Punjab

ਸੁਖਬੀਰ ਬਾਦਲ ਦੇ ਹੱਥ ਮੁੜ ਆਵੇਗੀ ਅਕਾਲੀ ਦਲ ਦੀ ਕਮਾਨ, ਵਰਕਿੰਗ ਕਮੇਟੀ ਦੀ ਮੀਟਿੰਗ ਅੱਜ

ਡਾ: ਰਮਨਦੀਪ ਕੌਰ

ਚੰਡੀਗੜ੍ਹ, 8 ਅਪਰੈਲ-ਸੁਖਬੀਰ ਸਿੰਘ ਬਾਦਲ (Sukhbir Singh Badal) ਦਾ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦਾ ਮੁੜ ਪ੍ਰਧਾਨ ਬਣਨਾ ਲਗਪਗ ਤੈਅ ਹੈ। ਪਾਰਟੀ ਨੇ ਜ਼ਿਲ੍ਹਾ ਡੈਲੀਗੇਟ ਦੀ ਚੋਣ ਪ੍ਰਕਿਰਿਆ ਮੁਕੰਮਲ ਕਰ ਲਈ ਹੈ। ਜ਼ਿਲ੍ਹਾ ਡੈਲੀਗੇਟ ਨੇ ਪ੍ਰਧਾਨ ਦੀ ਚੋਣ ਸਬੰਧੀ ਸਾਰੇ ਅਧਿਕਾਰ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਸੌਂਪ ਦਿੱਤੇ ਹਨ। ਪਾਰਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਮੰਗਲਵਾਰ ਦੁਪਹਿਰ ਦੋ ਵਜੇ ਹੋਵੇਗੀ ਜਿਸ ਵਿਚ ਪ੍ਰਧਾਨ ਦੀ ਚੋਣ ਕਰਵਾਉਣ ਸਬੰਧੀ ਫੈਸਲਾ ਲਿਆ ਜਾਵੇਗਾ। ਸੂਤਰ ਦੱਸਦੇ ਹਨ ਕਿ ਵਿਸਾਖੀ ਤੋਂ ਪਹਿਲਾਂ 11 ਜਾਂ 12 ਅਪ੍ਰੈਲ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਮਿਲ ਜਾਵੇਗਾ। ਨਵੇਂ ਪ੍ਰਧਾਨ ਦਾ ਤਾਜ ਸੁਖਬੀਰ ਬਾਦਲ ਦੇ ਸਿਰ ’ਤੇ ਸਜਾਉਣ ਲਈ ਸਾਰੀ ਪ੍ਰਕਿਰਿਆ ਕਰੀਬ ਪੂਰੀ ਹੋ ਚੁੱਕੀ ਹੈ। ਸਿਰਫ਼ ਰਸਮੀ ਐਲਾਨ ਬਾਕੀ ਹੈ। ਜਾਣਕਾਰੀ ਅਨੁਸਾਰ ਅਕਾਲੀ ਦਲ ਨੇ ਵਰਕਿੰਗ ਕਮੇਟੀ ਦੀ ਮੀਟਿੰਗ ਮੰਗਲਵਾਰ ਬਾਅਦ ਦੁਪਹਿਰ ਦੋ ਵਜੇ ਬੁਲਾਈ ਹੈ। ਮੀਟਿੰਗ ਵਿਚ ਡੈਲੀਗੇਟ ਅਤੇ ਪ੍ਰਧਾਨ ਦੀ ਚੋਣ ਕਰਵਾਉਣ ਸਬੰਧੀ ਤਰੀਕ ਨੂੰ ਅੰਤਮ ਰੂਪ ਦਿੱਤਾ ਜਾਵੇਗਾ। ਦੱਸਿਆ ਜਾਂਦਾ ਹੈ ਕਿ ਹਰੇਕ ਜ਼ਿਲ੍ਹੇ, ਵਿਧਾਨ ਸਭਾ ਹਲਕੇ ਵਿਚੋਂ ਚਾਰ ਡੈਲੀਗੇਟ ਸਟੇਟ ਲਈ ਚੁਣਨ ਦਾ ਫ਼ੈਸਲਾ ਲਿਆ ਜਾ ਸਕਦਾ ਹੈ। ਫਿਰ ਇਹ ਸਟੇਟ ਡੈਲੀਗੇਟ ਪਾਰਟੀ ਦੇ ਪ੍ਰਧਾਨ ਚੁਣਨਗੇ। ਚਰਚਾ ਹੈ ਕਿ ਸਿੱਖ ਪੰਥ ਦੀ ਸਥਾਪਨਾ, ਵਿਸਾਖੀ ਤੋ ਪਹਿਲਾਂ ਪਾਰਟੀ ਚੋਣ ਪ੍ਰਕਿਰਿਆ ਪੂਰੀ ਕਰਨ ਦੀ ਇੱਛੁਕ ਹੈ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿ ਵਿਸਾਖੀ ਮੌਕੇ ਤਲਵੰਡੀ ਸਾਬੋ ਵਿਖੇ ਹੋਣ ਵਾਲੀ ਕਾਨਫਰੰਸ ਵਿਚ ਪਾਰਟੀ ਦੇ ਨਵੇ ਪ੍ਰਧਾਨ ਨੂੰ ਲੋਕਾਂ ਦੇ ਰੂਬਰੂ ਕੀਤਾ ਜਾ ਸਕੇ। ਵਿਸਾਖੀ ਕਾਨਫਰੰਸ ਅਕਾਲੀ ਸਿਆਸਤ ਵਿਚ ਕਾਫ਼ੀ ਮਹੱਤਵ ਰੱਖਦੀ ਹੈ ਕਿਉਂਕਿ ਇਸ ਦਿਨ ਖਾਲਸਾ ਪੰਥ ਦੀ ਸਥਾਪਨਾ ਹੋਈ ਸੀ। ਵਿਸਾਖੀ ਤੋਂ ਕਣਕ ਦੀ ਵਾਢੀ ਦਾ ਕੰਮ ਵੀ ਸ਼ੁਰੂ ਹੋ ਜਾਂਦਾ ਹੈ। ਪਾਰਟੀ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਵਰਕਿੰਗ ਕਮੇਟੀ ਦੀ ਮੀਟਿੰਗ ਮੰਗਲਵਾਰ 8 ਅਪ੍ਰੈਲ ਨੂੰ ਬੁਲਾਏ ਜਾਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿਚ ਪ੍ਰਧਾਨ ਦੀ ਚੋਣ ਕਰਵਾਉਣ ਬਾਰੇ ਫ਼ੈਸਲਾ ਲਿਆ ਜਾ ਸਕਦਾ ਹੈ। ਚੀਮਾ ਅਨੁਸਾਰ 500 ਤੋਂ ਵੱਧ ਡੈਲੀਗੇਟ ਚੋਣ ਪ੍ਰਕਿਰਿਆ ਵਿਚ ਹਿੱਸਾ ਲੈ ਸਕਦੇ ਹਨ। ਹਰੇਕ ਵਿਧਾਨ ਸਭਾ ਹਲਕੇ ਵਿਚ ਚਾਰ ਡੈਲੀਗੇਟ ਬਣਾਏ ਗਏ ਹਨ। ਇਸ ਤਰ੍ਹਾਂ 468 ਡੈਲੀਗੇਟ ਬਣਦੇ ਹਨ ਜਦਕਿ ਦੂਜੇ ਰਾਜਾਂ ਵਿਚੋ ਕੁਝ ਡੈਲੀਗੇਟ ਚੋਣ ਪ੍ਰਕਿਰਿਆ ਵਿਚ ਹਿੱਸਾ ਲੈਣਗੇ। ਚਰਚਾ ਹੈ ਕਿ ਸੁਖਬੀਰ ਬਾਦਲ ਨੂੰ ਸਰਬਸੰਮਤੀ ਨਾਲ ਦੁਬਾਰਾ ਪ੍ਰਧਾਨ ਚੁਣ ਲਿਆ ਜਾਵੇਗਾ। ਇਸ ਸਮੇ ਪਾਰਟੀ ਦੇ ਅੰਦਰ ਜਾਂ ਡੈਲੀਗੇਟ ਵਿਚੋ ਉਨ੍ਹਾਂ ਨੂੰ ਕੋਈ ਚੁਣੌਤੀ ਦੇਣ ਵਾਲਾ ਨਹੀ ਹੈ। ਵਰਨਣਯੋਗ ਹੈ ਕਿ ਸੁਖਬੀਰ ਬਾਦਲ ਨੇ 16 ਨਵੰਬਰ 2024 ਨੂੰ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਵਰਕਿੰਗ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਬਾਅ ਹੇਠ 10 ਜਨਵਰੀ ਨੂੰ ਅਸਤੀਫਾ ਸਵੀਕਾਰ ਕੀਤਾ ਸੀ।

Related Articles

Leave a Reply

Your email address will not be published. Required fields are marked *

Back to top button