ਬੇਕਾਬੂ ਕਾਰ ਲਾਹੌਰ ਬ੍ਰਾਂਚ ਨਹਿਰ ’ਚ ਡਿੱਗੀ, ਟ੍ਰੈਕਟਰ ਨਾਲ ਟਕਰਾਉਣ ਤੋਂ ਬਾਅਦ ਟਾਇਰ ਫਟਣ ਕਾਰਨ ਹੋਇਆ ਹਾਦਸਾ; ਢਾਈ ਸਾਲਾ ਬੱਚੀ ਦੀ ਮੌਤ

ਅੰਮ੍ਰਿਤਸਰ, 28 ਅਪਰੈਲ-ਕੁਝ ਦਿਨ ਪਹਿਲਾਂ ਲੋਪੋਕੇ ਪੁਲਿਸ ਥਾਣੇ ਅਧੀਨ ਆਉਂਦੇ ਗੁਰਦੁਆਰਾ ਬਾਬਾ ਸਾਧੂ ਸਿੰਘ ਦੇ ਨੇੜੇ ਇਕ ਤੇਜ਼ ਰਫ਼ਤਾਰ ਟਰੈਕਟਰ ਨਾਲ ਟਕਰਾਉਣ ਤੋਂ ਬਾਅਦ ਇਕ ਇਨੋਵਾ ਲਾਹੌਰ ਬ੍ਰਾਂਚ ਨਹਿਰ ‘ਚ ਡਿੱਗ ਗਈ। ਨਹਿਰ ‘ਚ ਪਾਣੀ ਜ਼ਿਆਦਾ ਹੋਣ ਕਾਰਨ ਇਨੋਵਾ ਛੱਤ ਤਕ ਡੁੱਬਣ ਲੱਗੀ। ਕਾਰ ਸਵਾਰ ਹਰਪ੍ਰੀਤ ਸਿੰਘ ਨੇ ਕਿਸੇ ਤਰ੍ਹਾਂ ਕਾਰ ਦਾ ਸ਼ੀਸ਼ਾ ਤੋੜ ਦਿੱਤਾ ਤੇ ਆਪਣੀ ਪਤਨੀ ਰਜਨੀ, ਬੱਚਿਆਂ ਹਰਮਨਪ੍ਰੀਤ ਕੌਰ, ਯੁਵਰਾਜ ਸਿੰਘ ਅਤੇ ਢਾਈ ਸਾਲ ਦੀ ਧੀ ਸੁਖਮਨਪ੍ਰੀਤ ਕੌਰ ਨੂੰ ਬਾਹਰ ਕੱਢ ਲਿਆ। ਹਸਪਤਾਲ ਲਿਜਾਂਦੇ ਸਮੇਂ ਸੁਖਮਨਪ੍ਰੀਤ ਕੌਰ ਦੀ ਮੌਤ ਹੋ ਗਈ। ਜਾਂਚ ਤੋਂ ਬਾਅਦ ਲੋਪੋਕੇ ਪੁਲਿਸ ਥਾਣੇ ਦੀ ਪੁਲਿਸ ਨੇ ਪਿੰਡ ਬਰਾੜ ਦੇ ਰਹਿਣ ਵਾਲੇ ਸਾਹਿਬ ਸਿੰਘ ਉਰਫ਼ ਟੈਨੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਬਟਾਲਾ ਦੇ ਪਿੰਡ ਰੰਗੜ ਨੰਗਲ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਪੇਸ਼ੇ ਤੋਂ ਟੈਕਸੀ ਡਰਾਈਵਰ ਹੈ। 15 ਅਪ੍ਰੈਲ ਨੂੰ ਉਹ ਆਪਣੇ ਪਰਿਵਾਰ ਨਾਲ ਆਪਣੀ ਇਨੋਵਾ ਵਿਚ ਆਪਣੀ ਭੈਣ ਮਹਿਕਪ੍ਰੀਤ ਕੌਰ ਨੂੰ ਮਿਲਣ ਲਈ ਚਵਿੰਡਾ ਕਲਾ ਪਹੁੰਚਿਆ ਸੀ। ਸ਼ਾਮ ਸੱਤ ਵਜੇ ਉਹ ਆਪਣੀ ਇਨੋਵਾ ਗੱਡੀ ਵਿਚ ਘਰ ਵੱਲ ਜਾ ਰਿਹਾ ਸੀ। ਰਸਤੇ ਵਿਚ ਉਹ ਗੁਰਦੁਆਰਾ ਬਾਬਾ ਸਾਧੂ ਸਿੰਘ ਦੇ ਨੇੜੇ ਲੋਪੋਕੇ ਨਹਿਰ ਕੋਲੋਂ ਲੰਘ ਰਿਹਾ ਸੀ। ਇਸ ਦੌਰਾਨ ਇਕ ਤੇਜ਼ ਰਫ਼ਤਾਰ ਟਰੈਕਟਰ ਨੇ ਉਸ ਦੀ ਇਨੋਵਾ ਗੱਡੀ ਨੂੰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਇਨੋਵਾ ਦਾ ਟਾਇਰ ਫਟ ਗਿਆ ਅਤੇ ਰਿਮ ਵੀ ਟੁੱਟ ਗਿਆ। ਇਨੋਵਾ ਬੇਕਾਬੂ ਹੋ ਗਈ ਅਤੇ ਸਿੱਧੀ ਨਹਿਰ ਵਿਚ ਡਿੱਗ ਗਈ। ਜਲਦੀ ਹੀ ਉਸ ਦੀ ਕਾਰ ਡੁੱਬਣ ਲੱਗੀ। ਮੌਕੇ ‘ਤੇ ਮੌਜੂਦ ਲੋਕਾਂ ਨੇ ਨਹਿਰ ਵਿਚ ਛਾਲ ਮਾਰ ਦਿੱਤੀ ਅਤੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਉਸ ਨੇ ਆਪਣੀ ਪਤਨੀ ਨਾਲ ਮਿਲਕੇ ਇਨੋਵਾ ਦਾ ਸ਼ੀਸ਼ਾ ਤੋੜ ਦਿੱਤਾ ਅਤੇ ਬੱਚਿਆਂ ਨੂੰ ਬਾਹਰ ਕੱਢ ਲਿਆ। ਉਸ ਦੀ ਛੋਟੀ ਧੀ ਬੇਹੋਸ਼ ਹੋ ਗਈ ਸੀ। ਕਿਸੇ ਤਰ੍ਹਾਂ ਸਵਾਰੀ ਦਾ ਪ੍ਰਬੰਧ ਕੀਤਾ ਗਿਆ ਅਤੇ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਤੋਂ ਤੁਰੰਤ ਬਾਅਦ ਦੋਸ਼ੀ ਟਰੈਕਟਰ ਦਾ ਚਾਲਕ ਭੱਜ ਗਿਆ।



