
ਸਿਰਸਾ/ ਬਠਿੰਡਾ, 24ਅਪ੍ਰੈਲ 2025: ਜਦੋਂ ਸਿਰੜ ਹੌਂਸਲੇ ਦੀ ਉਡਾਣ ਭਰਦਾ ਹੈ ਤਾਂ ਫਿਰ ਉਮਰ ਦੀ ਹੱਦ ਰਾਹ ਦਾ ਰੋੜਾ ਨਹੀਂ ਬਣਦੀ। ਡੇਰਾ ਸਿਰਸਾ ਪੈਰੋਕਾਰ ਇਲਮ ਚੰਦ ਇੰਸਾਂ ਇਸ ਗੱਲ ਦੀ ਜਿਉਂਦੀ ਜਾਗਦੀ ਮਿਸਾਲ ਹੈ ਜਿਸ ਨੇ ਉਮਰ ਦਾ 90 ਦਾ ਅੰਕੜਾ ਟੱਪਣ ਤੇ ਉਹ ਕਰ ਦਿਖਾਇਆ ਜਿਸ ਨੂੰ ਦੇਖਕੇ ਹਰ ਕੋਈ ਦੰਦਾਂ ਥੱਲੇ ਉਂਗਲੀਆਂ ਦਬਾਉਣ ਨੂੰ ਮਜਬੂਰ ਹੋ ਜਾਂਦਾ ਹੈ। ਇਲਮ ਚੰਦ ਹੁਣ ਤੱਕ ਕੌਮੀ ਅਤੇ ਕੌਮਾਂਤਰੀ ਖੇਡ ਮੁਕਾਬਲਿਆਂ ਦੌਰਾਨ ਆਪਣੇ ਜੋਸ਼ ਅਤੇ ਹੁਨਰ ਦੇ ਜਲਵੇ ਨਾਲ 5 ਸੌ ਤੋਂ ਵੱਧ ਮੈਡਲ ਜਿੱਤ ਚੁੱਕਿਆ ਹੈ। ਉਮਰ ਦੇ 91ਵੇਂ ਸਾਲ ਵਿੱਚ ਵੀ ਉਹ ਆਖਦਾ ਹੈ ਕਿ ਸਫਰਾਂ ਤਾਂ ਅਜੇ ਸ਼ੁਰੂ ਹੋਇਆ ਹੈ ਅਸਲ ਵਿੱਚ ਮੰਜਿਲਾਂ ਫਤਿਹ ਕਰਨੀਆਂ ਬਾਕੀ ਰਹਿੰਦੀਆਂ ਹਨ। ਇਲਮ ਚੰਦ ਹੁਣ ਤੱਕ ਐਨੇ ਮੈਡਲ ਜਿੱਤ ਚੁੱਕਿਆ ਹੈ ਜਿਸ ਦੇ ਚਲਦਿਆਂ ਉਸ ਨੂੰ ਹੁਣ ਮੈਡਲ ਮਸ਼ੀਨ ਦੇ ਨਾਮ ਨਾਲ ਜਾਣਿਆ ਜਾਣ ਲੱਗਾ ਹੈ।



