Punjab

ਮਤਰੇਈ ਮਾਂ ਤੇ ਪ੍ਰੇਮੀ ਖਿ਼ਲਾਫ਼ ਦਰਜ ਹੋਵੇਗਾ ਜਬਰ ਜਨਾਹ ਦਾ ਮਾਮਲਾ, ਹਾਈਕੋਰਟ ਨੇ ਹੁਸ਼ਿਆਰਪੁਰ ਪੁਲਿਸ ਨੂੰ ਦਿੱਤੇ ਆਦੇਸ਼

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 16 ਅਪ੍ਰੈਲ-ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਹੁਸ਼ਿਆਰਪੁਰ ਪੁਲਿਸ ਨੂੰ ਮਤਰੇਈ ਮਾਂ ਤੇ ਉਸ ਦੇ ਪ੍ਰੇਮੀ ਵਿਰੁੱਧ ਜਬਰ ਜਨਾਹ ਦੇ ਦੋਸ਼ਾਂ ਦੇ ਮਾਮਲੇ ’ਚ ਕੇਸ ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ। ਇੰਨਾ ਹੀ ਨਹੀਂ, ਅਦਾਲਤ ਦੀ ਟੀਮ ਹੁਸ਼ਿਆਰਪੁਰ ਦੀ ਸਥਾਨਕ ਅਦਾਲਤ ’ਚ ਪੀੜਤਾ ਦਾ ਬਿਆਨ ਦਰਜ ਕਰਵਾਏਗੀ ਅਤੇ ਨਾਲ ਹੀ ਉਸ ਦੀ ਡਾਕਟਰੀ ਜਾਂਚ ਵੀ ਕਰਵਾਏਗੀ। ਕਾਰਵਾਈ ਦੌਰਾਨ ਪੀੜਤ ਨਾਰੀ ਨਿਕੇਤਨ ਚੰਡੀਗੜ੍ਹ ਵਿਚ ਰਹੇਗੀ। ਦੂਜੇ ਪਾਸੇ ਕੇਸ ਦੀ ਪੈਰਵੀ ਕਰ ਰਹੇ ਵਕੀਲ ਨਵੀਨ ਮਹਾਜਨ ਨੇ ਕਿਹਾ ਕਿ ਅੰਮ੍ਰਿਤਸਰ ਕਮਿਸ਼ਨਰੇਟ ਦੀ ਪੁਲਿਸ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ। ਪਰ ਮੰਗਲਵਾਰ ਨੂੰ ਪੁਲਿਸ ਤੋਂ ਫ਼ੋਨ ਆਉਣ ਤੋਂ ਬਾਅਦ ਅਧਿਕਾਰੀਆਂ ਨੂੰ ਅਦਾਲਤੀ ਕਾਰਵਾਈ ਬਾਰੇ ਸੂਚਿਤ ਕੀਤਾ ਗਿਆ। ਇਸ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਨੇ ਮਾਮਲਾ ਹੁਸ਼ਿਆਰਪੁਰ ਪੁਲਿਸ ਨੂੰ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਹੁਸ਼ਿਆਰਪੁਰ ਦੇ ਇਕ ਪਿੰਡ ਦੀ 19 ਸਾਲਾ ਲੜਕੀ ਨੇ ਆਪਣੀ ਮਤਰੇਈ ਮਾਂ ਤੇ ਉਸ ਦੇ ਪ੍ਰੇਮੀ ‘ਤੇ ਜਬਰ ਜਨਾਹ ਦਾ ਦੋਸ਼ ਲਗਾਇਆ ਸੀ। ਇਸ ਸਬੰਧੀ ਮੁਲਜ਼ਮ ਨੇ ਲੜਕੀ ਨੂੰ ਘਰ ਵਿਚ ਬੰਦ ਕਰਕੇ ਰੱਖਿਆ ਹੋਇਆ ਸੀ। ਇਥੋਂ ਤੱਕ ਹੁਸ਼ਿਆਰਪੁਰ ਪੁਲਿਸ ਨੂੰ ਸ਼ਿਕਾਇਤ ਤੱਕ ਨਹੀਂ ਕਰਨ ਦਿੱਤੀ ਗਈ। ਪੀੜਤਾ ਦਾ ਪਿਤਾ ਵਿਦੇਸ਼ ਵਿਚ ਰਹਿੰਦਾ ਹੈ ਅਤੇ ਉਸ ਦੀ ਮਾਂ ਦੀ ਮੌਤ ਤੋਂ ਬਾਅਦ ਉਹ ਹੁਣ ਆਪਣੇ ਭਰਾ ਅਤੇ ਆਪਣੀ ਮਤਰੇਈ ਮਾਂ ਨਾਲ ਰਹਿ ਰਹੀ ਹੈ। ਕੁਝ ਦਿਨ ਪਹਿਲਾਂ ਉਹ ਕਿਸੇ ਤਰ੍ਹਾਂ ਘਰੋਂ ਭੱਜ ਕੇ ਅੰਮ੍ਰਿਤਸਰ ਪਹੁੰਚ ਗਈ। ਇੱਥੇ ਇਹ ਮਾਮਲਾ ਸਮਾਜ ਭਲਾਈ ਸੰਸਥਾਵਾਂ ਦੇ ਸੰਪਰਕ ਵਿਚ ਆਉਣ ਤੋਂ ਬਾਅਦ ਸਾਹਮਣੇ ਆਇਆ। ਇਸ ਸਬੰਧੀ ਹੁਸ਼ਿਆਰਪੁਰ ਪੁਲਿਸ, ਕਮਿਸ਼ਨਰੇਟ ਪੁਲਿਸ, ਸੀਐਮ ਭਗਵੰਤ ਮਾਨ, ਡੀਜੀਪੀ ਗੌਰਵ ਯਾਦਵ ਅਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਸ਼ਿਕਾਇਤਾਂ ਕੀਤੀਆਂ ਗਈਆਂ ਸਨ।

Related Articles

Leave a Reply

Your email address will not be published. Required fields are marked *

Back to top button