Punjab

ਯਾਤਰੀਆਂ ਲਈ ਹੀ ਨਹੀਂ ਵਪਾਰ ਲਈ ਵੀ ਮਹੱਤਵਪੂਰਨ ਹੈ ਰਾਜਾਸਾਂਸੀ ਹਵਾਈ ਅੱਡਾ

ਅੰਮ੍ਰਿਤਸਰ, 12 ਮਈ- ਅੰਮ੍ਰਿਤਸਰ-ਹਿੰਦ-ਪਾਕਿ ਸਰਹੱਦ ’ਤੇ ਤਣਾਅ ਦਾ ਸਭ ਤੋਂ ਜ਼ਿਆਦਾ ਸੇਕ ਗੁਰੂ ਨਗਰੀ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ (ਅੰਮ੍ਰਿਤਸਰ) ਨੂੰ ਲੱਗਾ ਹੈ ਜੋ ਅੰਮ੍ਰਿਤਸਰ-ਅਜਨਾਲਾ ਸੜਕ ਉਤੇ ਮਹਿਜ਼ ਕੁਝ ਕਿਲੋਮੀਟਰ ਦੂਰੀ ’ਤੇ ਸਥਿਤ ਹੈ। ਉੱਤਰੀ ਭਾਰਤ ਦੀਆਂ ਹਵਾਈ ਉਡਾਨਾਂ ਦੇ ਧੁਰੇ ਆਖੇ ਜਾ ਸਕਦੇ ਇਸ ਏਅਰਪੋਰਟ ਤੋਂ ਰੋਜ਼ਾਨਾ ਅਨੇਕਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਉਡਾਨਾਂ ਰਨ ਵੇਅ ’ਤੇ ਭੱਜਦੀਆਂ ਹਨ ਜੋ ਪਿਛਲੇ ਕੁਝ ਦਿਨਾਂ ਤੋਂ ਭਾਰਤ-ਪਾਕਿ ਜੰਗ ਕਾਰਨ ਰੱਦ ਹੋਈਆਂ ਹਨ। ਇਹ ਹਵਾਈ ਅੱਡਾ ਯਾਤਰੀਆਂ ਲਈ ਹੀ ਨਹੀ ਬਲਕਿ ਵਪਾਰ ਨੂੰ ਲੈ ਕੇ ਵੀ ਬਹੁਤ ਮਹੱਤਵਪੂਰਨ ਹੈ। ਵਿਦੇਸ਼ ਦੀ ਧਰਤੀ ’ਤੇ ਵਸੇ ਬਹੁਗਿਣਤੀ ਪੰਜਾਬੀ ਰਾਜਾਸਾਂਸੀ ਹਵਾਈ ਅੱਡੇ ਰਾਹੀਂ ਹੀ ਆਉਂਦੇ-ਜਾਂਦੇ ਹਨ। ਯਾਤਰੀਆਂ ਦੀ ਵੱਡੀ ਆਵਾਜਾਈ ਵਾਲੇ ਇਸ ਹਵਾਈ ਅੱਡੇ ’ਤੇ ਮੌਜੂਦਾ ਹਾਲਾਤ ਦੇ ਕਾਰਨ ਹੁਣ ਚਿੜੀ ਨਹੀਂ ਫਰਕ ਰਹੀ। ਪਿਛਲੇ ਤਿੰਨ ਦਹਾਕਿਆਂ ਤੋਂ ਵਧੇਰੇ ਸਮੇਂ ਤੋਂ ਅੱਤਵਾਦ ਦੀ ਖ਼ੂਨੀ ਖੇਡਣ ਵਾਲੇ ਪਾਕਿਸਤਾਨ ਦੇ ਡਰੋਨ ਅਤੇ ਮਿਜ਼ਾਇਲੀ ਹਮਲਿਆਂ ਕਾਰਨ ਇਹ ਹਵਾਈ ਅੱਡਾ ਸੁਰੱਖਿਆ ਦੀ ਦ੍ਰਿਸ਼ਟੀ ਤੋ ਅਤਿ-ਸੰਵੇਦਨਸ਼ੀਲ ਅਤੇ ਮਹੱਤਵਪੂਰਨ ਹੈ। ਭਾਵੇਂ ਦੋਵਾਂ ਮੁਲਕਾਂ ਵਿਚਾਲੇ ਜੰਗਬੰਦੀ ਦਾ ਐਲਾਨ ਹੋ ਗਿਆ ਹੈ ਪਰ ਹਵਾਈ ਅੱਡਾ ਅਥਾਰਟੀ ਕੋਈ ਜੋਖ਼ਮ ਨਹੀਂ ਲੈ ਸਕਦੀ। 15 ਮਈ ਤੱਕ ਹਵਾਈ ਅੱਡਾ ਬੰਦ ਰਹਿਣ ਕਾਰਨ ਫਿਲਹਾਲ ਇੱਥੇ ਸੁੰਨ ਪੱਸਰੀ ਹੋਈ ਹੈ। ਸ਼ਨਿਚਰਵਾਰ ਰਾਤ ਪਾਕਿਸਤਾਨ ਵੱਲੋਂ ਹਵਾਈ ਅੱਡੇ ਉਤੇ ਡਰੋਨ ਹਮਲੇ ਕਰਨ ਦੀ ਅਫਵਾਹ ਫੈਲਣ ਕਾਰਨ ਸੀਆਈਐੱਫਐੱਸ ਅਤੇ ਪੰਜਾਬ ਪੁਲਿਸ ਨੇ ਇੱਥੇ ਸੁਰੱਖਿਆ ਵਿਵਸਥਾ ਹੋਰ ਮਜ਼ਬੂਤ ਕਰ ਦਿੱਤੀ ਹੈ।

ਹੰਗਾਮੀ ਹਾਲਤ ਨਾਲ ਨਜਿੱਠਣ ਲਈ ਪੁਖ਼ਤਾ ਇੰਤਜ਼ਾਮ

ਕਿਸੇ ਵੀ ਹੰਗਾਮੀ ਹਾਲਤ ਨਾਲ ਨਜਿੱਠਣ ਲਈ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਹਵਾਈ ਅੱਡੇ ਦੇ ਹਰ ਸਟਾਫ ਮੈਂਬਰ ਦੀ ਵੀ ਦੂਹਰੀ ਚੈਕਿੰਗ ਕੀਤੀ ਜਾ ਰਹੀ ਹੈ। ਅੱਜ ‘ਪੰਜਾਬੀ ਜਾਗਰਣ’ ਵੱਲੋਂ ਰਾਜਾਸਾਂਸੀ ਰੋਡ ਦਾ ਦੌਰਾ ਕੀਤਾ ਗਿਆ ਤਾਂ ਹਵਾਈ ਅੱਡੇ ਦੇ ਮੁੱਖ ਗੇਟ ਉਤੇ ਤਾਇਨਾਤ ਪੰਜਾਬ ਪੁਲਿਸ ਦੇ ਜਵਾਨਾਂ ਨੇ ਦੱਸਿਆ ਕਿ ਹਾਲਾਤ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਕਿਸੇ ਵੀ ਸੰਭਾਵੀ ਡਰੋਨ ਹਮਲੇ ਨੂੰ ਨਾਕਾਮ ਕਰਨ ਲਈ ਪੁਲਿਸ ਵੱਲੋਂ ਮੁਸਤੈਦੀ ਨਾਲ 24 ਘੰਟੇ ਪਹਿਰਾ ਦਿੱਤਾ ਜਾ ਰਿਹਾ ਹੈ।

