
ਸ੍ਰੀ ਕੀਰਤਪੁਰ ਸਾਹਿਬ, 13 ਮਈ- ਲੰਬੇ ਸਮੇਂ ਤੋਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਬਸ ਅੱਡਾ ਨਾ ਹੋਣ ਕਾਰਨ ਜਿੱਥੇ ਆਮ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਬਾਹਰੋਂ ਆਣ ਵਾਲੇ ਯਾਤਰੀਆਂ ਨੂੰ ਇਧਰ ਉਧਰ ਭਟਕਣਾ ਪੈ ਰਿਹਾ ਹੈ। ਗੱਲ ਕੀਤੀ ਜਾਵੇ ਤਾਂ ਇਤਿਹਾਸਿਕ ਧਰਤੀ ਸ੍ਰੀ ਕੀਰਤਪੁਰ ਸਾਹਿਬ ਦਾ ਵਿਸ਼ਵ ਦੀ ਪ੍ਰਸਿੱਧ ਨਗਰੀ ਹੋਣ ਦਾ ਮਾਣ ਪ੍ਰਾਪਤ ਹੈ ਲੇਕਿਨ ਸੁੱਖ ਸੁਵਿਧਾਵਾਂ ਨੂੰ ਤਰਸ ਰਹੀ ਹੈ ਸਭ ਤੋਂ ਜਰੂਰੀ ਬਸ ਅੱਡਾ ਇੱਥੇ ਨਾ ਹੋਣ ਕਾਰਨ ਲੋਕ ਬੜੇ ਔਖੇ ਹਨ। ਇਸ ਨਗਰੀ ਨੂੰ ਹਿਮਾਚਲ ਪ੍ਰਦੇਸ਼ ਦਾ ਪ੍ਰਵੇਸ਼ ਦੁਆਰ ਵੀ ਕਿਹਾ ਜਾਂਦਾ ਹੈ। ਜਿਸ ਕਾਰਨ ਹਜ਼ਾਰਾਂ ਯਾਤਰੀ ਰੋਜ਼ਾਨਾ ਹਿਮਾਚਲ ਪ੍ਰਦੇਸ਼ ਨੂੰ ਇਸ ਨਗਰੀ ਤੋਂ ਹੋ ਕੇ ਜਾਂਦੇ ਹਨ, ਲੇਕਿਨ ਬਸ ਅੱਡਾ ਨਾ ਹੋਣ ਕਾਰਨ ਸੜਕਾਂ ਤੇ ਖੜੇ ਹੋ ਕੇ ਬੱਸਾਂ ਦਾ ਇੰਤਜ਼ਾਰ ਕਰਦੇ ਹਨ। ਅੱਜ ਕੱਲ ਜਿੱਥੇ ਗਰਮੀ ਪੂਰੇ ਜੋਰਾਂ ਤੇ ਹੈ ਉੱਥੇ ਕੜਕਦੀ ਧੁੱਪ ਵਿੱਚ ਸਵਾਰੀਆਂ ਨੂੰ ਖੜੇ ਹੋ ਕੇ ਬੱਸਾਂ ਦੇ ਲਈ ਇੰਤਜ਼ਾਰ ਕਰਨਾ ਪੈਂਦਾ ਹੈ। ਦੂਜੇ ਪਾਸੇ ਇਸ ਨਗਰੀ ਨੂੰ ਸਿੱਖਾਂ ਦਾ ਮਿਨੀ ਹਰਿਦੁਆਰ ਕਿਹਾ ਜਾਂਦਾ ਹੈ, ਇਥੇ ਸਿੱਖ ਧਰਮ ਦੇ ਨਾਲ ਜੁੜੇ ਹੋਏ ਲੋਕ ਆਪਣੇ ਸਾਕ ਸਬੰਧੀਆਂ ਦੀਆਂ ਅਸਥੀਆਂ ਲੈ ਕੇ ਆਂਉਂਦੇ ਹਨ। ਉਹਨਾਂ ਨੂੰ ਇਸ ਨਗਰੀ ਦੇ ਵਿੱਚ ਆਉਣ ਦੇ ਲਈ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੇਕਰ ਕੋਈ ਵਿਅਕਤੀ ਅਸਥੀਆਂ ਲੈ ਕੇ ਆਂਉਂਦਾ ਹੈ ਤਾਂ ਉਸਨੂੰ ਗੁਰਦੁਆਰਾ ਸਾਹਿਬ ਤੱਕ ਪਹੁੰਚਣ ਦੇ ਲਈ ਭਟਕਣਾ ਪੈਂਦਾ ਹੈ। ਕਹਿਣ ਨੂੰ ਇਸ ਨਗਰੀ ਉੱਤੇ ਦੋ ਆਰਜੀ ਬਸ ਅੱਡੇ ਬਣੇ ਹੋਏ ਹਨ, ਜਿਨਾਂ ਵਿੱਚੋਂ ਇੱਕ ਪੁਰਾਣਾ ਅਤੇ ਇੱਕ ਨਵਾਂ ਬੱਸ ਅੱਡਾ ਹੈ। ਦੋਵਾਂ ਵਿੱਚ ਨਾ ਤਾਂ ਸਵਾਰੀਆਂ ਨੂੰ ਖੜਨ ਲਈ ਜਾ ਬੈਠਣ ਲਈ ਜਗ੍ਹਾਂ ਹੈ ਤੇ ਨਾ ਹੀ ਪੀਣ ਵਾਲਾ ਪਾਣੀ ਤੇ ਪਖਾਨਿਆਂ ਦੀ ਵਿਵੱਸਥਾ ਹੈ। ਖਾਸ ਕਰਕੇ ਔਰਤਾਂ ਅਤੇ ਬੱਚਿਆਂ ਲਈ ਨਾ ਤਾਂ ਪਖਾਨੇ ਹਨ ਅਤੇ ਨਾ ਹੀ ਪੀਣ ਵਾਲੇ ਪਾਣੀ ਦੀ ਵਿਵੱਸਥਾ ਹੈ। ਇਨ੍ਹਾਂ ਅੱਡਿਆਂ ਵਿੱਚ ਸਵਾਰੀਆਂ ਧੁੱਪ ਵਿੱਚ ਸੜ ਕੇ ਹੀ ਬੱਸਾਂ ਦਾ ਇੰਤਜ਼ਾਰ ਕਰਦੀਆਂ ਹਨ ਪਰ ਇਹ ਅੱਡਾ ਜਿੱਥੇ ਬੱਸਾਂ ਨੂੰ ਸੜਕਾਂ ਦੇ ਵਿੱਚ ਖੜਾ ਕਰਕੇ ਸਵਾਰੀਆਂ ਚੁੱਕਣੀਆਂ ਪੈਂਦੀਆਂ ਹਨ ਉਥੇ ਸੜਕ ਹਾਦਸਾ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਪਿਛਲੇ ਸਮਿਆਂ ’ਚ ਕਈ ਵਾਰ ਬੱਸਾਂ ਸੜਕ ਵਿੱਚ ਖੜਨ ਕਰਕੇ ਹਾਦਸੇ ਵੀ ਵਾਪਰ ਚੁੱਕੇ ਹਨ ਤੇ ਕਈ ਵਾਰ ਸਵਾਰੀਆਂ ਸੱਟਾਂ ਦਾ ਸ਼ਿਕਾਰ ਵੀ ਹੋਈਆਂ ਹਨ। ਲੰਬੇ ਸਮੇਂ ਤੋਂ ਸ਼ਹਿਰ ਵਾਸੀਆਂ ਨੇ ਮੰਗ ਕੀਤੀ ਸੀ ਕਿ ਇਸ ਨਗਰੀ ਨੂੰ ਕੋਈ ਪੱਕਾ ਬੱਸ ਅੱਡਾ ਬਣਾ ਕੇ ਦਿੱਤਾ ਜਾਵੇ ਲੇਕਿਨ ਉਹਨਾਂ ਦੀ ਮੰਗ ਨੂੰ ਬੂਰ ਨਾ ਪਿਆ ਜਦੋਂ ਕਿ ਬਿਨਾਂ ਬੱਸ ਅੱਡੇ ਤੋਂ ਨਗਰੀ ਸੁੰਨੀ ਜਾਪਦੀ ਹੈ। ਇਸ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਦਾ ਇਕ ਬਸ ਸਾਡਾ ਰੇਲਵੇ ਸਟੇਸ਼ਨ ਦੇ ਨਜ਼ਦੀਕ ਹੁੰਦਾ ਸੀ ਜਿਥੋਂ ਪੂਰੇ ਹਿਮਾਚਲ ਪ੍ਰਦੇਸ਼ ਲਈ ਸਵਾਰੀਆਂ ਬੱਸਾਂ ਲੈਂਦੀਆਂ ਸਨ ਪਰ ਕੁਝ ਸਮਾਂ ਪਹਿਲਾਂ ਇਹ ਵੀ ਢਾਹ ਦਿੱਤਾ ਗਿਆ। ਇਤਿਹਾਸਿਕ ਨਗਰੀ ਹੋਣ ਕਾਰਨ ਇਥੋਂ ਦੇ ਲੋਕਾਂ ਦੀ ਮੁੱਖ ਮੰਗ ਬੱਸ ਅੱਡਾ ਹੈ। ਬਹੁਤ ਸਰਕਾਰਾਂ ਆਈਆਂ ਪਰ ਸ੍ਰੀ ਕੀਰਤਪੁਰ ਸਾਹਿਬ ਨਗਰੀ ਵਿਕਾਸ ਤੋਂ ਵਾਂਝੀ ਹੀ ਰਹੀ। ਨਾ ਤਾਂ ਇਥੇ ਕੋਈ ਵਧੀਆ ਹਸਪਤਾਲ ਹੈ ਨਾ ਹੀ ਬੱਸ ਅੱਡਾ। ਨਗਰ ਪੰਚਾਇਤ ਬਣਨ ਤੋਂ ਬਾਅਦ ਵੀ ਸ੍ਰੀ ਕੀਰਤਪੁਰ ਸਾਹਿਬ ਨਗਰੀ ਦਾ ਵਿਕਾਸ ਨਹੀਂ ਹੋ ਸਕਿਆ। ਵੋਟਾਂ ਦੇ ਸਮੇਂ ਹਰ ਇੱਕ ਰਾਜ ਨੇਤਾ ਸ਼ਹਿਰ ਦੀਆਂ ਮੁੱਖ ਮੰਗਾਂ ਪਹਿਲ ਦੇ ਆਧਾਰ ਤੇ ਹੱਲ ਕਰਨ ਦਾ ਵਾਅਦਾ ਕਰਦੀਆਂ ਹਨ ਪਰ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਸਭ ਕੁਝ ਭੁੱਲ ਜਾਂਦੀਆਂ ਹਨ। ਵਿਕਾਸ ਦੇ ਮਾਮਲੇ ਵਿੱਚ ਇਹ ਸ਼ਹਿਰ ਹਮੇਸ਼ਾ ਹੀ ਪਿੱਛੇ ਰਿਹਾ।ਇਸ ਦੌਰਾਨ ਸ਼ਹਿਰ ਵਾਸੀਆਂ ਵਿੱਚੋਂ ਯੋਗਰਾਜ ਸੈਣੀ, ਅਸ਼ੋਕ ਕੁਮਾਰ ਸਾਰਦਾ, ਨਵਲਜੀਤ ਸਿੰਘ, ਕੁਲਵੀਰ ਸਿੰਘ, ਪਰਮਿੰਦਰ ਸਿੰਘ, ਬ੍ਰਿਜ ਲਾਲ ਨੱਢਾ, ਜਸਵਿੰਦਰ ਸਿੰਘ ਆਦੀ ਨੇ ਜੋਰਦਾਰ ਮੰਗ ਕੀਤੀ ਹੈ ਕਿ ਇਸ ਮਸਲੇ ਨੂੰ ਜਲਦ ਹੱਲ ਕੀਤਾ ਜਾਵੇ ਅਤੇ ਧਾਰਮਿਕ ਨਗਰੀ ਕੀਰਤਪੁਰ ਸਾਹਿਬ ਨੂੰ ਪੱਕਾ ਬੱਸ ਅੱਡਾ ਬਣਾ ਕੇ ਦਿੱਤਾ ਜਾਵੇ।



