ਟੀ ਸ਼ਰਟਾਂ ਬਦਲਾਉਣ ਗਈ ਔਰਤ ਨੂੰ ਸੜਕ ‘ਤੇ ਘੜੀਸਿਆ, ਮਾਮੂਲੀ ਬਹਿਸ ਮਗਰੋਂ ਦੁਕਾਨਦਾਰ ਨੇ ਕੀਤੀ ਬੁਰੀ ਤਰ੍ਹਾਂ ਕੁੱਟਮਾਰ

ਲੁਧਿਆਣਾ, 26 ਅਪ੍ਰੈਲ-ਦੁਕਾਨ ਤੋਂ ਖਰੀਦੀਆਂ ਗਈਆਂ ਟੀ ਸ਼ਰਟਾਂ ਬਦਲਣ ਗਈ ਔਰਤ ਦੀ ਦੁਕਾਨਦਾਰ ਨੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਮੁਲਜ਼ਮ ਨੇ ਮਹਿਲਾ ਨੂੰ ਬਾਜ਼ਾਰ ਦੀ ਸੜਕ ਵਿਚਕਾਰ ਘੜੀਸਿਆ। ਇਸ ਘਟਨਾ ਦੌਰਾਨ ਔਰਤ ਦੇ ਕੱਪੜੇ ਫਟ ਗਏ। ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ ਦੋ ਦੀ ਪੁਲਿਸ ਨੇ ਭਾਮੀਆਂ ਕਲਾਂ ਅਸ਼ੋਕ ਵਿਹਾਰ ਕਲੋਨੀ ਦੀ ਰਹਿਣ ਵਾਲੀ ਔਰਤ ਦੀ ਸ਼ਿਕਾਇਤ ‘ਤੇ ਸ਼ਾਹਪੁਰ ਰੋਡ ਦੇ ਦੁਕਾਨਦਾਰ ਮਨੀਸ਼ ਬਾਂਸਲ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਮਹਿਲਾ ਨੇ ਦੱਸਿਆ ਕਿ ਉਸ ਨੇ ਮਨੀਸ਼ ਬਾਂਸਲ ਦੀ ਦੁਕਾਨ ਤੋਂ ਕੁਝ ਕੱਪੜੇ ਖਰੀਦਦੇ ਸਨ। ਔਰਤ ਕੁਝ ਟੀਸ਼ਰਟਾਂ ਬਦਲਾਉਣ ਲਈ ਜਦ ਦੁਕਾਨ ‘ਤੇ ਗਈ ਤਾਂ ਦੁਕਾਨਦਾਰ ਮਨੀਸ਼ ਬਾਂਸਲ ਉਸ ਨਾਲ ਬਹਿਸ ਕਰਨ ਲੱਗ ਪਿਆ। ਔਰਤ ਨੇ ਦੱਸਿਆ ਕਿ ਮੁਲਜ਼ਮ ਨੇ ਉਸ ਨਾਲ ਗਾਲੀ ਗਲੋਚ ਸ਼ੁਰੂ ਕਰ ਦਿੱਤੀ।ਕੁਝ ਸਮੇਂ ਬਾਅਦ ਮਾਮਲਾ ਇਸ ਕਦਰ ਭੜਕ ਗਿਆ ਕਿ ਮੁਲਜ਼ਮ ਨੇ ਸ਼ਰੇਆਮ ਔਰਤ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ । ਇੰਨ੍ਹਾਂ ਹੀ ਨਹੀਂ ਦੁਕਾਨਦਾਰ ਨੇ ਉਸ ਨੂੰ ਸੜਕ ਵਿਚਕਾਰ ਘੜੀਸਿਆ। ਇਸ ਘਟਨਾ ਦੌਰਾਨ ਔਰਤ ਦੀ ਪਹਿਨੀ ਹੋਈ ਕਮੀਜ਼ ਫਟ ਗਈ। ਮਹਿਲਾ ਨੇ ਪੁਲਿਸ ਨੂੰ ਦੱਸਿਆ ਕਿ ਇਸ ਦੌਰਾਨ ਉਸ ਦੇ ਕੰਨ ਵਿੱਚ ਪਹਿਨੀ ਹੋਈ ਸੋਨੇ ਦੀ ਵਾਲੀ ਵੀ ਕਿਧਰੇ ਡਿੱਗ ਪਈ। ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ ਦੋ ਦੀ ਪੁਲਿਸ ਤੁਰੰਤ ਸ਼ਾਹਪੁਰ ਰੋਡ ‘ਤੇ ਪਹੁੰਚੀ। ਪੁਲਿਸ ਨੇ ਤਾਜਪੁਰ ਰੋਡ ਭਾਮੀਆਂ ਕਲਾਂ ਦੀ ਰਹਿਣ ਵਾਲੀ ਔਰਤ ਦੀ ਸ਼ਿਕਾਇਤ ‘ਤੇ ਸ਼ਾਹਪੁਰ ਰੋਡ ਦੇ ਵਾਸੀ ਮੁਨੀਸ਼ ਬਾਂਸਲ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਸੁਖਦੇਵ ਰਾਜ ਨੇ ਦੱਸਿਆ ਕਿ ਮੁਲਜ਼ਮ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।