ਯਾਤਰੀਆਂ ਲਈ ਹੀ ਨਹੀਂ, ਕਾਰਗੋ ਨਿਰਯਾਤ ਲਈ ਵੀ ਮਹੱਤਵਪੂਰਨ : ਸਮੀਪ ਸਿੰਘ

ਰਾਜਾਸਾਂਸੀ ਹਵਾਈ ਅੱਡੇ ਤੋਂ ਆਉਣ ਤੇ ਜਾਣ ਵਾਲੀਆਂ ਉਡਾਨਾਂ ਬਾਰੇ ਜਾਣਕਾਰੀ ਦਿੰਦਿਆਂ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਤੋਂ ਹਰ ਰੋਜ਼ ਔਸਤਨ 65 ਤੋਂ ਵੱਧ ਉਡਾਣਾਂ (ਆਗਮਨ ਤੇ ਰਵਾਨਗੀ) ਹੁੰਦੀਆਂ ਹਨ। ਇਨ੍ਹਾਂ ਵਿੱਚੋਂ ਲਗਪਗ 21 ਤੋਂ 23 ਉਡਾਣਾਂ ਅੰਤਰਰਾਸ਼ਟਰੀ ਅਤੇ 41 ਤੋਂ 43 ਘਰੇਲੂ ਉਡਾਣਾਂ ਦੀ ਆਵਾਜਾਈ ਹੁੰਦੀ ਹੈ। ਹਵਾਈ ਅੱਡੇ ’ਤੇ ਹਰ ਰੋਜ਼ ਲਗਪਗ 10,000 ਯਾਤਰੀਆਂ ਦੀ ਆਵਾਜਾਈ ਹੋ ਰਹੀ ਸੀ, ਜਦ ਕਿ ਪਿਛਲੇ ਛੇ ਮਹੀਨਿਆਂ ਦੌਰਾਨ ਹਵਾਈ ਅੱਡੇ ਨੇ ਮਹੀਨਾਵਾਰ ਸਵਾ ਤਿੰਨ ਲੱਖ ਤੋਂ ਵੱਧ ਯਾਤਰੀ ਗਿਣਤੀ ਦਰਜ ਕੀਤੀ ਹੈ। ਇਸ ਵਿੱਚੋਂ 1 ਲੱਖ ਤੋਂ ਵੱਧ ਅੰਤਰਰਾਸ਼ਟਰੀ ਯਾਤਰੀ ਹਨ, ਜੋ ਕਿ ਦੁਨੀਆ ਭਰ ਦੇ ਮੁਲਕਾਂ ਤੋਂ ਵੱਖ-ਵੱਖ ਏਅਰਲਾਈਨ ਰਾਹੀਂ ਵਿਦੇਸ਼ ਤੋਂ ਸਿੱਧੇ ਅੰਮ੍ਰਿਤਸਰ ਪਹੁੰਚਦੇ ਹਨ। ਅੰਮ੍ਰਿਤਸਰ ਹਵਾਈ ਅੱਡਾ ਇਸ ਸਮੇਂ ਦੋਹਾ, ਦੁਬਈ, ਸ਼ਾਰਜਾਹ, ਲੰਡਨ ਗੈਟਵਿਕ, ਬਰਮਿੰਘਮ, ਰੋਮ, ਮਿਲਾਨ, ਸਿੰਗਾਪੁਰ, ਕੁਆਲਾਲੰਪੁਰ ਅਤੇ ਬੈਂਕਾਕ ਵਰਗੀਆਂ 10 ਅੰਤਰਰਾਸ਼ਟਰੀ ਮੰਜ਼ਿਲਾਂ ਨਾਲ ਜੁੜਿਆ ਹੋਇਆ ਹੈ। ਇਸੇ ਤਰ੍ਹਾਂ ਇਹ ਹਵਾਈ ਅੱਡਾ ਦੇਸ਼ ਦੇ ਤਕਰੀਬਨ 13 ਹਵਾਈ ਅੱਡਿਆਂ — ਜਿਵੇਂ ਕਿ ਦਿੱਲੀ, ਮੁੰਬਈ, ਬੈਂਗਲੁਰੂ, ਅਹਿਦਾਬਾਦ, ਸ਼੍ਰੀਨਗਰ ਪੁਣੇ ਆਦਿ ਨਾਲ ਵੀ ਜੁੜਿਆ ਹੋਇਆ ਹੈ। ਸ੍ਰੀ ਗੁਰੂ ਰਾਮ ਦਾਸ ਜੀ ਹਵਾਈ ਅੱਡਾ ਨਾ ਸਿਰਫ਼ ਯਾਤਰੀਆਂ ਲਈ, ਸਗੋਂ ਕਾਰਗੋ ਨਿਰਯਾਤ ਲਈ ਵੀ ਬਹੁਤ ਮਹੱਤਵਪੂਰਕ ਹੈ। ਪੰਜਾਬ ਦੇ ਉਦਯੋਗ ਅਤੇ ਕਿਸਾਨ ਆਪਣੇ ਵਿਦੇਸ਼ਾਂ ਵੱਲ ਜਾਣ ਵਾਲੇ ਸਾਮਾਨ ਲਈ ਇਸ ਹਵਾਈ ਅੱਡੇ ’ਤੇ ਨਿਰਭਰ ਕਰਦੇ ਹਨ। ਇੱਥੋਂ ਫਲ, ਸਬਜ਼ੀਆਂ, ਵਸਤਾਂ ਅਤੇ ਹੋਰ ਉਤਪਾਦ ਵਿਦੇਸ਼ ਨੂੰ ਭੇਜੇ ਜਾ ਰਹੇ ਹਨ।

ਉਡਾਣਾਂ ਰੱਦ ਹੋਣ ਕਾਰਨ ਹਜ਼ਾਰਾਂ ਯਾਤਰੀ ਪਰੇਸ਼ਾਨ

ਹਾਲ ਹੀ ਵਿੱਚ ਭਾਰਤ-ਪਾਕਿਸਤਾਨ ਤਣਾਅ ਦੇ ਮੱਦੇਨਜ਼ਰ 15 ਮਈ 2025 ਤੱਕ ਹਵਾਈ ਅੱਡੇ ਦੇ ਉਡਾਣਾਂ ਰੱਦ ਹੋਣ ਕਾਰਨ ਹਜ਼ਾਰਾਂ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਡਾਣਾਂ ਰੱਦ ਹੋਣ ਕਾਰਨ ਵਿਦੇਸ਼ ਜਾਂਦੇ ਜਾਂ ਆਉਂਦੇ ਨਿੱਜੀ, ਵਪਾਰਕ ਅਤੇ ਪਰਿਵਾਰਕ ਯਾਤਰਾ ਕਰ ਰਹੇ ਲੋਕ, ਵਿਦਿਆਰਥੀ ਅਤੇ ਹੋਰ ਯਾਤਰੀ ਬਹੁਤ ਪ੍ਰਭਾਵਿਤ ਹੋਏ ਹਨ। ਇਹ ਹਵਾਈ ਅੱਡਾ ਸਿਰਫ਼ ਪੰਜਾਬ ਹੀ ਨਹੀਂ, ਨਾਲ ਲੱਗਦੇ ਸੂਬੇ ਜੰਮੂ, ਹਿਮਾਚਲ, ਹਰਿਆਣਾ ਤੱਕ ਦੇ ਲੋਕਾਂ ਲਈ ਵੀ ਕੇਂਦਰੀ ਯਾਤਰਾ ਕੇਂਦਰ ਬਣ ਚੁੱਕਾ ਹੈ। ਅਸੀਂ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਹਵਾਈ ਅੱਡੇ ਦੀ ਸੁਰੱਖਿਆ ਦੀ ਸਮੀਖਿਆ ਕਰਕੇ ਇਸ ਨੂੰ ਜਲਦ ਤੋਂ ਜਲਦ ਦੁਬਾਰਾ ਚਾਲੂ ਕੀਤਾ ਜਾਵੇ, ਤਾਂ ਜੋ ਲੋਕਾਂ ਦੀ ਆਵਾਜਾਈ ਅਤੇ ਆਰਥਿਕ ਸਰਗਰਮੀ ’ਚ ਹੋ ਰਹੀ ਰੁਕਾਵਟ ਦੂਰ ਹੋ ਸਕੇ। ਤਾਜ਼ਾ ਹਾਲਾਤ ਦੇ ਮੱਦੇਨਜ਼ਰ ਅੰਮ੍ਰਿਤਸਰ ਦੇ ਜ਼ਿਲਾ ਪ੍ਰਸ਼ਾਸਨ ਨੇ ਹਵਾਈ ਅੱਡੇ ਦੀ ਸੁਰੱਖਿਆ ਨੂੰ ਲੈ ਕੇ ਅਫ਼ਵਾਹਾਂ ਤੋਂ ਦੂਰ ਰਹਿਣ ਦੀ ਤਾਕੀਦ ਕਰਦਿਆਂ ਸੰਜਮ ਦੀ ਅਪੀਲ ਕੀਤੀ ਗਈ ਹੈ ਜਿਸ ਦੇ ਚੱਲਦਿਆਂ ਹਵਾਈ ਅੱਡੇ ਦੀ ਸੁਰੱਖਿਆ ਅਤੇ ਯਾਤਰੀਆਂ ਦੀ ਹਿਫ਼ਾਜ਼ਤ ਨੂੰ ਹਮੇਸ਼ਾ ਪਹਿਲ ਦੇਣੀ ਚਾਹੀਦੀ ਹੈ।

