
ਸਮਾਣਾ, 8 ਮਈ- ਬੁੱਧਵਾਰ ਦੀ ਸਵੇਰ ਬੱਚਿਆਂ ਨੂੰ ਤਿਆਰ ਕਰ ਕੇ ਸਕੂਲ ਭੇਜਣ ਵਾਲੇ ਮਾਪੇ ਆਪਣੇ ਬੱਚਿਆਂ ਦੀ ਘਰ ਪਰਤਣ ਦੀ ਉਡੀਕ ਹੀ ਕਰਦੇ ਰਹਿ ਗਏ ਹਨ। ਇਨੋਵਾ ਤੇ ਟਿੱਪਰ ਦੀ ਟੱਕਰ ਤੋਂ ਬਾਅਦ ਜ਼ਖ਼ਮੀ ਬੱਚਿਆਂ ਨੂੰ ਸਮਾਣਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਜਿਸ ਤੋਂ ਬਾਅਦ ਹਸਪਤਾਲ ਵਿਚ ਪਰਿਵਾਰਕ ਮੈਂਬਰਾਂ ਪੁੱਜਣ ਲੱਗੇ ਤੇ ਬੱਚਿਆਂ ਦੀ ਮੌਤ ਤੋਂ ਬਾਅਦ ਮਾਹੌਲ ਗਮਗੀਨ ਹੋ ਗਿਆ। ਸ਼ਹਿਰ ਵਿਚ ਸੋਗ ਦੀ ਲਹਿਰ ਫੈਲ ਗਈ ਤੇ ਵੀਰਵਾਰ ਨੂੰ ਸਮਾਣਾ ਸ਼ਹਿਰ ਬੰਦ ਦਾ ਐਲਾਨ ਕੀਤਾ ਗਿਆ ਹੈ। ਸਮਾਣਾ-ਪਟਿਆਲਾ ਰੋਡ ਤੇ ਵਾਪਰੇ ਭਿਆਨਕ ਹਾਦਸੇ ਵਿਚ 5 ਬੱਚਿਆਂ ਸਮੇਤ ਡਰਾਈਵਰ ਦੀ ਮੌਤ ਹੋਈ ਹੈ। ਪੁਲਿਸ ਤੇ ਹਸਪਤਾਲ ਤੋਂ ਪ੍ਰਾਪਤ ਸੂਚਨਾ ਮੁਤਾਬਕ ਇਨੋਵਾ ਵਿਚ 13 ਬੱਚਿਆਂ ਸਮੇਤ 14 ਜਣੇ ਸਵਾਰ ਸਨ। ਇਸ ਹਾਦਸੇ ਵਿੱਚ 4 ਬੱਚਿਆਂ ਪਰਵ ਸਚਦੇਵਾ (12) ਪੁੱਤਰ ਰਾਜੀਵ ਸਚਦੇਵਾ, ਦੀਵਾਂਸ਼ੀ (11) ਪੁੱਤਰੀ ਕਰਮ ਸਚਦੇਵਾ, ਅਰਾਧਿਆ (10) ਪੁੱਤਰੀ ਸਚਿਨ ਲੂੰਬਾ, ਵਰਗਿਆਨ (8) ਪੁੱਤਰ ਕਰਮ ਸਚਦੇਵਾ ਅਤੇ ਕਾਰ ਚਾਲਕ ਬਲਵਿੰਦਰ ਸਿੰਘ (35) ਪੁੱਤਰ ਛੋਟਾ ਸਿੰਘ ਫਤਹਿਪੁਰ ਦੀ ਮੌਕੇ ਤੇ ਮੌਤ ਹੋ ਗਈ ਹੈ। ਜਦਕਿ ਇੱਕ ਬੱਚੀ ਸਹਿਜਲ ਬਾਂਸਲ ਪੁੱਤਰੀ ਮੋਹਿਤ ਬਾਂਸਲ ਦੀ ਰਜਿੰਦਰਾ ਹਸਪਤਾਲ ਇਲਾਜ ਦੌਰਾਨ ਮੌਤ ਹੋ ਗਈ ਸੀ। ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਦਾਖਲ 2 ਬੱਚੇ ਯਕਸ਼ਿਤ ਪੁੱਤਰ ਸੁਨੀਲ ਅਤੇ ਕ੍ਰਿਸ਼ਨਾ ਬਾਂਸਲ ਪੁੱਤਰ ਵਰੁਣ ਬਾਂਸਲ ਦੇ ਸਿਰ ਚ ਸੱਟਾਂ ਲੱਗਣ ਕਰ ਕੇ ਗੰਭੀਰ ਹਨ ਤੇ ਇੱਕ ਬੱਚੀ ਅਨੰਨਿਆ ਪੁੱਤਰੀ ਅਮਿਤ ਧੀਮਾਨ ਦੀ ਹਾਲਤ ਠੀਕ ਹੈ। ਇਸ ਤੋਂ ਬਿਨ੍ਹਾਂ ਅਮਰ ਹਸਪਤਾਲ ਵਿੱਚ ਦਾਖਲ 4 ਬੱਚਿਆਂ ਵਿੱਚ ਤਨਵੀ ਬਾਂਸਲ, ਅਨਿਕਾ, ਅਸੁਮਾਨ ਬਾਂਸਲ ਤੇ ਸਿਫ਼ਤ ਸ਼ਾਮਲ ਹਨ। ਮਨੀਪਾਲ ਹਸਪਤਾਲ ਵਿਚ ਦਾਖਲ ਬੱਚੀ ਨਕਸ਼ਿਕਾ ਪੁੱਤਰੀ ਗੌਰਵ ਸਿੰਗਲਾ ਦੀ ਹਾਲਤ ਠੀਕ ਹੈ। ਪਟਿਆਲਾ ਦੇ ਇੱਕ ਨਿੱਜੀ ਸਕੂਲ ਚ ਪੜ੍ਹਦੇ ਸਮਾਣਾ ਸ਼ਹਿਰ ਦੇ ਬੱਚੇ ਇਨੋਵਾ ਕਾਰ ਵਿਚ ਸਵਾਰ ਹੋਏ ਤਾਂ ਉਨ੍ਹਾਂ ਨੂੰ ਆਪੋ ਆਪਣੇ ਘਰ ਤੱਕ ਅੱਪੜਣ ਲਈ ਮਸਾਂ ਅੱਧਾ ਘੰਟਾ ਲੱਗਣਾ ਸੀ। ਪਰ ਭਿਆਨਕ ਹਾਦਸੇ ਵਿਚ 10 ਤੋਂ 11 ਸਾਲਾ ਦੇ ਇਹ ਮਾਸੂਮ ਮੌਤ ਦੇ ਮੂੰਹ ਵਿਚ ਚਲੇ ਗਏ। ਘਟਨਾ ਸਥਾਨ ਤੇ ਮੌਜੂਦ ਰਾਹਗੀਰਾਂ ਅਨੁਸਾਰ ਕਾਰ ਚਾਲਕ ਨੂੰ ਜੇਸੀਬੀ ਮਸ਼ੀਨ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਘਟਨਾ ਦਾ ਪਤਾ ਲੱਗਦਿਆਂ ਹੀ ਮਾਪੇ ਸਿਵਲ ਹਸਪਤਾਲ ਸਮਾਣਾ ਵਿਖੇ ਪਹੁੰਚਣੇ ਸ਼ੁਰੂ ਹੋ ਗਏ ਜਿਥੇ ਉਨ੍ਹਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਇਸ ਹਾਦਸੇ ਕਾਰਨ ਸ਼ਹਿਰ ਵਿਚ ਸੋਗ ਦੀ ਲਹਿਰ ਫੈਲ ਗਈ। ਜ਼ਿਕਰਯੋਗ ਹੈ ਕਿ ਇਸ ਸੜਕ ਤੇ ਥੋੜੇ ਸਮੇਂ ਵਿਚ ਟਿੱਪਰਾਂ ਦੀ ਵਧੀ ਤਾਦਾਦ ਆਏ ਦਿਨ ਤੇਜ਼ ਰਫ਼ਤਾਰ ਟਿੱਪਰਾਂ ਕਾਰਨ ਵਾਪਰ ਰਹੇ ਹਾਦਸਿਆਂ ਚ ਜਾ ਰਹੀਆਂ ਕੀਮਤੀ ਜਾਨਾਂ ਲਈ ਆਖ਼ਿਰ ਕੌਣ ਜ਼ਿੰਮੇਵਾਰ ਹੈ ਇਹ ਵੱਡਾ ਸਵਾਲ ਹੈ ਪਰ ਇਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਨਕੇਲ ਪੈਦੀ ਨਜਰ ਨਹੀ ਆ ਰਹੀ।



