Punjab

ਭਾਰਤ ਪਾਕਿ ਤਣਾਅ ਨੇ ਪਤੀ-ਪਤਨੀ ‘ਚ ਪਾਇਆ ਵਿਛੋੜਾ, ਰੱਦ ਹੋਏ ਨੂਰੀ ਵੀਜ਼ੇ ਕਾਰਨ ਲੱਗੀ ਰੋਕ

ਵਾਹਗਾ ’ਤੇ ਪਾਕਿਸਤਾਨੀ ਸ਼ੌਹਰ, ਅਟਾਰੀ ’ਤੇ ਭਾਰਤੀ ਪਤਨੀ

ਅੰਮ੍ਰਿਤਸਰ, 26 ਅਪਰੈਲ-ਪਹਿਲਗਾਮ ’ਚ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਦੇ ਸਫ਼ਾਰਤੀ ਰਿਸ਼ਤਿਆਂ ’ਚ ਆਈ ਕੁੜੱਤਣ ਨੇ ਪਾਕਿਸਤਾਨ ’ਚ ਵਿਆਹੀਆਂ ਭਾਰਤੀ ਧੀਆਂ ਲਈ ਵੀ ਮੁਸ਼ਕਲ ਖੜ੍ਹੀ ਕਰ ਦਿੱਤੀ ਹੈ। ਹਮਲੇ ਦੇ ਵਿਰੋਧ ’ਚ ਸਰਕਾਰ ਵੱਲੋਂ ਪਾਕਿਸਤਾਨ ਤੋਂ ਆਏ ਸਾਰੇ ਲੋਕਾਂ ਨੂੰ ਵਾਪਸ ਪਰਤਣ ਦੇ ਹੁਕਮ ਮਗਰੋਂ ਸ਼ੁੱਕਰਵਾਰ ਨੂੰ ਜਦੋਂ ਇਹੋ ਜਿਹੀਆਂ ਕਈ ਔਰਤਾਂ ਪਾਕਿਸਤਾਨ ਜਾਣ ਲਈ ਅਟਾਰੀ ਬਾਰਡਰ ’ਤੇ ਪੁੱਜੀਆਂ ਤਾਂ ਉਨ੍ਹਾਂ ਨੂੰ ਇਸ ਲਈ ਰੋਕ ਲਿਆ ਗਿਆ ਕਿ ਉਹ ਪਾਕਿਸਤਾਨੀ ਨਹੀਂ ਹਨ। ਜਿਨ੍ਹਾਂ ਭਾਰਤੀ ਔਰਤਾਂ ਕੋਲ ਪਾਕਿਸਤਾਨੀ ਪਾਸਪੋਰਟ ਸੀ, ਜਾਂ ਜਿਨ੍ਹਾਂ ਦੇ ਬੱਚਿਆਂ ਕੋਲ ਪਾਕਿਸਤਾਨੀ ਪਾਸਪੋਰਟ ਸੀ ਸਿਰਫ਼ ਉਨ੍ਹਾਂ ਨੂੰ ਸਰਹੱਦ ਪਾਰ ਜਾਣ ਦਿੱਤਾ ਗਿਆ। ਪਾਕਿਸਤਾਨ ਜਾਣ ਤੋਂ ਰੋਕੇ ਜਾਣ ’ਤੇ ਇਨ੍ਹਾਂ ਔਰਤਾਂ ਨੇ ਚੈੱਕ ਪੋਸਟ ਦੇ ਬਾਹਰ ਜ਼ਬਰਦਸਤ ਹੰਗਾਮਾ ਕੀਤਾ ਤੇ ਉੱਥੇ ਬੈਠੇ ਰਹਿਣ ਦੀ ਧਮਕੀ ਦੇ ਕੇ ਆਪਣਾ ਵਿਰੋਧ ਦਰਜ ਕਰਾਇਆ। ਪਰ ਇਸ ਦੇ ਬਾਵਜੂਦ ਜਦੋਂ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਾ ਤਾਂ ਉਨ੍ਹਾਂ ਨੂੰ ਆਪਣੇ ਪੇਕੇ ਘਰ ਪਰਤਣਾ ਪਿਆ। ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਪਾਕਿਸਤਾਨੀ ਨਾਗਰਿਕਾਂ ਦੇ ਵੀਜ਼ੇ ਰੱਦ ਕੀਤੇ ਜਾਣ ਤੇ ਦੋਵਾਂ ਦੇਸ਼ਾਂ ਵਿਚਕਾਰ ਵਧ ਰਹੇ ਤਣਾਅ ਤੋਂ ਬਾਅਦ ਸ਼ੁੱਕਰਵਾਰ ਨੂੰ ਵੀ ਵੱਡੀ ਗਿਣਤੀ ’ਚ ਪਾਕਿਸਤਾਨ ਪਰਤਣ ਵਾਲੇ ਨਾਗਰਿਕ ਅਟਾਰੀ ਸਰਹੱਦ ’ਤੇ ਪੁੱਜੇ। ਇਨ੍ਹਾਂ ’ਚ ਪਾਕਿਸਤਾਨ ’ਚ ਵਿਆਹੀਆਂ ਉਹ ਭਾਰਤੀ ਔਰਤਾਂ ਵੀ ਸ਼ਾਮਿਲ ਸਨ ਜਿਨ੍ਹਾਂ ਕੋਲ ਪਾਕਿਸਤਾਨ ਨਾਗਰਿਕਤਾ ਨਹੀਂ ਸੀ। ਉਹ ਅਜੇ ਵੀ ਭਾਰਤੀ ਨਾਗਰਿਕ ਹਨ ਤੇ ਨੂਰੀ ਵੀਜ਼ੇ ’ਤੇ ਆਪਣੇ ਪੇਕਿਆਂ ਨੂੰ ਮਿਲਣ ਲਈ ਭਾਰਤ ਆਈਆਂ ਸਨ। ਇਹ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਈਆਂ ਸਨ। ਇੱਥੇ ਸੁਰੱਖਿਆ ਏਜੰਸੀਆਂ ਨੇ ਸਰਕਾਰ ਦੇ ਨਿਰਦੇਸ਼ ਇੰਟੇਗ੍ਰੇਟਿਡ ਚੈਕ ਪੋਸਟ (ਆਈਪੀਸੀ) ’ਤੇ ਇਨ੍ਹਾਂ ਨੂੰ ਰੋਕ ਲਿਆ। ਅਧਿਕਾਰੀਆਂ ਨੇ ਸਿਰਫ਼ ਉਨ੍ਹਾਂ ਔਰਤਾਂ, ਜਿਨ੍ਹਾਂ ਦੇ ਬੱਚਿਆਂ ਕੋਲ ਪਾਕਿਸਤਾਨ ਦਾ ਵੀਜ਼ਾ ਤੇ ਪਾਸਪੋਰਟ ਸੀ, ਨੂੰ ਹੀ ਸਰਹੱਦ ਪਾਰ ਜਾਣ ਦਿੱਤਾ। ਜਦਕਿ ਭਾਰਤੀ ਨਾਗਰਿਕਤਾ ਵਾਲੀਆਂ ਔਰਤਾਂ ਨੂੰ ਰੋਕ ਲਿਆ। ਅਧਿਕਾਰੀਆਂ ਮੁਤਾਬਕ ਉਨ੍ਹਾਂ ਨੂੰ ਆਦੇਸ਼ ਹਨ ਕਿ ਭਾਰਤੀ ਪਾਸਪੋਰਟ ਵਾਲਿਆਂ ਨੂੰ ਪਾਕਿਸਤਾਨ ਨਾ ਜਾਣ ਦਿੱਤਾ ਜਾਏ ਇਸ ਲਈ ਇਨ੍ਹਾਂ ਨੂੰ ਰੋਕਿਆ ਗਿਆ। ਸਹੁਰੇ ਜਾਣ ਤੋਂ ਅਚਾਨਕ ਰੋਕੀਆਂ ਜਾਣ ਵਾਲੀਆਂ ਇਨ੍ਹਾਂ ਔਰਤਾਂ ਦੀ ਗਿਣਤੀ ਕਰੀਬ ਇਕ ਦਰਜਨ ਸੀ।

Related Articles

Leave a Reply

Your email address will not be published. Required fields are marked *

Back to top button