ਹਵਾਈ ਅੱਡੇ ’ਚ ਸਥਿਤ ਹੈ ਗੁਰਦੁਆਰਾ ਸੰਤਸਰ ਸਾਹਿਬ

ਰਾਜਾਸਾਂਸੀ ਹਵਾਈ ਅੱਡੇ ਵਿਚ ਸਥਿਤ ਗੁਰਦੁਆਰਾ ਸੰਤਸਰ ਸਾਹਿਬ ਵਿਖੇ ਵੱਡੀ ਗਿਣਤੀ ਵਿਚ ਸੰਗਤ ਰੋਜ਼ਾਨਾ ਨਤਮਸਤਕ ਹੁੰਦੀ ਹੈ। ਕਾਬਲੇਗੌਰ ਹੈ ਕਿ ਬਾਬਾ ਜਵੰਦ ਸਿੰਘ ਜੀ ਨਾਲ ਸਬੰਧਿਤ ਇਸ ਅਸਥਾਨ ਉਤੇ ਵੱਡੀ ਗਿਣਤੀ ਵਿਚ ਸੰਗਤ ਦਰਸ਼ਨਾਂ ਲਈ ਪੁੱਜਦੀ ਹੈ। ਬਾਬਾ ਜਵੰਦ ਸਿੰਘ ਜੀ ਪ੍ਰਭੂ ਭਗਤੀ ਵਿਚ ਰਹਿ ਕੇ ਲੋਕਾਈ ਨੂੰ ਨਾਮ ਸਿਮਰਨ ਦਾ ਉਪਦੇਸ਼ ਦਿੱਤਾ ਸੀ। ਇਹ ਗੁਰਦੁਆਰਾ ਸਾਹਿਬ ਰੋਜ਼ਾਨਾ ਸਵੇਰੇ ਸਾਢੇ ਪੰਜ ਵਜੇ ਤੋ ਸਾਢੇ ਅੱਠ ਵਜੇ ਤੱਕ ਸੰਗਤ ਲਈ ਖੋਲਿਆ ਜਾਂਦਾ ਹੈ ਕਿਉਂਕਿ ਇਹ ਪਵਿੱਤਰ ਅਸਥਾਨ ਹਵਾਈ ਅੱਡੇ ਵਿਚ ਆਉਦਾ ਹੈ, ਇਸ ਕਰ ਕੇ ਇਥੇ ਸੰਗਤ ਦੀ ਆਮਦ ਲਈ ਬਕਾਇਦਾ ਸਮਾਂ ਨਿਸ਼ਚਿਤ ਕੀਤਾ ਗਿਆ ਹੈ। ਸੰਗਰਾਂਦ ਵਾਲੇ ਦਿਨ ਵਿਸ਼ੇਸ ਧਾਰਮਿਕ ਦੀਵਾਨ ਸਜਾਏ ਜਾਂਦੇ ਹਨ। ਇਥੇ ਰੋਜ਼ਾਨਾ ਗੁਰਬਾਣੀ ਦਾ ਪਰਵਾਹ ਚੱਲਦਾ ਹੈ।

Related Articles

Leave a Reply

Your email address will not be published. Required fields are marked *

Back to top button