Punjab

ਕਾਂਗਰਸ ਅਕਾਲੀ ਦਲ ਦੇ ਸੰਭਾਵੀ ਗਠਜੋੜ ਲਈ ਸਕ੍ਰਿਪਟ ਲਿੱਖੀ ਜਾ ਰਹੀ ਹੈ : ਪੀਰ ਮੁਹੰਮਦ

ਜਸਵਿੰਦਰ ਸਿੰਘ ਸੰਧੂ
ਫ਼ਿਰੋਜ਼ਪੁਰ, 5 ਮਈ-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਗਾਂਧੀ ਪਰਿਵਾਰ ਦੇ ਵਾਰਿਸ ਰਾਹੁਲ ਗਾਂਧੀ ਦਾ ਅਮਰੀਕਾ ਦੀ ਧਰਤੀ ’ਤੇ ਸਿੱਖ ਕੌਮ ਪ੍ਰਤੀ ਦਿੱਤਾ ਬਿਆਨ ਕਿ 1980 ਦੇ ਦਹਾਕੇ ਵਿੱਚ ਜੋ ਹੋਇਆ ਉਹ ਗ਼ਲਤ ਸੀ। ਜੇਕਰ ਰਾਹੁਲ ਗਾਂਧੀ ਇਹ ਗ਼ਲਤੀ ਖੁੱਲਵੇ ਮਨ ਨਾਲ ਮੰਨਦੇ ਹਨ ਤਾਂ ਉਹ ਬਿਨਾ ਕਿਸੇ ਦੇਰੀ ਦੇ ਸਿੱਖਾਂ ਦੇ ਕਾਤਲਾਂ ਨੂੰ ਆਪਣੀ ਪਾਰਟੀ ’ਚੋਂ ਬਾਹਰ ਕੱਢਣ। ਅਸਲ ਵਿੱਚ ਇਹ ਬਿਆਨ ਵੀ ਸ਼੍ਰੋਮਣੀ ਅਕਾਲੀ ਦਲ ਦਾ ਆਉਣ ਵਾਲੇ ਵਕਤ ’ਚ ਕਾਂਗਰਸ ਨਾਲ ਗਠਜੋੜ ਦੀਆਂ ਸੰਭਾਵਨਾਵਾਂ ਦੀ ਕੜੀ ਵਜੋ ਲਿਖੀ ਜਾ ਰਹੀ ਸਕ੍ਰਿਪਟ ਦਾ ਹੀ ਹਿੱਸਾ ਹੈ। ਇਹ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜਰਨਲ ਸਕੱਤਰ ਅਤੇ ਬੁਲਾਰੇ ਕਰਨੈਲ ਸਿੰਘ ਪੀਰਮੁਹੰਮਦ ਸਰਪ੍ਰਸਤ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਮੁੜ ਦੁਹਰਾਇਆ ਕਿ ਜਿਸ ਦਿਨ ਉਨ੍ਹਾਂ ਨੇ ਅਸਤੀਫਾ ਦਿੱਤਾ ਸੀ ਤਾਂ ਉਸ ਵਕਤ ਸੰਭਾਵੀ ਅਕਾਲੀ, ਕਾਂਗਰਸ ਗਠਜੋੜ ਬਾਰੇ ਲਿਖੀ ਜਾ ਚੁੱਕੀ ਸਕ੍ਰਿਪਟ ਦਾ ਵੇਰਵਾ ਪ੍ਰੈਸ ਨਾਲ ਸਾਂਝਾ ਕੀਤਾ ਸੀ। ਜੇ ਮੇਰੇ ਸ਼ੰਕੇ ਗ਼ਲਤ ਹਨ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਐਲਾਨ ਕਰੇ ਕਿ ਭਵਿੱਖ ’ਚ ਉਸਦਾ ਕਾਂਗਰਸ ਤੇ ਭਾਜਪਾ ਨਾਲ ਗਠਜੋੜ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਅਤੇ ਸੁਖਬੀਰ ਸਿੰਘ ਬਾਦਲ ਦੀਆਂ ਮੋਹਾਲੀ ਏਅਰਪੋਰਟ ਤੋਂ ਇਕੱਠੀਆਂ ਤਸਵੀਰਾਂ ਸਾਝੀਆਂ ਕਰਵਾਉਣਾ ਕੋਈ ਅਚਨਚੇਤ ਵਾਪਰੀ ਘਟਨਾ ਨਹੀਂ ਸੀ, ਬਲਕਿ ਭਵਿੱਖ ਦੇ ਸਿਆਸੀ ਗਠਜੋੜ ਵਾਸਤੇ ਇੱਕ ਵੱਡਾ ਸੁਨੇਹਾ ਸੀ। ਇਹ ਸਭ ਕੁਝ ਇਤਫਾਕਨ ਨਹੀਂ ਸੀ। ਇਸ ਪਿੱਛੇ ਤਿਆਰ ਕੀਤੀ ਜਾ ਚੁੱਕੀ ਸਕ੍ਰਿਪਟ ਹੇਠ ਹੀ ਅਗਲਾ ਕਦਮ ਸੀ। ਇਸੇ ਲਿਖੀ ਸਕ੍ਰਿਪਟ ਹੇਠ ਹੀ ਬਲਵਿੰਦਰ ਸਿੰਘ ਭੂੰਦੜ ਵੱਲੋ ਪਾਰਲੀਮੈਂਟ ਚੋਣਾਂ ਤੋਂ ਪਹਿਲਾਂ ਇਹ ਕਹਿਣਾ ਕਿ ਕਾਂਗਰਸ ਹੁਣ ਪਹਿਲਾਂ ਵਾਲੀ ਨਹੀਂ ਰਹੀ ਤੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਵੱਲੋ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਮਜ਼ਬੂਤ ਬਣੇ ਰਹਿਣ ਦਾ ਤਵੱਕਲ ਕਰਨ ਵਰਗੇ ਬਿਆਨ ਸ਼ਾਮਲ ਹਨ। ਪੀਰ ਮੁਹੰਮਦ ਨੇ ਕਿਹਾ ਕਿ ਕਾਂਗਰਸ ਨਾਲ ਅਕਾਲੀ ਦਲ ਦਾ ਗਠਜੋੜ ਹੇਠ ਲਿਖੀ ਜਾ ਰਹੀ ਸਕ੍ਰਿਪਟ ਦੀ ਅਗਲੀ ਰਣਨੀਤੀ ਡੇਰਾ ਸਿਰਸਾ ਦੇ ਮੁਖੀ ਨੂੰ ਦਿਵਾਈ ਮੁਆਫੀ ਵਾਂਗ ਹੁਣ ਗਾਂਧੀ ਪਰਿਵਾਰ ਨੂੰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਖਿਮਾ ਜਾਚਨਾ ਲਈ ਪੇਸ਼ ਹੋਣ ਵਾਲਾ ਪੈਂਤੜਾ ਹੋਵੇਗਾ। ਉਨ੍ਹਾਂ ਕਿਹਾ ਕਿ 6 ਜੂਨ 1984 ਅਤੇ ਨਵੰਬਰ 1984 ਦਾ ਭਿਆਨਕ ਹਮਲਾ ਸਿੱਖ ਨਸਲਕੁਸ਼ੀ ਕਰਨ ਲਈ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਨੇ ਯੋਜਨਾਬੱਧ ਢੰਗ ਨਾਲ ਕੀਤਾ ਸੀ। ਉਸ ਹਮਲੇ ਦੇ ਬਹੁਤੇ ਖਲਨਾਇਕ ਜਗਦੀਸ਼ ਟਾਈਟਲਰ, ਸੱਜਣ ਕੁਮਾਰ, ਕਮਲ ਨਾਥ ਅੱਜ ਵੀ ਕਾਂਗਰਸ ਪਾਰਟੀ ਵਿੱਚ ਮੌਜ਼ੂਦ ਹਨ। ਜਿੰਨਾਂ ਦੀ ਕਾਂਗਰਸ ਨੇ ਹਮੇਸ਼ਾ ਪੁਸ਼ਤਪਨਾਹੀ ਕੀਤੀ ਹੈ। ਪੰਜਾਬੀ ਅਤੇ ਪੰਥਕ ਖਿੱਤੇ ਵਿੱਚ ਕੱਖੋ ਹੌਲੀ ਹੋਈ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਇਸ ਵਕਤ ਸੱਤਾ ਦੀ ਹਵਸ ਵਿੱਚ ਇਸ ਨਾਪਾਕ ਗਠਜੋੜ ਨੂੰ ਜਲਦੀ ਤੋਂ ਜਲਦੀ ਪੰਜਾਬ ਵਿੱਚ ਲਾਗੂ ਕਰਨ ਲਈ ਉਤਾਵਲੀ ਹੋਈ ਬੈਠੀ ਹੈ, ਜਿਸ ਤਹਿਤ ਰਾਹੁਲ ਗਾਂਧੀ ਦੇ ਬਿਆਨ ’ਤੇ ਕੋਈ ਅਤਿ ਕਥਨੀ ਪ੍ਰਗਟ ਕਰਨ ਦੀ ਬਜਾਏ ਅਗਾਮੀ ਤਰਾਸ਼ੀਆਂ ਜਾ ਰਹੀਆਂ ਸੰਭਵਾਨਾਵਾਂ ਜ਼ਿਆਦਾ ਧਿਆਨ ਮੰਗਦੀਆਂ ਹਨ।

Related Articles

Leave a Reply

Your email address will not be published. Required fields are marked *

Back to top button