
ਫਿਰੋਜ਼ਪੁਰ, 10 ਅਪ੍ਰੈਲ-ਫਿਰੋਜ਼ਪੁਰ ਵਿਖੇ ਇਕ ਨੌਜਵਾਨ ਕੋਲੋਂ 10 ਲੱਖ ਰੁਪਏ ਖੋਹ ਕੇ ਉਸ ਦਾ ਕਤਲ ਕਰਕੇ ਨਹਿਰ ’ਚ ਸੁੱਟ ਦਿੱਤਾ, ਜਿਸ ਦੀ ਨਹਿਰ ਵਿਚੋਂ ਲਾਸ਼ ਮਿਲੀ ਹੈ। ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ 103 ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨ ਵਿਚ ਸੰਗੀਤਾ ਪਤਨੀ ਰਣਦੀਪ ਸ਼ਰਮਾ ਵਾਸੀ ਗਲੀ ਨੰਬਰ 3 ਮੁਹੱਲਾ ਨਾਨਕਪੁਰਾ ਬਾਂਸੀ ਗੇਟ ਫਿਰੋਜ਼ਪੁਰ ਸ਼ਹਿਰ ਨੇ ਦੱਸਿਆ ਕਿ ਉਸ ਦਾ ਲੜਕਾ ਨਿਤਿਨ ਸ਼ਰਮਾ ਉਮਰ ਕਰੀਬ 24 ਸਾਲ ਜੋ ਬਤੌਰ ਅਕਾਊਟੈਂਟ ਜੀਐੱਮਡੀ ਲੁਧਿਆਣਾ ਵਿਖੇ ਪ੍ਰਾਈਵੇਟ ਨੌਕਰੀ ਕਰਦਾ ਸੀ। ਮਿਤੀ 21 ਜਨਵਰੀ 2025 ਨੂੰ ਕਰੀਬ 6 ਵਜੇ ਸ਼ਾਮੀ ਨਿਤਿਨ ਸ਼ਰਮਾ ਸੁਬੋਧ ਕੱਕੜ ਉਰਪ ਪ੍ਰਿੰਸ ਮਾਲਕ ਮੈਡੀਸਿਟੀ ਹਸਪਤਾਲ ਨੇੜੇ ਮੁਲਤਾਨੀ ਗੇਟ ਫਿਰੋਜ਼ਪੁਰ ਸ਼ਹਿਰ ਪਾਸੋਂ ਕੰਪਨੀ ਜੀਐੱਮਡੀ ਲੁਧਿਆਣਾ ਦਾ ਕੈਸ਼ ਲੈ ਕੇ ਘਰ ਆਇਆ ਸੀ, ਜੋ ਅਗਲੇ ਦਿਨ ਤੜਕੇ ਸਾਢੇ 4 ਵਜੇ ਸਵੇਰੇ ਇਹ ਕੰਪਨੀ ਦਾ ਕੈਸ਼ ਕਿੱਟ ਬੈਗ ਵਿਚ ਪਾ ਕੇ ਘਰੋਂ ਰੇਲਵੇ ਸਟੇਸ਼ਨ ਲਈ ਲੁਧਿਆਣਾ ਕੰਪਨੀ ਜਾਣ ਲਈ ਗਿਆ ਸੀ। ਸੰਗੀਤਾ ਨੇ ਦੱਸਿਆ ਕਿ ਮਿਤੀ 18 ਫਰਵਰੀ 2025 ਨੂੰ ਸੋਸ਼ਲ ਮੀਡੀਆ ’ਤੇ ਇਕ ਵੀਡਿਓ ਤੋਂ ਉਨ੍ਹਾਂ ਨੂੰ ਆਪਣੇ ਲੜਕੇ ਦੀ ਪਛਾਣ ਕੀਤੀ ਸੀ, ਫਿਰ ਵੀਡਿਓ ਵਿਚ ਦੱਸੇ ਹੋਏ ਮੋਬਾਇਲ ’ਤੇ ਗੱਲ ਕਰਕੇ ਦਿੱਤੇ ਹੋਏ ਪਤੇ ਥਾਣਾ ਛੱਤਰਗੜ੍ਹ ਜ਼ਿਲ੍ਹਾ ਬਿਕਾਨੇਰ ਰਾਜਸਥਾਨ ਵਿਖੇ ਪੁੱਜੇ ਜਿਥੇ ਪਤਾ ਲੱਗਾ ਕਿ ਨਿਤਿਨ ਸ਼ਰਮਾ ਦੀ ਲਾਸ਼ ਮਿਤੀ 8 ਫਰਵਰੀ 2025 ਨੂੰ ਸਤਾਸਰ ਨਹਿਰ ਪੁਲੀ ਹੇਠੋਂ ਮਿਲੀ ਸੀ। ਉਸ ਨੂੰ ਪੱਕਾ ਯਕੀਨ ਹੈ ਕਿ ਉਸ ਦੇ ਲੜਕੇ ਨਿਤਿਨ ਸ਼ਰਮਾ ਪਾਸ ਜੋ ਕੰਪਨੀ ਦੇ 10 ਲੱਖ ਰੁਪਏ ਸਨ ਉਹ ਕਿਸੇ ਅਣਪਛਾਤੇ ਵਿਅਕਤੀਆਂ ਨੇ ਖੋਹ ਕੇ ਉਸ ਦਾ ਕਤਲ ਕਰਕੇ ਉਸ ਨੂੰ ਨਹਿਰ ਵਿਚ ਸੁੱਟ ਦਿੱਤਾ। ਇਸ ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਹਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।



