
ਜਗਰਾਓ, 24 ਮਾਰਚ-ਜਗਰਾਓਂ ’ਚ ਨਸ਼ਿਆਂ ਨੇ ਇਕ ਹੋਰ ਜ਼ਿੰਦਗੀ ਲੀਲ ਲਈ। ਇਸ ਵਾਰ ਤਿੰਨ ਬੱਚਿਆਂ ਦੇ ਪਿਓ ਦੀ ਨਸ਼ਾ ਨਾ ਮਿਲਣ ਕਾਰਨ ਮੌਤ ਹੋ ਗਈ। ਮ੍ਰਿਤਕ ਦੇ ਵੱਡੇ ਭਰਾ ਨੇ ਦੱਸਿਆ ਕਿ ਪੁਲਿਸ ਸਖ਼ਤੀ ਕਾਰਨ ਨਸ਼ੇ ਦੇ ਆਦੀ ਉਸ ਦੇ ਭਰਾ ਨੂੰ ਨਸ਼ਾ ਨਾ ਮਿਲਿਆ ਅਤੇ ਨਸ਼ੇ ਦੀ ਭਾਲ ’ਚ ਭਟਕਦੇ ਦੀ ਨਸ਼ੇ ਦੀ ਤੋੜ ’ਚ ਜਾਨ ਚਲੀ ਗਈ। ਜਗਰਾਓਂ ਦੀ ਇੰਦਰਾ ਕਾਲੋਨੀ ਵਾਸੀ ਸੁਰਜੀਤ ਸਿੰਘ ਨੇ ਦੱਸਿਆ ਕਿ ਕਰੀਬ 8-10 ਸਾਲ ਪਹਿਲਾਂ ਉਸ ਦਾ ਭਰਾ ਸਿਕੰਦਰ ਸਿੰਘ ਨਸ਼ਿਆਂ ਦੀ ਲਪੇਟ ’ਚ ਫਸ ਗਿਆ। ਦੋ ਧੀਆਂ ਤੇ ਇੱਕ ਪੁੱਤ ਦਾ ਪਿਓ ਸਿਕੰਦਰ ਸਿੰਘ ਆਪਣੀ ਨਸ਼ਿਆਂ ਦੀ ਲਤ ਪੂਰੀ ਕਰਨ ਲਈ ਮਹਿੰਗੇ ਨਸ਼ੇ ਕਰਨ ਤੇ ਵੇਚਣ ਲੱਗ ਪਿਆ। ਪਿਛਲੇ ਕੁਝ ਸਮੇਂ ਤੋਂ ਪੁਲਿਸ ਵੱਲੋਂ ਨਸ਼ਿਆਂ ਨੂੰ ਲੈ ਕੇ ਸਖ਼ਤੀ ਕਰਨ ਕਾਰਨ ਸਿਕੰਦਰ ਸਿੰਘ ਨੂੰ ਕਿਸੇ ਪਾਸਿਓਂ ਨਸ਼ਾ ਨਾ ਮਿਲਿਆ। ਜਿਸ ਕਰ ਕੇ ਸ਼ਹਿਰ ’ਚ ਨਸ਼ਾ ਨਾ ਮਿਲਣ ਕਾਰਨ ਉਹ ਆਪਣੇ ਸਹੁਰੇ ਪਿੰਡ ਸੋਢੀਵਾਲ ਜਾ ਪੁੱਜਾ। 3-4 ਦਿਨ ਤੋਂ ਉਥੇ ਵੀ ਨਸ਼ਾ ਭਾਲਦਾ ਰਿਹਾ ਪਰ ਕਿਧਰੋਂ ਵੀ ਨਸ਼ਾ ਨਾ ਮਿਲਿਆ। ਆਖ਼ਰ ਨਸ਼ੇ ਦੀ ਤੋੜ ਕਾਰਨ ਬੀਤੀ ਰਾਤ ਉਸ ਦੀ ਆਪਣੇ ਸਹੁਰੇ ਪਿੰਡ ਮੌਤ ਹੋ ਗਈ।
