Punjab

129 ਦਿਨਾਂ ਤੋਂ ਭੁੱਖ ਹੜਤਾਲ ’ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਨੇ ਫ਼ਿਰੋਜ਼ਪੁਰ ਪਹੁੰਚ ਕੀਤੀ ਕਿਸਾਨ ਮਹਾਂ ਪੰਚਾਇਤ

ਸਰਕਾਰਾਂ ਨੇ ਸਾਡੇ ਪਿੱਠ ਵਿੱਚ ਛੁਰਾ ਮਾਰ ਕੇ ਧੋਖੇ ਨਾਲ ਕਿਸਾਨਾਂ ਦੇ ਘਰਾਂ ਅਤੇ ਮੋਰਚਿਆਂ ਉੱਪਰ ਹਮਲਾ ਕੀਤਾ– ਡੱਲੇਵਾਲ

ਫ਼ਿਰੋਜ਼ਪੁਰ, 4 ਅਪ੍ਰੈਲ (ਜਸਵਿੰਦਰ ਸਿੰਘ ਸੰਧੂ, ਬਾਲ ਕਿਸ਼ਨ)– ਕਿਸਾਨਾਂ ਵੱਲੋਂ ਆਪਣੀ ਮੰਗਾਂ ਅਤੇ ਸਰਕਾਰ ਦੇ ਚਿਹਰੇ ਨੂੰ ਬੇਨਕਾਬ ਕਰ ਕਿਸਾਨਾਂ ਨਾਲ ਕੀਤੇ ਗਏ ਧੋਖੇ ਤੇ ਢਾਹੇ ਗਏ ਜ਼ੁਲਮ ਸਬੰਧੀ ਵਿਚਾਰ–ਚਰਚਾ ਕਰਨ ਲਈ ਅੱਜ ਦਾਣਾ ਮੰਡੀ ਫ਼ਿਰੋਜ਼ਪੁਰ ਛਾਉਣੀ ਵਿਖੇ ਇਕ ਮਹਾਂਪੰਚਾਇਤ ਰੱਖੀ ਗਈ, ਜਿਸ ਵਿਚ ਖਨੌਰੀ ਮੋਰਚੇ ’ਤੇ 129 ਦਿਨਾਂ ਤੱਕ ਭੁੱਖ ਹੜਤਾਲ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਮਹਾਂ ਪੰਚਾਇਤ ਵਿਚ ਪਹੁੰਚੇ ਹਜ਼ਾਰਾਂ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਸਰਕਾਰਾਂ ਨੇ ਸਾਡੇ ਪਿੱਠ ਵਿੱਚ ਛੁਰਾ ਮਾਰ ਕੇ ਧੋਖੇ ਨਾਲ ਕਿਸਾਨਾਂ ਦੇ ਘਰਾਂ ਅਤੇ ਮੋਰਚਿਆਂ ਉੱਪਰ ਹਮਲਾ ਕੀਤਾ ਹੈ, ਜੋ ਕਿ ਬਹੁਤ ਹੀ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਜਦੋਂ 18 ਜਨਵਰੀ ਤੱਕ ਹਜ਼ਾਰਾਂ ਨੌਜਵਾਨ ਮੋਰਚਿਆਂ ਉੱਪਰ ਦਿਨ-ਰਾਤ ਪਹਿਰਾ ਦੇ ਰਹੇ ਸਨ ਤਾਂ ਕਿਸੇ ਵੀ ਸਰਕਾਰ ਨੇ ਸਾਡੇ ਮੋਰਚਿਆਂ ਵੱਲ ਦੇਖਣ ਦੀ ਹਿੰਮਤ ਨਹੀਂ ਸੀ ਕੀਤੀ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਪਿੱਛਲੇ ਕਈ ਦਿਨਾਂ ਤੋਂ ਅਮਰੀਕੀ ਵਪਾਰਕ ਵਫ਼ਦ ਭਾਰਤ ਆਇਆ ਹੋਇਆ ਹੈ ਅਤੇ ਅਮਰੀਕੀ ਖੇਤੀ ਉਤਪਾਦਾਂ ’ਤੇ ਦਰਾਮਦ ਡਿਊਟੀ ਖਤਮ ਕਰਨ ਲਈ ਦਬਾਅ ਭਾਰਤ ਸਰਕਾਰ ’ਤੇ ਬਣਾਇਆ ਜਾ ਰਿਹਾ ਹੈ, ਜੇਕਰ ਭਾਰਤ ਸਰਕਾਰ ਇਸ ਦਬਾਅ ਅੱਗੇ ਝੁਕਦੀ ਹੈ ਤਾਂ ਇਹ ਭਾਰਤ ਦੇ ਕਿਸਾਨਾਂ ਲਈ ਮੌਤ ਦੇ ਵਾਰੰਟ ਵਾਂਗ ਹੋਵੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦਾਅਵਾ ਕਰਦੇ ਹਨ ਕਿ ਉਨ੍ਹਾਂ ਦੀ 56 ਇੰਚ ਦੀ ਛਾਤੀ ਹੈ ਅਤੇ ਉਨ੍ਹਾਂ ਦੀ ਸਰਕਾਰ ਕਿਸੇ ਅੱਗੇ ਨਹੀਂ ਝੁਕਦੀ, ਜੇਕਰ ਅਸਲ ਵਿੱਚ ਉਨ੍ਹਾਂ ਕੋਲ 56 ਇੰਚ ਦੀ ਛਾਤੀ ਹੈ ਅਤੇ ਜੇਕਰ ਉਹ ਕਿਸੇ ਵਿਦੇਸ਼ੀ ਸਰਕਾਰ ਅੱਗੇ ਨਹੀਂ ਝੁਕਦੇ ਤਾਂ ਉਨ੍ਹਾਂ ਨੂੰ ਭਾਰਤੀ ਕਿਸਾਨਾਂ ਦੇ ਹੱਕਾਂ ਦੀ ਰਾਖੀ ਲਈ ਸਟੈਂਡ ਲੈਣਾ ਚਾਹੀਦਾ ਹੈ ਅਤੇ ਅਮਰੀਕਾ ਦੇ ਦਬਾਅ ਅੱਗੇ ਨਹੀਂ ਝੁਕਣਾ ਚਾਹੀਦਾ। ਉਨ੍ਹਾਂ ਕਿਹਾ ਕਿ ਐਮ.ਐੱਸ.ਪੀ. ਗਾਰੰਟੀ ਕਾਨੂੰਨ ਦੀ ਲੜਾਈ ਨੂੰ ਜਿੱਤ ਤੱਕ ਲਿਜਾਣਾ ਸਾਡਾ ਦ੍ਰਿੜ ਇਰਾਦਾ ਹੈ ਅਤੇ ਅਸੀਂ ਇਸ ਵਾਅਦੇ ਨੂੰ ਪੂਰਾ ਕਰਨ ਲਈ ਆਪਣੀ ਪੂਰੀ ਜ਼ਿੰਦਗੀ ਦਾਅ ’ਤੇ ਲਗਾ ਦੇਵਾਂਗੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਅੰਦੋਲਨ ਦੇ ਦਬਾਅ ਕਾਰਨ ਖੇਤੀਬਾੜੀ ਮੁੱਦਿਆਂ ਬਾਰੇ ਸੰਸਦ ਦੀ ਸਥਾਈ ਕਮੇਟੀ ਨੇ ਆਪਣੀ ਰਿਪੋਰਟ ਵਿੱਚ ਐਮ.ਐੱਸ.ਪੀ. ਗਾਰੰਟੀ ਕਾਨੂੰਨ ਬਣਾਉਣ ਦੀ ਸਿਫ਼ਾਰਸ਼ ਕੀਤੀ ਹੈ। ਉਨ੍ਹਾਂ ਕਿਸਾਨ ਹੱਕ ਦੇ ਲਈ ਆਪਣੀ ਰਣਨੀਤੀ ਦੱਸਦੇ ਹੋਏ ਕਿਹਾ ਕਿ ਕੱਲ੍ਹ 5 ਅਪ੍ਰੈਲ ਨੂੰ ਪਟਿਆਲਾ, 6 ਅਪ੍ਰੈਲ ਨੂੰ ਫ਼ਤਹਿਗੜ੍ਹ ਸਾਹਿਬ, 7 ਅਪ੍ਰੈਲ ਨੂੰ ਧਨੌਲਾ (ਬਰਨਾਲਾ), 8 ਅਪ੍ਰੈਲ ਨੂੰ ਦੋਦਾ (ਮੁਕਤਸਰ ਸਾਹਿਬ), 9 ਅਪ੍ਰੈਲ ਨੂੰ ਫਾਜ਼ਿਲਕਾ, 10 ਅਪ੍ਰੈਲ ਨੂੰ ਅੰਮ੍ਰਿਤਸਰ ਅਤੇ ਮਈ ਮਹੀਨੇ ਵਿਚ ਹਰਿਆਣਾ ਅਤੇ ਰਾਜਸਥਾਨ ਵਿਚ ਮਹਾਂਪੰਚਾਇਤਾਂ ਹੋਣਗੀਆਂ, ਜਿਸ ਵਿਚ ਵੀ ਹਜ਼ਾਰਾਂ ਕਿਸਾਨਾਂ ਦਾ ਇਕੱਠ ਕਰਕੇ ਸਰਕਾਰ ਖ਼ਿਲਾਫ਼ ਸੰਘਰਸ਼ ਦੀ ਰਣਨੀਤੀ ਬਣਾਈ ਜਾਵੇਗੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪੂਰਬੀ ਇਕਬਾਲ ਸਿੰਘ ਵੜਿੰਗ, ਜ਼ਿਲ੍ਹਾ ਪ੍ਰਧਾਨ ਪੱਛਮੀ ਗੁਰਮੀਤ ਸਿੰਘ ਘੋੜੇ ਚੱਕ, ਜ਼ਿਲ੍ਹਾ ਪ੍ਰਧਾਨ ਮੋਗਾ ਲਵਜੀਤ ਸਿੰਘ ਦੱਦਾਹੂਰਾ ਅਤੇ ਸਮੂਹ ਬਲਾਕਾਂ ਦੇ ਆਗੂ ਸਹਿਬਾਨ ਅਤੇ ਸਮੂਹ ਇਕਾਈਆਂ ਦੇ ਆਗੂ ਅਤੇ ਮੈਂਬਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button