Punjab

ਰੀਪਰ ਚਲਾਉਣ ਵੇਲੇ ਡਰਾਈਵਰ ਦੇ ਨਾਲ ਮਦਦ ਲਈ ਪਾਣੀ ਸਮੇਤ ਹਾਜ਼ਰ ਰਹੇ ਬੰਦਾ – ਏ.ਡੀ.ਸੀ.

ਰੀਪਰ ਵਿੱਚੋਂ ਚੰਗਿਆੜੇ ਨਿਕਲਣ ਤੇ ਅੱਗ ਬੁਝਾਉਣ ਲਈ ਤੁਰੰਤ ਪਾਣੀ ਪਾਇਆ ਜਾਵੇ

ਬਾਲ ਕਿਸ਼ਨ

ਫ਼ਿਰੋਜ਼ਪੁਰ, 23 ਅਪ੍ਰੈਲ: ਜ਼ਿਲ੍ਹੇ ਵਿੱਚ ਕਣਕ ਅਤੇ ਨਾੜ ਨੂੰ ਅੱਗ ਲੱਗਣ ਦੀਆਂ ਘਟਨਾਵਾਂ ’ਤੇ ਡੂੰਘੀ ਚਿੰਤਾ ਦਾ ਇਜ਼ਹਾਰ ਕਰਦਿਆਂ ਅੱਜ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿਧੀ ਕੁਮੁਦ ਬੰਬਾਹ ਵੱਲੋਂ ਸਮੂਹ ਵਿਭਾਗਾਂ ਦੇ ਮੁਖੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾਵੇ ਕਿ ਕਣਕ ਦੀ ਵਾਢੀ ਦੌਰਾਨ ਅਤੇ ਤੂੜੀ ਬਣਾਉਣ ਵੇਲੇ ਮਸ਼ੀਨਰੀ ਰੀਪਰ ਚਲਾਉਣ ਵਾਲੇ ਡਰਾਈਵਰ ਨਾਲ ਮਦਦ ਲਈ ਪਾਣੀ ਸਮੇਤ ਇਕ-ਦੋ ਬੰਦੇ ਜ਼ਰੂਰ ਹਾਜ਼ਰ ਹੋਣ ਤਾਂ ਜੋ ਮਸ਼ੀਨਰੀ (ਰੀਪਰ) ਵਿਚੋਂ ਚੰਗਿਆੜੇ ਨਿਕਲਣ ਨਾਲ ਅੱਗ ਲੱਗਣ ‘ਤੇ ਤੁਰੰਤ ਪਾਣੀ ਪਾ ਕੇ ਬੁਝਾਇਆ ਜਾ ਸਕੇ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਛੋਟੀਆਂ-ਛੋਟੀਆਂ ਸਾਵਧਾਨੀਆਂ ਵਰਤ ਕੇ ਵੱਡੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ ਅਤੇ ਅਜਿਹੀਆਂ ਘਟਨਾਵਾਂ ਵਿੱਚ ਵੱਡੇ ਪੱਧਰ ’ਤੇ ਕਮੀ ਆ ਸਕਦੀ ਹੈ, ਜਿਸ ਨਾਲ ਫਸਲ ਅਤੇ ਕੀਮਤੀ ਜਾਨਾਂ ਬੱਚ ਸਕਦੀਆਂ ਹਨ। ਵਧੀਕ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਇਹ ਅਪੀਲ ਵੀ ਕੀਤੀ ਕਿ ਖੇਤਾਂ ਵਿੱਚ ਚੁਲ੍ਹੇ ਵੀ ਨਾ ਬਣਾਏ ਜਾਣ, ਕਿਉਂਜੋ ਇਸ ਨਾਲ ਖੜ੍ਹੀ ਪੱਕੀ ਫ਼ਸਲ ਨੂੰ ਅੱਗ ਲੱਗਣ ਦਾ ਖਤਰਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਫ਼ਸਲ ਦੀ ਰਹਿੰਦ-ਖੂਹੰਦ ਨੂੰ ਅੱਗ ਲਗਾਉਣ ਦੀ ਬਜਾਏ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰਕੇ ਉਨ੍ਹਾਂ ਪਾਸੋਂ ਉਪਲੱਬਧ ਕਰਵਾਈਆਂ ਗਈਆਂ ਮਸ਼ੀਨਾਂ ਦੀ ਵਰਤੋਂ ਕਰਕੇ ਨਾੜ/ਪਰਾਲ਼ੀ/ਰਹਿੰਦ ਖੂਹੰਦ ਦਾ ਸੁਚੱਜੇ ਢੰਗ ਨਾਲ ਨਿਪਟਾਰਾ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਮੁੱਖ ਖੇਤੀਬਾੜੀ ਅਫ਼ਸਰ ਨੂੰ  ਸੀ.ਆਰ.ਐਮ. (ਕਰਾਪ ਰੈਜੀਡਿਊ ਮੈਨੇਜਮੈਂਟ) ਸ਼ੀਨਰੀ ਦੀ ਕਿਸਾਨਾਂ ਨਾਲ ਮੈਪਿੰਗ ਕਰਾਉਣ, ਕਿਸਾਨਾਂ ਨੂੰ ਮਸ਼ੀਨਰੀ ਦੀ ਵਰਤੋਂ ਲਈ ਜਾਗਰੂਕ ਕਰਨ ਲਈ ਪਿੰਡ, ਬਲਾਕ ਅਤੇ ਜ਼ਿਲ੍ਹਾ ਪੱਧਰ ਤੇ ਜਾਗਰੂਕਤਾ ਕੈਂਪ ਆਯੋਜਿਤ ਕਰਨ ਲਈ ਹਦਾਇਤ ਕੀਤੀ। ਉਨ੍ਹਾਂ ਖੇਤੀਬਾੜੀ ਵਿਭਾਗ ਨੂੰ ਪੰਚਾਇਤਾਂ ਨਾਲ ਵੀ ਸਮੇਂ ਸਮੇਂ ਤੇ ਮੀਟਿੰਗਾਂ ਕਰਨ ਲਈ ਕਿਹਾ। ਇਸ ਤੋਂ ਇਲਾਵਾ ਉਨ੍ਹਾਂ ਜ਼ਿਲ੍ਹੇ ਦੇ ਹਾਟਸਪਾਟ ਪਿੰਡਾਂ ਨੂੰ ਵਿਸੇਸ਼ ਤਰਜੀਹ ਦਿੱਤੀ ਜਾਵੇ ਤਾਂ ਜੋ ਉੱਥੇ ਪਰਾਲੀ/ਨਾੜ ਸਾੜਨ ਦੀਆਂ ਘਟਨਾਵਾਂ ਤੇ ਰੋਕ ਲਗਾਈ ਜਾ ਸਕੇ। ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਕਣਕ ਦੀ ਫ਼ਸਲ ਦੇ ਰਹਿੰਦ ਖੂਹੰਦ /ਨਾੜ ਨੂੰ ਅੱਗ ਨਾ ਲਗਾ ਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਖੇਤਾਂ ਵਿੱਚ ਫ਼ਸਲਾਂ ਦੀ ਰਹਿੰਦ-ਖੂਹੰਦ ਨੰ ਨੂੰ ਅੱਗ ਲਗਾਉਣ ਨਾਲ ਧਰਤੀ ਵਿੱਚੋਂ ਕਈ ਖੁਰਾਕੀ ਤੱਤ ਤੇ ਸੂਖਮ ਜੀਵ ਨਸ਼ਟ ਹੋ ਰਹੇ ਹਨ ਜਿਸ ਕਰਕੇ ਜਿੱਥੇ ਜ਼ਮੀਨ ਦੀ ਸਿਹਤ ਖ਼ਰਾਬ ਹੋ ਰਹੀ ਹੈ, ਉੱਥੇ ਹੀ ਸਾਡਾ ਵਾਤਾਵਰਨ ਵੀ ਪਲੀਤ ਹੋ ਰਿਹਾ ਹੈ ਅਤੇ ਕਈ ਤਰ੍ਹਾਂ ਦੀਆਂ ਨਾ-ਮੁਰਾਦ ਬਿਮਾਰੀਆ ਤੇ ਕੀੜੇ-ਮਕੌੜੀਆਂ ਦਾ ਵਾਧਾ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਖੇਤਾਂ ਦੇ ਵੱਢਾਂ ਨੂੰ ਅੱਗ ਲਗਾਉਣਾ ਨਾ ਸਿਰਫ਼ ਕੁਦਰਤ ਦੇ ਵਿਰੁੱਧ ਹੈ ਸਗੋਂ ਵਾਤਾਵਰਨ ਦੀ ਰੱਖਿਆ ਸਬੰਧੀ ਕਾਨੂੰਨ (ਦ ਇਨਵਾਇਰਮੈਂਟ ਪ੍ਰੋਟੈਕਸ਼ਨ ਐਕਟ, 1986) ਦੀ ਧਾਰਾ 15 ਤਹਿਤ ਇਕ ਦੰਡਯੋਗ ਅਪਰਾਧ ਵੀ ਹੈ।  ਉਨ੍ਹਾਂ ਕਿਹਾ ਕਿ ਫ਼ਸਲਾਂ ਦੀ ਰਹਿੰਦ-ਖੂਹੰਦ/ਨਾੜ/ਪਰਾਲ਼ੀ ਨੂੰ ਅੱਗ ਲਗਾ ਕੇ ਸਾੜਨ ਨਾਲ ਬਹੁਤ ਸਾਰੀਆਂ ਜ਼ਹਿਰੀਲੀਆਂ ਗੈਸਾਂ ਪੈਦਾ ਹੁੰਦੀਆਂ ਹਨ ਜਿਸ ਕਾਰਨ ਹਵਾ ਦਾ ਪ੍ਰਦੂਸ਼ਣ ਵਧ ਜਾਂਦਾ ਹੈ ਅਤੇ ਵਾਤਾਵਰਨ ਵੀ ਗੰਧਲਾ ਹੁੰਦਾ ਹੈ। ਇਸ ਨਾਲ ਮਿੱਤਰ ਕੀਟ ਮਰ ਜਾਂਦੇ ਹਨ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵੀ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿਸਾਨਾਂ ਨੂੰ ਨਾੜ/ਪਰਾਲ਼ੀ ਨੂੰ ਅੱਗ ਲਗਾਉਣੀ ਬੰਦ ਕਰਕੇ ਖੇਤਾਂ ਵਿੱਚ ਹੀ ਵਾਹੁਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਸਾਡਾ ਫ਼ਰਜ ਬਣਦਾ ਹੈ ਕਿ ਅਸੀ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਸਾਫ਼-ਸੁੱਥਰਾ ਤੇ ਤੰਦਰੁਸਤੀ ਭਰਿਆ ਵਾਤਾਵਰਨ ਦੇਈਏ। ਇਸ ਮੀਟਿੰਗ ਵਿੱਚ ਐਸ.ਡੀ.ਐਮ. ਫ਼ਿਰੋਜ਼ਪੁਰ ਦਿਵਯਾ ਪੀ., ਐਸ.ਡੀ.ਐਮ. ਜ਼ੀਰਾ ਗੁਰਮੀਤ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਗੁਰਪ੍ਰੀਤ ਸਿੰਘ ਸਿੱਧੂ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਗੁਰਦੀਪ ਸਿੰਘ ਮਾਨ, ਐਕਸੀਅਨ ਪੀ.ਪੀ.ਸੀ.ਬੀ. ਗੁਲਸ਼ਨ ਕੁਮਾਰ ਤੋਂ ਇਲਾਵਾ ਹੋਰਨਾਂ ਸਬੰਧਤ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਵੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button