Punjab

‘ਜੱਟ ਗੰਨਾ ਨਹੀਂ ਦੇਂਦਾ ਭੇਲੀ ਦੇ ਦਿੰਦਾ’: ਭਗਵੰਤ ਮਾਨ ਸਰਬ-ਪਾਰਟੀ ਮੀਟਿੰਗ ਤੋਂ ਬਾਅਦ ਬੋਲੇ 

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 2 ਮਈ 2025-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੀਆਂ ਪਾਰਟੀਆਂ ਦੇ ਆਗੂਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਪਾਣੀ ਦੇ ਮੁੱਦੇ ‘ਤੇ ਸਪੱਸ਼ਟਤਾ ਦਿੰਦੇ ਹੋਏ ਕਿਹਾ ਕਿ “ਜੱਟ ਗੰਨਾ ਨਹੀਂ ਦੇਂਦਾ, ਭੇਲੀ ਦੇ ਦਿੰਦਾ”। ਪੰਜਾਬ ਨੇ ਹਮੇਸ਼ਾ ਹਰਿਆਣਾ ਨੂੰ ਪਾਣੀ ਦਿੱਤਾ ਹੈ, ਪਰ ਹੁਣ ਪੰਜਾਬ ਆਪਣੇ ਪਾਣੀ ਦੇ ਹੱਕਾਂ ਲਈ ਖੜ੍ਹਾ ਹੈ। ਸੀਐਮ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦਾ ਪਾਣੀ ਪੰਜਾਬ ਦੀ “ਲਾਈਫ ਲਾਈਨ” ਹੈ, ਅਤੇ ਇਸ ਨੂੰ ਕਿਸੇ ਹੋਰ ਰਾਜ ਨੂੰ ਦੇਣਾ ਪੰਜਾਬ ਦੇ ਲੋਕਾਂ ਨਾਲ ਨਾਇੰਸਾਫੀ ਹੋਵੇਗੀ। ਪੰਜਾਬ ਖੁਦ ਪਾਣੀ ਦੀ ਕਮੀ ਦਾ ਸਾਹਮਣਾ ਕਰ ਰਿਹਾ ਹੈ, ਅਤੇ ਹਰਿਆਣਾ ਨੂੰ ਹੋਰ ਪਾਣੀ ਦੇਣਾ ਸੰਭਵ ਨਹੀਂ। ਮਾਨ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਇਸ ਮੁੱਦੇ ‘ਤੇ ਇਕੱਠੀਆਂ ਹਨ ਅਤੇ ਹਰਿਆਣਾ ਨੂੰ ਵਾਧੂ ਪਾਣੀ ਦੇਣ ਦਾ ਵਿਰੋਧ ਕਰਦੀਆਂ ਹਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਸਾਰੀਆਂ ਪਾਰਟੀਆਂ (ਸਰਕਾਰ ਅਤੇ ਵਿਰੋਧੀ ਦੋਵੇਂ) ਨੇ ਹਰਿਆਣਾ ਨੂੰ ਵਾਧੂ ਪਾਣੀ ਦੇਣ ਦੀ ਮੰਗ ਨੂੰ ਠੁਕਰਾ ਦਿੱਤਾ ਹੈ। ਇਹ ਮਸਲਾ ਹੁਣ ਪੰਜਾਬ ਦੀ ਸਵੈਮਾਨਤਾ ਅਤੇ ਹੱਕਾਂ ਨਾਲ ਜੁੜ ਗਿਆ ਹੈ, ਜਿਸ ‘ਤੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਪੰਜਾਬ ਸਰਕਾਰ ਕਾਨੂੰਨੀ ਅਤੇ ਤਕਨੀਕੀ ਪੱਧਰ ‘ਤੇ ਹਰਿਆਣਾ ਦੀਆਂ ਮੰਗਾਂ ਦਾ ਵਿਰੋਧ ਕਰੇਗੀ। ਜੇਕਰ ਕੇਂਦਰ ਸਰਕਾਰ ਦਖ਼ਲ ਦੇਵੇਗੀ, ਤਾਂ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਇੱਕਠੀਆਂ ਹੋ ਕੇ ਲੜਨ ਲਈ ਤਿਆਰ ਹਨ। ਪੰਜਾਬ ਹੁਣ ਹਰਿਆਣਾ ਨੂੰ ਹੋਰ ਪਾਣੀ ਨਹੀਂ ਦੇਵੇਗਾ, ਕਿਉਂਕਿ ਇਹ ਪੰਜਾਬ ਦੇ ਭਵਿੱਖ ਲਈ ਖ਼ਤਰਨਾਕ ਹੋ ਸਕਦਾ ਹੈ।

Related Articles

Leave a Reply

Your email address will not be published. Required fields are marked *

Back to top button