Punjab

ਕਿਸੇ ਵੇਲੇ ਵੀ ਹੋ ਸਕਦੀ ਹੈ ਭਗੌੜੇ ਪਾਦਰੀ ਦੀ ਗ੍ਰਿਫ਼ਤਾਰੀ, ਪੁਲਿਸ ਨੇ ਪਤਾ ਲਾਈ ਲੋਕੇਸ਼ਨ; ਡੀਐੱਸਪੀ ਦੀ ਅਗਵਾਈ ’ਚ ਛੇ ਮੈਂਬਰੀ ਟੀਮ ਜੰਮੂ ਰਵਾਨਾ

ਗੁਰਦਾਸਪੁਰ, 7 ਅਪਰੈਲ-ਬੀਸੀਏ ਦੀ ਵਿਦਿਆਰਥਣ ਨਾਲ ਜਬਰ ਜਨਾਹ ਤੇ ਜਬਰੀ ਗਰਭਪਾਤ ਤੋਂ ਬਾਅਦ ਉਸ ਦੀ ਮੌਤ ਦੇ ਮਾਮਲੇ ’ਚ ਦੋ ਸਾਲਾਂ ਤੋਂ ਫਰਾਰ ਪਾਸਟਰ ਜਸ਼ਨ ਗਿੱਲ ਦੀ ਗ੍ਰਿਫ਼ਤਾਰੀ ਕਿਸੇ ਵੇਲੇ ਵੀ ਹੋਸਕਦੀ ਹੈ। ਗੁਰਦਾਸਪੁਰ ਦੇ ਐੱਸਐੱਸਪੀ ਆਦਿੱਤਿਆ ਨੇ ਡੀਐੱਸਪੀ ਅਮੋਲਕ ਸਿੰਘ ਦੀ ਅਗਵਾਈ ’ਚ ਛੇ ਮੈਂਬਰੀ ਟੀਮ ਬਣਾਈ ਹੈ। ਇਹ ਵਿਸ਼ੇਸ਼ ਟੀਮ ਜਲਦੀ ਹੀ ਮੁਲਜ਼ਮ ਦੀ ਭਾਲ ਲਈ ਜੰਮੂ ਰਵਾਨਾ ਹੋਵੇਗੀ। ਟੀਮ ਨੇ ਮ੍ਰਿਤਕ ਵਿਦਿਆਰਥਣ ਦੇ ਪਿਤਾ ਨਾਲ ਵੀ ਸੰਪਰਕ ਕੀਤਾ ਹੈ। ਉਨ੍ਹਾਂ ਤੋਂ ਪਾਦਰੀ ਬਾਰੇ ਜਾਣਕਾਰੀ ਇਕੱਠੀ ਕੀਤੀ ਹੈ ਤਾਂ ਜੋ ਉਸ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ। ਮ੍ਰਿਤਕ ਵਿਦਿਆਰਥਣ ਦੇ ਪਿਤਾ ਨੇ ਕਿਹਾ ਕਿ ਪਾਸਟਰ ਨੂੰ ਗ੍ਰਿਫ਼ਤਾਰ ਕਰਨ ਲਈ ਬਣਾਈ ਗਈ ਪੁਲਿਸ ਟੀਮ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਹੈ। ਟੀਮ ਨੇ ਉਸ ਤੋਂ ਪਾਦਰੀ ਦੇ ਮੋਬਾਈਲ ਫੋਨ ਨੰਬਰ ਤੇ ਉਸਦੀ ਲੋਕੇਸ਼ਨ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਸੋਮਵਾਰ ਨੂੰ ਐੱਸਐੱਸਪੀ ਗੁਰਦਾਸਪੁਰ ਨੂੰ ਵੀ ਮਿਲਣ ਜਾ ਰਹੇ ਹਨ। ਉਹ ਐੱਸਐੱਸਪੀ ਨੂੰ ਮਿਲਣਗੇ ਤੇ ਇਸ ਸੰਬੰਧੀ ਸਾਰੀ ਜਾਣਕਾਰੀ ਦੇਣਗੇ। ਜ਼ਿਕਰਯੋਗ ਹੈ ਕਿ 9 ਜੁਲਾਈ 2023 ਨੂੰ ਥਾਣਾ ਦੀਨਾਨਗਰ ਦੇ ਪਿੰਡ ਅੱਬਲਖੈਰ ਦੇ ਰਹਿਣ ਵਾਲੇ ਪਾਸਟਰ ਜਸ਼ਨ ਗਿੱਲ ਖ਼ਿਲਾਫ਼ ਧਾਰਾ 376 ਤੇ 304-ਏ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਹ ਮਾਮਲਾ 21 ਸਾਲਾ ਬੀਸੀਏ ਦੀ ਵਿਦਿਆਰਥਣ ਨਾਲ ਜਬਰ ਜਨਾਹ ਦੇ ਦੋਸ਼ਾਂ ਤਹਿਤ ਦਰਜ ਕੀਤਾ ਗਿਆ ਸੀ। ਪਰਿਵਾਰ ਨੂੰ ਇਸ ਬਾਰੇ ਉਦੋਂ ਪਤਾ ਲੱਗਾ ਜਦੋਂ ਕੁੜੀ ਦੇ ਪੇਟ ’ਚ ਦਰਦ ਹੋਣ ਲੱਗੀ। ਜਦੋਂ ਵਿਦਿਆਰਥਣ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਦੱਸਿਆ ਕਿ ਉਸਦਾ ਗਰਭਪਾਤ ਹੋਇਆ ਹੈ ਜੋ ਕਿ ਸਹੀ ਢੰਗ ਨਾਲ ਨਹੀਂ ਕੀਤਾ ਗਿਆ ਸੀ। ਜਦੋਂ ਵਿਦਿਆਰਥਣ ਦੀ ਹਾਲਤ ਵਿਗੜ ਗਈ ਤਾਂ ਉਸਨੂੰ ਅੰਮ੍ਰਿਤਸਰ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਇਸ ਦੇ ਨਾਲ ਹੀ ਇਸ ਮਾਮਲੇ ’ਚ ਪੁਲਿਸ ਦੀ ਨਾਕਾਮੀ ਸਾਫ਼ ਦਿਖਾਈ ਦੇ ਰਹੀ ਹੈ ਕਿਉਂਕਿ ਮਾਮਲਾ ਦਰਜ ਹੋਣ ਤੋਂ ਬਾਅਦ ਲਗਭਗ ਦੋ ਸਾਲਾਂ ਤੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਹੁਣ ਮਾਮਲਾ ਸੁਰਖੀਆਂ ’ਚ ਆਉਣ ਤੋਂ ਬਾਅਦ ਪੁਲਿਸ ਹਰਕਤ ’ਚ ਆ ਗਈ ਹੈ। ਵਿਦਿਆਰਥਣ ਦੇ ਪਿਤਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਇਹ ਵੀ ਦੋਸ਼ ਲਗਾਇਆ ਸੀ ਕਿ ਪੁਲਿਸ ਉਸ ’ਤੇ ਮਾਮਲੇ ਨੂੰ ਦਬਾਉਣ ਲਈ ਦਬਾਅ ਪਾ ਰਹੀ ਹੈ। ਇਸ ਕਾਰਨ ਉਸਨੂੰ ਆਪਣਾ ਘਰ ਵੇਚਣਾ ਪਿਆ ਤੇ ਅੰਮ੍ਰਿਤਸਰ ਸ਼ਿਫਟ ਹੋਣਾ ਪਿਆ। ਇਸ ਦੌਰਾਨ ਐੱਸਐੱਸਪੀ ਆਦਿੱਤਿਆ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਪਾਦਰੀ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਸਨੂੰ ਜਲਦੀ ਹੀ ਫੜ ਲਿਆ ਜਾਵੇਗਾ।

Related Articles

Leave a Reply

Your email address will not be published. Required fields are marked *

Back to top button