ਫ਼ਿਰੋਜ਼ਪੁਰ ਅੰਦਰ ਗੈਂਗਸਟਰਾਂ ਵੱਲੋਂ ਵੱਖ–ਵੱਖ ਥਾਵਾਂ ’ਤੇ ਚਲਾਈ ਗੋਲੀ, ਦੋ ਨੌਜਵਾਨਾਂ ਦਾ ਕਤਲ
ਮਾਮਲੇ ਦੀ ਗੁੱਥੀ ਸੁਲਝਾਉਣ ਲਈ ਪੁਲਿਸ ਜਾਂਚ ’ਚ ਜੁਟੀ

ਫ਼ਿਰੋਜ਼ਪੁਰ, 23 ਅਪ੍ਰੈਲ (ਜਸਵਿੰਦਰ ਸਿੰਘ ਸੰਧੂ, ਬਾਲ ਕਿਸ਼ਨ)– ਬੀਤੀ ਦੇਰ ਸ਼ਾਮ ਥਾਣਾ ਸਿਟੀ ਦੇ ਖੇਤਰ ਅੰਦਰ ਅਣਪਛਾਤੇ ਬੇਖ਼ੌਫ਼ ਗੈਂਗਸਟਰਾਂ ਵਲੋਂ ਗੋਲੀਆਂ ਚਲਾ ਕੇ ਦੋ ਨੌਜਵਾਨਾਂ ਦਾ ਕਤਲ ਕਰ ਦਿੱਤਾ ਗਿਆ। ਘਟਨਾ ਦਾ ਪਤਾ ਚੱਲਦਿਆਂ ਹੀ ਐੱਸ.ਐੱਸ.ਪੀ. ਫ਼ਿਰੋਜ਼ਪੁਰ ਭੁਪਿੰਦਰ ਸਿੰਘ ਉੱਚ ਪੁਲਿਸ ਅਧਿਕਾਰੀਆਂ ਸਮੇਤ ਮੌਕੇ ’ਤੇ ਪਹੁੰਚ ਗਏ। ਦੋਵਾਂ ਸ਼ੂਟਰਾਂ ਵਲੋਂ ਪਹਿਲੀ ਵਾਰਦਾਤ ਥਾਣਾ ਸਿਟੀ ਦੇ ਬਿਲਕੁੱਲ ਪਿਛਲੇ ਪਾਸੇ ਸਥਿਤ ਮਨਜੀਤ ਪੈਲੇਸ ਦੇ ਨਾਲ ਵਾਲੀ ਗਲੀ ਵਿਚ ਅੰਜਾਮ ਦਿੱਤਾ ਗਿਆ। ਇੱਥੇ ਇਕ ਨੌਜਵਾਨ ਸ਼ਾਲੂ ਵਾਸੀ ਬਸਤੀ ਨਿਜਾਮਦੀਨ ਦਾ ਕਤਲ ਕਰਕੇ ਦੋਵੇਂ ਥੋੜੀ ਦੂਰੀ ’ਤੇ ਸਥਿਤ ਮੈਗਜ਼ੀਨੀ ਗੇਟ ਵਾਲੀ ਗਲੀ ’ਚ ਆ ਗਏ। ਇੱਥੇ ਉਨ੍ਹਾਂ ਇਕ ਦੁਕਾਨ ਅੰਦਰ ਐੱਲ.ਈ.ਡੀ ਠੀਕ ਕਰਵਾਉਣ ਆਏ ਇਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਨੌਜਵਾਨ ਨੂੰ ਮਾਰਨ ਤੋਂ ਬਾਅਦ ਹਮਲਾਵਰਾਂ ਵਲੋਂ ਗੋਲੀਬਾਰੀ ਕਰਨ ਅਤੇ ਭੱਜਣ ਦਾ ਸੀ.ਸੀ.ਟੀ.ਵੀ ਵੀਡੀਓ ਵੀ ਸਾਹਮਣੇ ਆਈਆਂ ਹਨ। ਮੈਗਜ਼ੀਨੀ ਗੇਟ ਵਿਚ ਮਾਰੇ ਗਏ ਨੌਜਵਾਨ ਦੀ ਪਛਾਣ ਰਿਸ਼ਭ ਪੁੱਤਰ ਪ੍ਰੇਮ ਵਾਸੀ ਭੱਟੀਆਂ ਵਾਲੀ ਬਸਤੀ ਵਜੋਂ ਹੋਈ ਹੈ। ਇਸ ਸਬੰਧੀ ਘਟਨਾ ’ਚ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਵਿਰਲਾਪ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਵੀ ਦੁਸ਼ਮਣੀ ਨਹੀਂ ਹੈ ਤੇ ਨਾ ਹੀ ਉਨ੍ਹਾਂ ਦੇ ਬੱਚੇ ਕਿਸੇ ਤਰ੍ਹਾਂ ਦੀ ਕੋਈ ਗਲਤ ਗਤੀਵਿਧੀ ’ਚ ਸ਼ਾਮਿਲ ਸਨ, ਸਗੋਂ ਉਨ੍ਹਾਂ ਦੇ ਬੱਚੇ ਦਿਹਾੜੀ–ਮਜ਼ਦੂਰੀ ਕਰਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਸਨ। ਇਸ ਸਬੰਧੀ ਥਾਣਾ ਸਿਟੀ ਦੇ ਐੱਸ.ਐਚ.ਓ. ਹਰਿੰਦਰ ਸਿੰਘ ਨੇ ਕਿਹਾ ਕਿ ਉਕਤ ਮਾਮਲੇ ਦੀ ਪੁਲਿਸ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਤੇ ਮੁਲਜ਼ਮਾਂ ਨੂੰ ਜਲਦੀ ਫੜ੍ਹ ਲਿਆ ਜਾਵੇਗਾ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਫ਼ਰੀਦਕੋਟ ਭੇਜ ਦਿੱਤਾ ਗਿਆ ਹੈ।



