ਅੰਮ੍ਰਿਤਸਰ ਦੇ ਕਸਬਾ ਤਰਸਿੱਕਾ ’ਚ ਨਸ਼ਾ ਵੇਚਣ ਵਾਲਿਆ ਦਾ ਵਿਰੋਧ ਕਰਨ ਦੇ ਮਾਮਲੇ ‘ਚ ਦਿਨ-ਦਿਹਾੜੇ ਚੱਲੀ ਗੋਲ਼ੀ, ਇਕ ਜ਼ਖ਼ਮੀ

ਟਾਂਗਰਾਂ, 26 ਅਪ੍ਰੈਲ- ਕਸਬਾ ਤਰਸਿੱਕਾ ਵਿਖੇ ਗੋਲੀ ਚੱਲਣ ਨਾਲ ਇਕ ਨੌਜਵਾਨ ਦੇ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਜ਼ੇਰੇ ਇਲਾਜ ਹਰਦੀਪ ਸਿੰਘ ਪੁੱਤਰ ਗੁਰਮੁਖ ਸਿੰਘ ਵਾਸੀ ਪਿੰਡ ਤਰਸਿੱਕਾ ਨੇ ਦੱਸਿਆ ਕਿ ਉਸਦਾ ਭਰਾ ਜੋ ਨਸ਼ੇ ਦਾ ਆਦੀ ਸੀ, ਜਿਸਨੂੰ ਸਾਰੇ ਪਰਿਵਾਰ ਵਲੋਂ ਸਮਝਾ ਕੇ ਉਸਨੂੰ ਨਸ਼ੇ ਤੋਂ ਹਟਾਇਆ ਗਿਆ ਸੀ। ਉਸ ਸਾਡੇ ਕਾਰੋਬਾਰ ’ਚ ਸਾਡਾ ਪੂਰਾ ਸਾਥ ਦੇਣ ਲੱਗਾ ।ਜਿਸ ਤਹਿਤ ਸਾਡੇ ਪਿੰਡ ਦੇ ਹੀ ਕੁਝ ਨਸ਼ਾ ਸਪਲਾਈ ਕਰਨ ਵਾਲੇ ਉਸਨੂੰ ਘੇਰਦੇ ਸਨ। ਕਲ੍ਹ ਜੁਗਰਾਜ ਸਿੰਘ ਨੂੰ ਪਿੰਡ ਦੇ ਹੀ ਦੋ ਨੌਜਵਾਨਾਂ ਵਲੋਂ ਘੇਰਿਆ ਗਿਆ ਉਕਤ ਨੌਜਵਾਨਾਂ ਵਲੋਂ ਮੇਰੇ ’ਤੇ ਫਾਇਰ ਕੀਤਾ ਜੋ ਮੇਰੇ ਪੇਟ ‘ਚ ਲੱਗਾ | ਮੇਰੇ ਪਰਿਵਾਰਿਕ ਮੈਂਬਰਾਂ ਵਲੋਂ ਤੁਰੰਤ ਮੈਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਇਸ ਸੰਬੰਧੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਪ੍ਰਧਾਨ ਬਲਜੀਤ ਸਿੰਘ ਤਰਸਿੱਕਾ ਨੇ ਕਿਹਾ ਕਿ ਅੱਜ ਜੋ ਇਹ ਘਟਨਾ ਵਾਪਰੀ ਹੈ ।ਇਹ ਨਸ਼ੇ ਦਾ ਵਿਰੋਧ ਕਰਨ ’ਤੇ ਹਰਦੀਪ ਸਿੰਘ ਨੂੰ ਗੋਲੀ ਮਾਰੀ ਗਈ ਹੈ ।ਪਰ ਪੁਲਿਸ ਵਲੋਂ ਜੇਕਰ ਨਸ਼ਾ ਤਸਕਰਾਂ ਵਿਰੁੱਧ ਸ਼ਿਕੰਜਾ ਕੱਸਿਆ ਹੁੰਦਾ ਤਾਂ ਉਕਤ ਨੌਜਵਾਨ ਨੂੰ ਗੋਲੀ ਨਹੀਂ ਸੀ ਵੱਜਣੀ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਵਲੋਂ ਨਸ਼ਾ ਤਸਕਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਨਾ ਕੀਤਾ ਗਿਆ ਅਤੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਨਾ ਕੀਤਾ ਤਾਂ ਸਾਨੂੰ ਮਜਬੂਰਨ ਥਾਣਾ ਤਰਸਿੱਕਾ ਦਾ ਘਿਰਾਓ ਕਰਨਾ ਪਵੇਗਾ ।ਜਿਸਦਾ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਹੋਵੇਗਾ। ਇਸ ਸੰਬੰਧੀ ਥਾਣਾ ਤਰਸਿੱਕਾ ਦੇ ਐੱਸ.ਐੱਚ.ਓ ਨਾਲ ਜਦੋਂ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਹਰਦੀਪ ਸਿੰਘ ਦਾ ਭਰਾ ਜੁਗਰਾਜ ਸਿੰਘ ਜੋ ਨਸ਼ੇ ਦਾ ਆਦੀ ਸੀ ਅਤੇ ਉਹ ਨਸ਼ਾ ਛੱਡ ਚੁੱਕਾ ਸੀ। ਜਦੋਂ ਪਿੰਡ ਦੇ ਦੋ ਨੌਜਵਾਨਾਂ ਵਲੋਂ ਉਕਤ ਨੌਜਵਾਨ ਨੂੰ ਘੇਰਿਆ ਗਿਆ ਤਾਂ ਹਰਦੀਪ ਸਿੰਘ ਆਪਣੇ ਭਰਾ ਦਾ ਖਿਆਲ ਰੱਖਣ ਲਈ ਪਹੁੰਚਿਆ ਤਾਂ ਉਕਤ ਨੌਜਵਾਨਾਂ ਵਲੋਂ ਹਰਦੀਪ ਸਿੰਘ ਨੂੰ ਗੋਲੀ ਮਾਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਪੁਲਸ ਵਲੋਂ ਹਰਦੀਪ ਸਿੰਘ ਦੇ ਬਿਆਨ ਕਲਮਬੰਧ ਕੀਤੇ ਜਾ ਰਹੇ ਹਨ ਅਤੇ ਪੁਲਿਸ ਵਲੋਂ ਜਲਦ ਦੋਸ਼ੀਆਂ ਨੂੰ ਗਿ੍ਰਫਤਾਰ ਕਰ ਲਿਆ ਜਾਵੇਗਾ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਦੋਸ਼ੀਆਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ ਤੇ ਨਸ਼ੇ ਦੇ ਵਪਾਰ ਨੂੰ ਥਾਣਾ ਤਰਸਿੱਕਾ ਵਿੱਚੋਂ ਪੂਰੀ ਤਰ੍ਹਾਂ ਬੰਦ ਕੀਤਾ ਜਾਵੇਗਾ|



