Punjab

ਮਾਨ ਸਾਹਿਬ…ਤੁਸੀਂ ਪਿਤਾ ਬਣ ਗਏ, ਹੁਣ ਤਾਂ ਧੀ ਦੇ ਘਰ ਦਾ ਪਾਣੀ ਪੀਤਾ ਜਾ ਸਕਦੈ

ਪਾਣੀ ਨੂੰ ਲੈ ਕੇ ਵਧ ਰਹੀਆਂ ਸੈਣੀ ਤੇ ਮਾਨ ਦੀਆਂ ਤਲਖੀਆਂ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 4 ਮਈ : ਹਰਿਆਣਾ ਅਤੇ ਪੰਜਾਬ ਦੇ ਵਿਚਕਾਰ ਪਾਣੀ ਦੇ ਵਿਵਾਦ ਵਿਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਨਾਇਬ ਸਿੰਘ ਸੈਣੀ ਇਕ-ਦੂਜੇ ‘ਤੇ ਜ਼ਬਰਦਸਤ ਤਰੀਕੇ ਨਾਲ ਹਮਲਾਵਰ ਹਨ। ਦੋਵੇਂ ਮੁੱਖ ਮੰਤਰੀਆਂ ਦੇ ਵਿਚਕਾਰ ਤਕਰਾਰਾਂ ਇਸ ਕਦਰ ਵਧ ਗਈਆਂ ਕਿ ਇਕ ਪ੍ਰੋਗਰਾਮ ਵਿਚ ਹੋਣ ਦੇ ਬਾਵਜੂਦ ਨਾਇਬ ਸੈਣੀ ਅਤੇ ਭਗਵੰਤ ਮਾਨ ਨੇ ਹੱਥ ਨਹੀਂ ਮਿਲਾਇਆ। ਨਸ਼ਾਮੁਕਤ ਚੰਡੀਗੜ੍ਹ ਮੁਹਿੰਮ ਦੌਰਾਨ ਨਾਇਬ ਸੈਣੀ ਅਤੇ ਭਗਵੰਤ ਮਾਨ ਦੋਵੇਂ ਰਾਜਪਾਲਾਂ ਦੇ ਨਾਲ ਪੈਦਲ ਯਾਤਰਾ ਪ੍ਰੋਗਰਾਮ ਵਿਚ ਸ਼ਾਮਲ ਹੋਏ ਪਰ ਉਨ੍ਹਾਂ ਦੇ ਵਿਚਕਾਰ ਕੋਈ ਗੱਲਬਾਤ ਨਹੀਂ ਹੋਈ। ਦੋਵੇਂ ਰਾਜਾਂ ਦੇ ਮੁੱਖ ਮੰਤਰੀ ਆਪਣੇ-ਆਪਣੇ ਮੰਚ ‘ਤੇ ਇਕ ਦੂਜੇ ਦੀਆਂ ਕਮੀਆਂ ਕੱਢ ਰਹੇ ਹਨ ਅਤੇ ਪਾਣੀ ਨਾ ਮਿਲਣ ਲਈ ਇਕ-ਦੂਜੇ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਮੁੱਖ ਮੰਤਰੀ ਨਾਇਬ ਸੈਣੀ ਅਤੇ ਭਗਵੰਤ ਮਾਨ ਦੇ ਵਿਚਕਾਰ ਤਣਾਅ ਵਧਣ ਦਾ ਹਾਲ ਇਹ ਹੈ ਕਿ ਹਾਸੇ-ਠੱਠੇ ਵਿਚ ਕਹੀਆਂ ਗਈਆਂ ਗੱਲਾਂ ਇੰਟਰਨੈੱਟ ਮੀਡੀਆ ‘ਤੇ ਵੱਡਾ ਮੁੱਦਾ ਬਣ ਰਹੀਆਂ ਹਨ। ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐੱਮਬੀ) ਦੇ ਫ਼ੈਸਲੇ ਦੇ ਬਾਵਜੂਦ ਹਰਿਆਣਾ ਨੂੰ ਪੀਣ ਦਾ ਪਾਣੀ ਨਾ ਮਿਲਣ ‘ਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਹਲਕੇ-ਫੁਲਕੇ ਅੰਦਾਜ਼ ਵਿਚ ਕਿਹਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਡੇ ਰਿਸ਼ਤੇਦਾਰ ਹਨ। ਉਨ੍ਹਾਂ ਦੀ ਪਤਨੀ ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਦੇ ਪਿਹੋਵਾ ਖੇਤਰ ਦੀ ਰਹਿਣ ਵਾਲੀ ਹੈ। ਇਸ ਲਈ ਉਨ੍ਹਾਂ ਨੂੰ ਰਿਸ਼ਤੇਦਾਰੀ ਦੇ ਨਾਤੇ ਹੀ ਹਰਿਆਣਾ ਨੂੰ ਪਾਣੀ ਦੇ ਦੇਣਾ ਚਾਹੀਦਾ ਹੈ।ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਾਇਬ ਸੈਣੀ ਦੀ ਇਸ ਬੇਨਤੀ ਦਾ ਇਹ ਕਹਿੰਦੇ ਹੋਏ ਜਵਾਬ ਦਿੱਤਾ ਕਿ ਹਰਿਆਣਾ ਤਾਂ ਰਿਸ਼ਤੇਦਾਰੀਆਂ ਅਤੇ ਸਮਾਜਿਕ ਸੰਸਕਾਰ ਨਿਭਾਉਣ ਵਾਲਾ ਰਾਜ ਹੈ। ਨਾਇਬ ਸੈਣੀ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਧੀ ਦੇ ਘਰ ਦਾ ਪਾਣੀ ਤੱਕ ਨਹੀਂ ਪੀਤਾ ਜਾਂਦਾ…ਅਤੇ ਇਹ ਲੋਕ ਸਾਡੇ ਕੋਲੋਂ ਸਿੱਧੇ ਨਹਿਰ ਮੰਗ ਰਹੇ ਹਨ। ਨਾਇਬ ਸੈਣੀ ਅਤੇ ਭਗਵੰਤ ਮਾਨ ਦੀਆਂ ਇਹ ਟਿੱਪਣੀਆਂ ਇੰਟਰਨੈੱਟ ਮੀਡੀਆ ‘ਤੇ ਜ਼ਬਰਦਸਤ ਵਾਇਰਲ ਹੋਈਆਂ। ਇਸ ਜਲ ਸੰਵਾਦ ਨੂੰ ਅੱਗੇ ਵਧਾਉਂਦੇ ਹੋਏ ਮੁੱਖ ਮੰਤਰੀ ਨਾਇਬ ਸੈਣੀ ਨੇ ਸ਼ਨਿਚਰਵਾਰ ਨੂੰ ਸਰਬਦਲੀ ਬੈਠਕ ਦੇ ਬਾਅਦ ਭਗਵੰਤ ਮਾਨ ਨੂੰ ਧੀ ਦੇ ਘਰ ਦਾ ਪਾਣੀ ਤੱਕ ਨਹੀਂ ਪੀਣ ਦੀ ਸਲਾਹ ‘ਤੇ ਜਵਾਬ ਦਿੱਤਾ। ਨਾਇਬ ਸੈਣੀ ਨੇ ਕਿਹਾ ਕਿ ਮਾਨ ਸਾਹਿਬ ਨੂੰ ਸ਼ਾਇਦ ਜ਼ਿਆਦਾ ਜਾਣਕਾਰੀ ਨਹੀਂ ਹੈ। ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਸਹੁਰੇ ਘਰ ਵਿਚ ਧੀ ਨੂੰ ਬੱਚਾ ਹੋ ਜਾਂਦਾ ਹੈ ਤਾਂ ਉਨ੍ਹਾਂ ਦੇ ਘਰ ਦਾ ਪਾਣੀ ਪੀਤਾ ਜਾ ਸਕਦਾ ਹੈ। ਭਗਵੰਤ ਮਾਨ ਤਾਂ ਹੁਣ ਪਿਤਾ ਬਣ ਚੁੱਕੇ ਹਨ। ਇਸ ਲਈ ਉਨ੍ਹਾਂ ਨੂੰ ਹਰਿਆਣਾ ਨੂੰ ਪਾਣੀ ਦੇਣ ਵਿਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ। ਭਗਵੰਤ ਮਾਨ ਵੀ ਕਿੱਥੇ ਰੁਕਣ ਵਾਲੇ ਸਨ। ਉਨ੍ਹਾਂ ਨੇ ਜਵਾਬ ਦਿੱਤਾ ਕਿ ਪਾਣੀ ਲਈ ਤਾਂ ਪੰਜਾਬ ਵਿਚ ਕਤਲ ਹੋ ਜਾਂਦੇ ਹਨ…ਅਜਿਹੇ ਵਿਚ ਆਪਣਾ ਪਾਣੀ ਕਿਵੇਂ ਬਾਹਰ ਦੇ ਦਈਏ। ਪੰਜਾਬ ਵਿਚ ਤਾਂ ਲੋਕ ਖੇਤ ਵਿਚ ਕੱਸੀ ਦੇ ਨਾਲ ਗੰਡਾਸਾ ਲੈ ਕੇ ਜਾਂਦੇ ਹਨ। ਉਹ ਸਾਨੂੰ ਕਹਿ ਰਹੇ ਹਨ ਕਿ ਲੋਧੀ ਨੰਗਲ ਵਾਲੇ ਪਾਣੀ ਦੇ ਗੇਟ ਖੋਲ੍ਹ ਦਿਓ….ਤਾਂ ਅਸੀਂ ਵੀ ਕਿਹਾ ਕਿ ਆ ਜਾਓ ਫਿਰ….ਖੋਲ੍ਹ ਲਈਏ ਗੇਟ।ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਦੇ ਸੀਐੱਮ ਦੇ ਇਸ ਬਿਆਨ ਨੂੰ ਹਿੰਸਾ ਲਈ ਉਕਸਾਉਣ ਵਾਲਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੇ ਅਜਿਹੇ ਬਿਆਨ ਸੰਘੀ ਢਾਂਚੇ ‘ਤੇ ਸੱਟ ਹਨ। ਸਾਡਾ ਪੂਰਾ ਭਰੋਸਾ ਸ਼ਾਂਤੀ ਅਤੇ ਖੁਸ਼ਹਾਲੀ ਵਿਚ ਹੈ। ਸ਼ਾਂਤੀ ਅਤੇ ਖੁਸ਼ਹਾਲੀ ਵਿਚ ਖਲਲ ਪਾਉਣ ਦੀ ਮਨਸ਼ਾ ਰੱਖਣ ਵਾਲੇ ਸਵਾਰਥੀ ਤੱਤਾਂ ਦੇ ਭੜਕਾਊ ਪ੍ਰਚਾਰ ਤੋਂ ਬਚਣ ਲਈ ਅਸੀਂ ਜੋ ਸੰਭਵ ਹੋਵੇਗਾ, ਕਰਾਂਗੇ।

Related Articles

Leave a Reply

Your email address will not be published. Required fields are marked *

Back to top button