
ਫ਼ਿਰੋਜ਼ਪੁਰ, 28 ਮਾਰਚ (ਜਸਵਿੰਦਰ ਸਿੰਘ ਸੰਧੂ)– ਮਾਨਯੋਗ ਜਸਟਿਸ ਹਰਸ਼ ਬੰਗੜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ—ਕਮ—ਪ੍ਰਬੰਧਕੀ ਜੱਜ, ਸ਼ੈਸ਼ਨ ਡਵੀਜਨ ਫ਼ਿਰੋਜਪੁਰ ਵੱਲੋਂ ਅੱਜ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਕੇਂਦਰੀ ਜ਼ੇਲ੍ਹ ਦਾ ਦੌਰਾ ਕੀਤਾ ਗਿਆ। ਇਸ ਮੌਕੇ ਸ਼੍ਰੀ ਵੀਰਇੰਦਰ ਅਗਰਵਾਲ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ–ਸਹਿਤ–ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਿਰੋਜ਼ਪੁਰ, ਸ੍ਰੀ ਭੁਪਿੰਦਰ ਸਿੰਘ ਸਿੱਧੂ ਸੀਨੀਅਰ ਪੁਲਿਸ ਕਪਤਾਨ ਫ਼ਿਰੋਜ਼ਪੁਰ, ਮੈਡਮ ਅਨੁਰਾਧਾ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਸਹਿਤ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਿਰੋਜ਼ਪੁਰ, ਸ਼੍ਰੀ ਸਤਨਾਮ ਸਿੰਘ ਜ਼ੇਲ੍ਹ ਸੁਪਰਡੈਂਟ, ਸ੍ਰੀ ਗੁਰਮੀਤ ਸਿੰਘ ਅਡਿਸ਼ਨਲ ਸੁਪਰਡੈਂਟ ਕੇਂਦਰੀ ਜ਼ੇਲ੍ਹ ਫ਼ਿਰੋਜ਼ਪੁਰ ਅਤੇ ਹੋਰ ਜ਼ੇਲ੍ਹ ਅਧਿਕਾਰੀ ਅਤੇ ਸਟਾਫ਼ ਵੀ ਮੌਜੂਦ ਸੀ। ਇਸ ਦੌਰਾਨ ਮਾਨਯੋਗ ਜਸਟਿਸ ਸਾਹਿਬ ਨੇ ਕੇਂਦਰੀ ਜੇਲ੍ਹ ਵਿਖੇ ਹਵਾਲਾਤੀਆਂ ਤੇ ਕੈਦੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਜ਼ੇਲ੍ਹ ਕੈਦੀਆਂ ਵਲੋਂ ਜ਼ੇਲ੍ਹ ਦੀ ਫੈਕਟਰੀ ਵਿਚ ਤਿਆਰ ਕੀਤੀਆਂ ਗਈਆਂ ਵਸਤਾਂ ਦੇਖੀਆਂ। ਇਸ ਤੋਂ ਬਾਅਦ ਮਾਨਯੋਗ ਜਸਟਿਸ ਸਾਹਿਬ ਨੇ ਜਨਾਨਾ ਵਾਰਡ ਵਿਚ ਜਾ ਕੇ ਵੀ ਔਰਤ ਬੰਦੀਆਂ/ਹਵਾਲਾਤੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਜ਼ੇਲ੍ਹ ਵਿਚ ਔਰਤ ਬੰਦੀਆਂ ਲਈ ਪੰਜਾਬ ਨੈਸ਼ਨਲ ਬੈਂਕ ਪੇਂਡੂ ਸਵੈ–ਰੁਜ਼ਗਾਰ ਸਿਖਲਾਈ ਸੰਸਥਾ ਜ਼ੀਰਾ ਦੇ ਸਹਿਯੋਗ ਨਾਲ ਸ਼ੁਰੂ ਕਰਵਾਏ ਜਾ ਰਹੇ ਔਰਤਾਂ ਲਈ ਸਿਲਾਈ ਕੋਰਸ ਦਾ ਉਦਘਾਟਨ ਕੀਤਾ ਅਤੇ ਜ਼ਿਲ੍ਹਾ ਪ੍ਰਸਾਸ਼ਨ ਫ਼ਿਰੋਜਪੁਰ ਦੇ ਸਹਿਯੋਗ ਨਾਲ ਜ਼ੇਲ੍ਹ ਵਿੱਚ ਸਿਲਾਈ ਸਿੱਖਿਅਤ ਔਰਤਾਂ ਨੂੰ ਜ਼ੇਲ੍ਹ ਵਿਚ ਸਿਲਾਈ ਦਾ ਕੰਮ ਕਰਨ ਲਈ 5 ਸਿਲਾਈ ਮਸ਼ੀਨਾਂ ਮੁਹੱਈਆ ਕਰਵਾਈਆਂ ਗਈਆਂ। ਇਸ ਦੇ ਨਾਲ ਹੀ ਮਾਨਯੋਗ ਜਸਟਿਸ ਸਾਹਿਬ ਵੱਲੋਂ ਜ਼ੇਲ੍ਹ ਵਿੱਚ ਬੰਦੀਆਂ ਨੂੰ ਨਿਗ੍ਹਾ ਵਾਲੀਆਂ ਐਨਕਾਂ ਵੰਡੀਆਂ ਗਈਆਂ। ਇਸ ਤੋਂ ਇਲਾਵਾ ਜ਼ੇਲ੍ਹ ਵਿਖੇ ਬਣੀ ਰਸੋਈ ਦਾ ਅਤੇ ਇੱਥੇ ਬਣੇ ਖਾਣੇ ਦਾ ਵੀ ਨਿਰੀਖਣ ਕੀਤਾ। ਅੰਤ ਵਿੱਚ ਮਾਨਯੋਗ ਜਸਟਿਸ ਸਾਹਿਬ ਜੀ ਨੇ ਇੱਥੋਂ ਤੋਂ ਵਿਦਾਇਗੀ ਲਈ।



