
ਲੁਧਿਆਣਾ, 11 ਮਈ-ਪੰਜਾਬ ਇੱਕ ਸਰਹੱਦੀ ਸੂਬਾ ਹੋਣ ਕਰਕੇ ਮੁਗਲਾਂ ਤੋਂ ਲੈ ਕੇ ਹੁਣ ਤੱਕ ਦੇਸ਼ ਦੀ ਸੁਰੱਖਿਆ ਦੇ ਮੱਦੇਨਜ਼ਰ ਅਪਣੀ ਜਾਨ-ਮਾਲ ਦੀ ਪਰਵਾਹ ਕੀਤੇ ਹਮੇਸ਼ਾ ਅੱਗੇ ਹੋ ਕੇ ਇੱਕ ਦੀਵਾਰ ਦੀ ਤਰ੍ਹਾਂ ਢਾਲ ਬਣਕੇ ਦੁਸ਼ਮਣਾਂ ਨੂੰ ਰੋਕਣ ਵਿੱਚ ਕਾਮਯਾਬ ਹੋਇਆ ਹੈ। ਇਨ੍ਹਾਂ ਸ਼ਬਦਾਂ ਦੀ ਸਾਂਝ ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਨੇ ਡੀਐਮਸੀ ਹਸਪਤਾਲ ਵਿਖੇ ਡਰੋਨ ਹਮਲੇ ਵਿਚ ਜ਼ਖਮੀ ਹੋਏ ਲੋਕਾਂ ਦਾ ਹਾਲਚਾਲ ਪੁੱਛਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਅੱਜ ਵੀ ਇੱਕਜੁੱਟ ਹੈ, ਇਹ ਲੜਾਈ ਇਕੱਲੇ ਪੰਜਾਬ ਦੀ ਨਹੀਂ ਸਗੋਂ ਪੂਰੇ ਹਿੰਦੂਸਤਾਨ ਦੀ ਲੜਾਈ ਹੈ। ਸੁਨੀਲ ਜਾਖੜ ਨੇ ਕਿਹਾ ਕਿ ਅੱਤਵਾਦ ਖ਼ਿਲਾਫ਼ ਅਰੰਭੀ ਗਈ ਲੜਾਈ ਨੂੰ ਹਿੰਦੂਸਤਾਨ ਪੂਰੀ ਦੁਨੀਆ ਵਾਸਤੇ ਲੜ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਅੱਤਵਾਦ ਦਾ ਘਨਾਉਣਾ ਚਿਹਰਾ ਪਹਿਲਾਂ ਪੁਲਵਾਮਾ ਤੇ ਹੁਣ ਪਹਿਲਗਾਮ ਵਿੱਚ ਸਾਰੀ ਦੁਨੀਆ ਨੂੰ ਦੇਖਣ ਨੂੰ ਮਿਲਿਆ। ਉਨ੍ਹਾਂ ਕਿਹਾ ਕਿ ਇਸ ਸੰਤਾਪ ਨੂੰ ਪੰਜਾਬ ਪਿਛਲੇ ਕਈ ਦਹਾਕਿਆਂ ਤੋਂ ਅਪਣੇ ਪਿੰਡੇ ‘ਤੇ ਹੰਢਾਉਂਦਾ ਆ ਰਿਹਾ ਹੈ। ਹਜ਼ਾਰਾਂ ਜਾਨਾਂ ਇਸ ਅੱਤਵਾਦ ਦੀ ਭੇਟ ਚੜ੍ਹ ਚੁੱਕੀਆਂ ਹਨ। ਜਾਖੜ ਨੇ ਕਿਹਾ ਕਿ ਪੰਜਾਬ ਦੇ ਲੋਕ ਅੱਜ ਵੀ ਤਨਾਅ ਪੂਰਨ ਘੜੀ ਵਿੱਚ ਦੇਸ਼ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਬੀਤੇ ਕੱਲ੍ਹ ਜਦੋਂ ਸੀਜਫਾਇਰ ਰੁਕਣ ਦੀ ਗੱਲ ਲੋਕਾਂ ਸਾਹਮਣੇ ਆਈ ਤਾਂ ਅਮਨ ਸਾਂਤੀ ਦੀ ਖ਼ਬਰ ਸੁਣ ਕੇ ਹਰ ਪਾਸਿਓਂ ਇਸ ਦੀ ਸਲਾਘਾ ਕੀਤੀ ਗਈ ਅਤੇ ਖੁਸ਼ੀ ਵੀ ਮਨਾਈ ਗਈ। ਪ੍ਰਧਾਨ ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਿਹੜਾ ਬੀੜਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਿਸ਼ਾ ਨਿਰਦੇਸ਼ ਵਿੱਚ ਅੱਤਵਾਦ ਖ਼ਿਲਾਫ਼ ਚੁੱਕਿਆ ਗਿਆ ਸੀ ਉਸ ਨੂੰ ਦੇਸ਼ ਦੀ ਫੌਜ ਦੇ ਜੁਝਾਰੂ ਜ਼ਜ਼ਬੇ ਅਤੇ ਫੌਜ ਦੇ ਨੌਜਵਾਨ ਉਸ ਦਾ ਮੁੰਹ ਤੋੜ ਜਵਾਬ ਦੇਣ ਵਿੱਚ ਕਾਮਯਾਬ ਹੋਏ ਹਨ। ਜਾਖੜ ਨੇ ਡਰੋਨ ਹਮਲੇ ਵਿਚ ਜਖਮੀਆਂ ਦੀ ਜਲਦ ਤੰਦਰੁਸਤੀ ਦੀ ਗੱਲ ਕਰਦਿਆਂ ਕਿਹਾ ਕਿ ਡਾਕਟਰ ਅਤੇ ਸਰਕਾਰ ਹਰ ਕਿਸਮ ਦਾ ਉਪਰਾਲਾ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਪਾਰਟੀ ਅਤੇ ਸਰਕਾਰ ਵੱਲੋਂ ਜ਼ਖਮੀਆਂ ਅਤੇ ਉਨ੍ਹਾਂ ਦੇ ਪਰਿਵਾਰਾਕ ਮੈਂਬਰਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾ ਰਿਹਾ ਹੈ। ਜਾਖੜ ਨੇ ਕਿਹਾ ਕਿ ਹਿੰਦੂਸਤਾਨ ਹਮੇਸ਼ਾ ਅਮਨ ਸਾਂਤੀ ਚਾਹੁੰਦਾ ਜੇਕਰ ਕੋਈ ਸਾਡੇ ਨਾਲ ਪੰਗਾ ਲਵੇਗਾ ਤਾਂ ਹਿੰਦੂਸਤਾਨ ਉਸ ਨੂੰ ਸੁੱਕਾ ਨਹੀਂ ਛੱਡੇਗਾ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ, ਪੰਜਾਬ ਭਾਜਪਾ ਦੇ ਜਨਰਲ ਸਕੱਤਰ ਅਤੇ ਬੁਲਾਰੇ ਅਨਿਲ ਸਰੀਨ, ਪੰਜਾਬ ਭਾਜਪਾ ਦੇ ਖਜਾਨਚੀ ਗੁਰਦੇਵ ਸ਼ਰਮਾ ਦੇਬੀ, ਭਾਜਪਾ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਬਰਾੜ, ਨਰਿੰਦਰ ਸਿੰਘ ਮੱਲ੍ਹੀ ਵੀ ਮੌਜੂਦ ਸਨ।



