ਪੁਲਿਸ ’ਤੇ ਫਾਈਰਿੰਗ ਕਰਨ ਵਾਲੇ ਮੁਲਜ਼ਮਾਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਇਕ ਬਿਨਾਂ ਨੰਬਰੀ ਮੋਟਰਸਾਈਕਲ ਤੇ ਚਾਰ ਨਜਾਇਜ਼ ਪਿਸਤੌਲ ਬਰਾਮਦ

ਬਾਲ ਕਿਸ਼ਨ
ਫ਼ਿਰੋਜ਼ਪੁਰ, 26 ਅਪ੍ਰੈਲ- ਨਿੱਤ ਦਿਹਾੜੇ ਵਾਪਰ ਰਹੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਸੀਨੀਅਰ ਪੁਲਿਸ ਕਪਤਾਨ ਦੇ ਆਦੇਸ਼ਾਂ ’ਤੇ ਜ਼ਿਲ੍ਹੇ ਅੰਦਰ ਪੁਲਿਸ ਵੱਲੋਂ ਲਗਾਏ ਜਾ ਰਹੇ ਨਾਕਿਆਂ ਤਹਿਤ ਅੱਜ ਚੁੰਗੀ ਨੰਬਰ 7 ਫ਼ਿਰੋਜ਼ਪੁਰ ਛਾਉਣੀ ਵਿਖੇ ਪੁਲਿਸ ਵੱਲੋਂ ਨਾਕਾ ਲਗਾਇਆ ਗਿਆ ਸੀ, ਜਿੱਥੇ ਤਿੰਨ ਨਾਕਾਬਾਪੋਸ਼ ਮੋਟਰਸਾਈਕਲ ਚਾਲਕ ਪੁਲਿਸ ਨੂੰ ਵੇਖ ਮੋਟਰਸਾਈਕਲ ਭਜਾ ਕੇ ਲੈ ਗਏ ਤੇ ਪੁਲਿਸ ’ਤੇ ਫਾਈਰਿੰਗ ਕੀਤੀ। ਇਸ ਘਟਨਾ ਵਿਚ ਪੁਲਿਸ ਵੱਲੋਂ ਜਵਾਬੀ ਫਾਇਰ ਕਰਦੇ ਹੋਏ ਦੋ ਮੁਲਜ਼ਮਾਂ ਨੂੰ ਜ਼ਖ਼ਮੀਂ ਕਰ ਦਿੱਤਾ ਹੈ ਅਤੇ ਇਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ. ਫ਼ਿਰੋਜ਼ਪੁਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਚੁੰਗੀ ਨੰਬਰ 7 ਫ਼ਿਰੋਜ਼ਪੁਰ ਛਾਉਣੀ ਵਿਖੇ ਐੱਸ.ਐਚ.ਓ. ਥਾਣਾ ਕੈਂਟ ਦੀ ਅਗਵਾਈ ਹੇਠ ਲੱਗੇ ਨਾਕੇ ’ਤੇ ਜਦ ਮੁੂੰਹ ਢੱਕ ਕੇ ਆ ਰਹੇ ਇਕ ਬਿਨਾਂ ਨੰਬਰੀ ਮੋਟਰਸਾਈਕਲ ’ਤੇ ਤਿੰਨ ਸਵਾਰ ਨੌਜਵਾਨਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਨਾਕੇ ਤੋਂ ਮੋਟਰਸਾਈਕਲ ਭਜਾ ਲਿਆ, ਜਦ ਉਨ੍ਹਾਂ ਦਾ ਪਿੱਛਾ ਕਰਕੇ ਪੁਲਿਸ ਵੱਲੋਂ ਹਵਾਈ ਫਾਇਰ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰੀ ਦੇਣ ਲਈ ਕਿਹਾ ਗਿਆ ਤਾਂ ਮੁਲਜ਼ਮਾਂ ਨੇ ਪੁਲਿਸ ’ਤੇ ਸਿੱਧੇ ਫਾਇਰ ਕਰ ਦਿੱਤੇ। ਐੱਸ.ਐੱਸ.ਪੀ. ਫ਼ਿਰੋਜ਼ਪੁਰ ਨੇ ਦੱਸਿਆ ਕਿ ਇਸ ਘਟਨਾ ਵਿਚ ਕੋਈ ਪੁਲਿਸ ਮੁਲਾਜ਼ਮ ਜਖ਼ਮੀਂ ਤਾਂ ਨਹੀਂ ਹੋਇਆ, ਪਰ ਪੁਲਿਸ ਦੀ ਗੱਡੀ ’ਤੇ ਫਾਇਰ ਲੱਗੇ ਹਨ, ਜਿਸ ਦੇ ਜਵਾਬੀ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ ਫਾਇਰ ਕਰਕੇ ਦੋ ਮੁਲਜ਼ਮਾਂ ਨੂੰ ਜ਼ਖ਼ਮੀਂ ਕਰ ਦਿੱਤਾ ਗਿਆ ਤੇ ਇਕ ਹੋਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਐੱਸ.ਐੱਸ.ਪੀ. ਭੁਪਿੰਦਰ ਸਿੰਘ ਨੇ ਦੱਸਿਆ ਕਿ ਇਹ ਮੁਲਜ਼ਮ ਪਿਛਲੇ ਦਿਨੀਂ ਕੌਂਸਲਰ ’ਤੇ ਹੋਏ ਜਾਨਲੇਵਾ ਹਮਲੇ ਦੇ ਦੋਸ਼ੀ ਵੀ ਹੋ ਸਕਦੇ ਹਨ, ਜਿਨ੍ਹਾਂ ਤੋਂ ਜਾਂਚ ਕਰਕੇ ਦੱਸਿਆ ਜਾਵੇਗਾ, ਜਿਨ੍ਹਾਂ ਕੋਲੋਂ ਮੌਕੇ ਤੋਂ ਇਕ ਬਿਨਾਂ ਨੰਬਰੀ ਮੋਟਰਸਾਈਕਲ ਤੋਂ ਇਲਾਵਾ 4 ਨਜਾਇਜ਼ ਪਿਸਤੌਲ ਬਰਾਮਦ ਕੀਤੇ ਗਏ ਹਨ।



