
ਫ਼ਿਰੋਜ਼ਪੁਰ, 24 ਮਾਰਚ (ਬਾਲ ਕਿਸ਼ਨ)– ਥਾਣਾ ਕੁੱਲਗੜ੍ਹੀ ਦੇ ਅਧੀਨ ਆਉਂਦੇ ਪਿੰਡ ਸ਼ੇਰ ਖਾਂ ਦੀ ਦਾਣਾ ਮੰਡੀ ਵਿਖੇ ਪ੍ਰੋਗਰਾਮ ਪਾਰਟੀ ਵਿਚ ਫਾਇਰ ਕਰਨ ਦੇ ਦੋਸ਼ ਵਿਚ ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ 9 ਬਾਏ ਨੇਮ ਵਿਅਕਤੀਆਂ ਅਤੇ 10-12 ਅਣਪਛਾਤੇ ਵਿਅਕਤੀਆਂ ਖਿਲਾਫ 125 ਬੀਐੱਐੱਸ, 25, 27, 54, 59 ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਮੁੱਖ ਅਫਸਰ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਬੀਤੇ ਦਿਨ ਗਸ਼ਤ ਵਾ ਚੈਕਿੰਗ ਦੇ ਸਬੰਧ ਵਿਚ ਨੇੜੇ ਬੱਸ ਅੱਡਾ ਸ਼ੇਰ ਖਾਂ ਪਾਸ ਪੁੱਜੀ ਤਾਂ ਇਸ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਨਾਮਜ਼ਦ ਦੋਸ਼ੀਅਨ ਜਗਸੀਰ ਸਿੰਘ ਉਰਫ ਸ਼ੀਸ਼ੂ ਪੁੱਤਰ ਬਗੀਚਾ ਸਿੰਘ, ਗੀਤਾ ਪਤਨੀ ਜਗਸੀਰ ਸਿੰਘ, ਸਨਮ ਪੁੱਤਰ ਮਹੇਸ਼, ਸੁਖਦੇਵ ਸਿੰਘ ਉਰਫ ਸੁੱਖਾ ਪੁੱਤਰ ਕਰਨੈਲ ਸਿੰਘ, ਗੁਰਮੁੱਖ ਸਿੰਘ ਉਰਫ ਈਲੂ ਪੁੱਤਰ ਕਰਨੈਲ ਸਿੰਘ, ਵਿਕਰਮ ਉਰਫ ਵਿੱਕੀ ਪੁੱਤਰ ਰਾਜ ਕੁਮਾਰ ਵਾਸੀਅਨ ਪਿੰਡ ਸ਼ੇਰ ਖਾਂ, ਵਿੱਕੀ ਉਰਫ ਸੁੰਡੀ ਪੁੱਤਰ ਸੁਰਜੀਤ ਵਾਸੀ ਬਸਤੀ ਆਵਾ ਸਿਟੀ ਫਿਰੋਜ਼ਪੁਰ, ਨੰਨਾ ਵਾਸੀ ਲੂਥੜ, ਗਗਨ ਸਰਪੰਚ ਅਤੇ ਇਸ ਤੋਂ ਇਲਾਵਾ 10-12 ਅਣਪਛਾਤੇ ਵਿਅਕਤੀ ਜੋ ਦਾਣਾ ਮੰਡੀ ਸ਼ੇਰ ਖਾਂ ਵਿਖੇ ਪ੍ਰੋਗਰਾਮ (ਪਾਰਟੀ) ਵਿਚ ਹਥਿਆਰਾਂ ਨਾਲ ਹਵਾਈ ਫਾਇਰ ਕਰ ਰਹੇ ਹਨ, ਜੇਕਰ ਹੁਣੇ ਛਾਪੇਮਾਰੀ ਕੀਤੀ ਜਾਵੇ ਤਾਂ ਹਥਿਆਰਾਂ ਸਮੇਤ ਰੰਗੇ ਹੱਥੀਂ ਕਾਬੂ ਆ ਸਕਦੇ ਹਨ। ਪੁਲਿਸ ਨੇ ਦੱਸਿਆ ਕਿ ਉਕਤ ਜਗ੍ਹਾ ’ਤੇ ਛਾਪੇਮਾਰੀ ਕਰਕੇ ਵਿਕਰਮ ਉਰਫ ਵਿੱਕੀ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 3 ਖੋਲ 32 ਬੋਰ ਅਤੇ 1 ਖੋਲ 30 ਬੋਰ ਬਰਾਮਦ ਕੀਤਾ। ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।



