Punjab

ਦੁਕਾਨ ’ਚ ਫਾਹਾ ਲੈ ਕੇ ਕੀਤੀ ਖੁਦਕੁਸ਼ੀ, ਪ੍ਰੇਮਿਕਾ ਤੇ ਉਸ ਦਾ ਭਰਾ ਨਾਮਜ਼ਦ

ਰਾਜਪੁਰਾ, 26 ਅਪ੍ਰੈਲ- ਇੱਥੋਂ ਦੇ ਕਾਲਕਾ ਰੋਡ ’ਤੇ ਇਕ ਬਰਗਰ-ਪੀਜੇ ਦੀ ਦੁਕਾਨ ਕਰਦੇ ਇਕ ਨੌਜਵਾਨ ਨੇ ਦੁਕਾਨ ’ਚ ਕੰਮ ਕਰਦੀ ਇਕ ਲੜਕੀ ਨਾਲ ਪ੍ਰੇਮ ਪ੍ਰਸੰਗ ਕਾਰਨ ਆਪਣੀ ਦੁਕਾਨ ’ਚ ਹੀ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਥਾਣਾ ਸਿਟੀ ਪੁਲਿਸ ਨੇ ਦੁਕਾਨਦਾਰ ਦੀ ਪ੍ਰੇਮਿਕਾ ਤੇ ਉਸ ਦੇ ਭਰਾ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਸਿਟੀ ਪੁਲਿਸ ਕੋਲ ਅਮਿਤ ਵਾਸੀ ਅਰਜਨਪੁਰ ਥਾਣਾ ਫਤਹਿਪੁਰ ਚੁਰਾਸੀ ਉੱਤਰ ਪ੍ਰਦੇਸ਼ ਨੇ ਬਿਆਨ ਦਰਜ ਕਰਵਾਏ ਹਨ ਕਿ ਉਸ ਦਾ ਭਰਾ ਰਾਹੁਲ ਪਾਲ (27) ਰਾਜਪੁਰਾ ਦੀ ਕਾਲਕਾ ਰੋਡ ’ਤੇ ਬਰਗਰ/ਪੀਜੇ ਦੀ ਦੁਕਾਨ ਕਰਦਾ ਸੀ ਤੇ ਦੁਕਾਨ ਦੇ ਨਾਲ ਹੀ ਕਿਸੇ ਦੇ ਮਕਾਨ ’ਚ ਕਿਰਾਏ ’ਤੇ ਰਹਿੰਦਾ ਸੀ। ਉਸ ਦੇ ਭਰਾ ਦੀ ਦੁਕਾਨ ’ਚ ਨੇਹਾ ਨਾਂਅ ਦੀ ਲੜਕੀ ਕੰਮ ਕਰਦੀ ਸੀ। ਲੰਘੀ 9 ਅਪ੍ਰੈਲ ਨੂੰ ਉਸ ਨੂੰ ਸੂਚਨਾ ਮਿਲੀ ਕਿ ਉਸ ਦੇ ਭਰਾ ਰਾਹੁਲ ਨੇ ਦੁਕਾਨ ’ਚ ਫਾਹਾ ਲੈ ਲਿਆ ਤੇ ਉਸ ਦੀ ਮੌਤ ਹੋ ਗਈ ਹੈ, ਜਿਸ ’ਤੇ ਪੁਲਿਸ ਵੱਲੋਂ 10 ਅਪ੍ਰੈਲ ਨੂੰ 194 ਬੀ.ਐਨ.ਐੱਸ. ਤਹਿਤ ਕਾਰਵਾਈ ਅਮਲ ’ਚ ਲਿਆਂਦੀ ਗਈ ਸੀ। ਆਪਣੀ ਸ਼ਿਕਾਇਤ ’ਚ ਅਮਿਤ ਨੇ ਦੱਸਿਆ ਕਿ ਇਸੇ ਦੌਰਾਨ ਮੌਤ ਤੋਂ ਪਹਿਲਾਂ ਰਾਹੁਲ ਦਾ ਉਸ ਨੂੰ ਫੋਨ ਆਇਆ ਸੀ ਕਿ ਦੁਕਾਨ ਦੀ ਨੌਕਰਾਣੀ ਨੇਹਾ ਨਾਲ ਉਸ ਦੇ ਵਿਆਹ ਦੀ ਗੱਲਬਾਤ ਚੱਲ ਰਹੀ ਸੀ, ਜੋ ਆਪਸ ’ਚ ਘਰਦਿਆਂ ਤੋਂ ਚੋਰੀ ਰਿਲੇਸ਼ਨ ’ਚ ਰਹਿ ਰਹੇ ਸਨ। ਇਸ ਸਬੰਧ ਦਾ ਨੇਹਾ ਦੇ ਭਰਾ ਸ਼ੇਰੂ ਨੂੰ ਪਤਾ ਲੱਗ ਗਿਆ। ਜਿਸ ’ਤੇ ਸ਼ੇਰੂ ਨੇ ਉਸ ਦੇ ਭਰਾ ਰਾਹੁਲ ਨੂੰ ਧਮਕੀ ਦਿੱਤੀ ਸੀ ਕਿ ਉਹ ਉਸ ਨੂੰ ਪੱਖੇ ਨਾਲ ਲਟਕਾ ਕੇ ਮਾਰੇਗਾ। ਅਮਿਤ ਨੇ ਸ਼ਿਕਾਇਤ ’ਚ ਕਿਹਾ ਕਿ ਉਸ ਨੂੰ ਯਕੀਨ ਹੈ ਕਿ ਉਸ ਦੇ ਭਰਾ ਦਾ ਕਤਲ ਸ਼ੇਰੂ ਤੇ ਨੇਹਾ ਨੇ ਕੀਤਾ ਹੈ, ਜਿਸ ’ਤੇ ਥਾਣਾ ਸਿਟੀ ਪੁਲਿਸ ਨੇ ਨੇਹਾ ਤੇ ਸ਼ੇਰੂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Articles

Leave a Reply

Your email address will not be published. Required fields are marked *

Back to top button