ਕਰ ਰਹੀ ਹੈ ਕਿ ਇਸ ਨਾਲ ਪਾਰਟੀ ਦੇ ਅਕਸ਼ ਨੂੰ ਢਾਹ ਲੱਗ ਰਹੀ ਹੈ। ਜਿਸ ਕਰਕੇ ਪਾਰਟੀ ਨੇ ਅਜਿਹਾ ਕਦਮ ਚੁੱਕਿਆ ਹੈ।ਦੱਸਿਆ ਜਾਂਦਾ ਹੈ ਕਿ ਕਾਂਗਰਸੀ ਵਿਧਾਇਕ ਚੌਧਰੀ ਸੰਤੋਖ ਸਿੰਘ ਦੀ ਮੌਤ ਹੋਣ ਬਾਅਦ ਜਲੰਧਰ ਲੋਕ ਸਭਾ ਹਲਕੇ ਦੀ ਹੋਈ ਉਪ ਚੋਣ ਮੌਕੇ ਪਾਰਟੀ ਹਾਈਕਮਾਨ ਨੂੰ ਰਮਨ ਅਰੋੜਾ ਅਤੇ ਸ਼ੀਤਲ ਅੰਗੂਰਾਲ ਦੇ ਖਿਲਾਫ਼ ਬਹੁਤ ਸਾਰੀਆਂ ਸ਼ਿਕਾਇਤਾਂ ਮਿਲੀਆਂ ਸਨ। ਉਸ ਵਕਤ ਚੋਣਾਂ ਹੋਣ ਕਰਕੇ ਪਾਰਟੀ ਹਾਈਕਮਾਨ ਨੇ ਕੋਈ ਸਖ਼ਤ ਫੈਸਲਾ ਨਹੀਂ ਲਿਆ। ਦੱਸਿਆ ਜਾਂਦਾ ਹੈ ਕਿ ਪਾਰਟੀ ਲੀਡਰਸ਼ਿਪ ਨੇ ਇਨ੍ਹਾਂ ਨੂੰ ਗੱਲੀ ਬਾਤੀ ਸਮਝਾਉਣ ਦਾ ਯਤਨ ਵੀ ਕੀਤਾ , ਪਰ ਗੱਲ ਨਹੀਂ ਬਣੀ ਅਤੇ ਇਹਨਾਂ ਨੇ ਆਪਣਾ ਕੰਮ ਨਿਰੰਤਰ ਜਾਰੀ ਰੱਖਿਆ।ਲੋਕ ਸਭਾ ਦੀਆਂ ਚੋਣਾਂ ਮੌਕੇ ਵਿਧਾਇਕ ਸ਼ੀਤਲ ਅੰਗੂਰਾਲ ਤਾਂ ਆਪ ਛੱਡਕੇ ਭਾਜਪਾ ਵਿਚ ਸ਼ਾਮਲ ਹੋ ਗਏ ਸਨ, ਪਰ ਜਲੰਧਰ ਵਿਚ ਵਿਧਾਇਕ ਰਮਨ ਅਰੋੜਾ ਦੀਆਂ ਕਾਰਵਾਈਆਂ ਤੋਂ ਪਾਰਟੀ ਕਾਫ਼ੀ ਖਫ਼ਾ ਸੀ। ਜਿਸ ਕਰਕੇ ਪਾਰਟੀ ਨੇ ਉਨ੍ਹਾਂ ਦੀ ਸੁਰੱਖਿਆ ਵਾਪਸ ਲੈਣ ਦਾ ਹੁਕਮ ਦਿੱਤਾ ਹੈ। ਉਧਰ ਰਮਨ ਅਰੋੜਾ ਨੇ ਕਿਹਾ ਕਿ ਉਹ ਆਪ ਦਾ ਪੱਕਾ ਸਿਪਾਹੀ ਹੈ ਅਤੇ ਹਮੇਸ਼ਾਂ ਪਾਰਟੀ ਨਾਲ ਖੜ੍ਹਾ ਰਹੇਗਾ। ਉਨ੍ਹਾਂ ਕਿਹਾ ਕਿ ਜਦੋਂ ਪਾਰਟੀ ਜਾਂ ਸਰਕਾਰ ਮਹਿਸੂਸ ਕਰੇਗੀ ਫਿਰ ਸੁਰੱਖਿਆ ਮਿਲ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਗੱਡੀ ਵਾਪਸ ਨਹੀਂ ਲਈ ਗਈ।

Related Articles

Leave a Reply

Your email address will not be published. Required fields are marked *

Back to top button