ਹਰ ਦੂਜੇ ਘਰ ’ਚੋਂ ਕੋਈ ਨਾ ਕੋਈ ਨਸ਼ਿਆਂ ਦੀ ਲਪੇਟ ’ਚ
ਮ੍ਰਿ੍ਤਕ ਸਿਕੰਦਰ ਸਿੰਘ ਦੇ ਭਰਾ ਸੁਰਜੀਤ ਸਿੰਘ ਸਮੇਤ ਇੰਦਰਾ ਕਾਲੋਨੀ ਦੇ ਵਸਨੀਕਾਂ ਨੇ ਉਨ੍ਹਾਂ ਦੇ ਇਲਾਕੇ ’ਚ ਨਸ਼ਿਆਂ ਦੇ ਪਸਾਰੇ ਦੀ ਦੁਹਾਈ ਦਿੱਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਇਲਾਕੇ ਇੰਦਰਾ ਕਾਲੋਨੀ ’ਚ ਕਰੀਬ 150 ਘਰ ਹਨ। ਇਨ੍ਹਾਂ 150 ਘਰਾਂ ’ਚੋਂ 60-65 ਘਰਾਂ ਵਿਚ ਕੋਈ ਨਾ ਕੋਈ ਵਿਅਕਤੀ ਨਸ਼ਿਆਂ ’ਚ ਫਸਿਆ ਹੋਇਆ ਹੈ। ਜਿਸ ਕਰ ਕੇ ਨਸ਼ਿਆਂ ਦੀ ਓਵਰਡੋਜ਼ ਤੇ ਨਸ਼ਿਆਂ ਦੀ ਤੋੜ ਕਾਰਨ ਮੌਤਾਂ ਦਾ ਸਿਲਸਿਲਾ ਰੁਕਨ ਦਾ ਨਾਮ ਨਹੀਂ ਲੈ ਰਿਹਾ।
ਨਸ਼ਿਆਂ ਖ਼ਿਲਾਫ਼ ਔਰਤਾਂ ਦਾ ਮੋਰਚਾ ਸਫਲ
ਇੰਦਰਾ ਕਾਲੋਨੀ ’ਚ ਪਿਛਲੇ ਦਿਨੀਂ ਔਰਤਾਂ ਨੇ ਨਸ਼ਾ ਤਸਕਰੀ ਖ਼ਿਲਾਫ਼ ਮੋਰਚਾ ਖੋਲਿ੍ਹਆ ਹੋਇਆ ਹੈ। ਇਸ ’ਚ ਔਰਤਾਂ ਦੇ ਇਕੱਠ ਨੇ ਕੁਝ ਦਿਨ ਪਹਿਲਾਂ ਨਸ਼ਾ ਵੇਚਣ ਆਏ ਦੋ ਵਿਅਕਤੀਆਂ ਦੀ ਜੰਮ ਕੇ ਛਿੱਤਰ-ਪਰੇਡ ਕੀਤੀ, ਜਿਸ ਕਰ ਕੇ ਉਨ੍ਹਾਂ ਨੂੰ ਉਥੋਂ ਭੱਜਣਾ ਪਿਆ। ਉਸੇ ਦਿਨ ਤੋਂ ਹੀ ਔਰਤਾਂ ਵੱਲੋਂ ਪੂਰੇ ਇਲਾਕੇ ’ਚ ਨਸ਼ਿਆਂ ਖ਼ਿਲਾਫ਼ ਪਹਿਰਾ ਦੇਣ ਕਾਰਨ ਕੋਈ ਨਸ਼ਾ ਤਸਕਰ ਇੰਦਰਾ ਕਾਲੋਨੀ ’ਚ ਦਾਖ਼ਲ ਨਹੀਂ ਹੋ ਪਾ ਰਿਹਾ। ਸਿਕੰਦਰ ਦੀ ਮੌਤ ਕਾਰਨ ਉਸ ਦੇ ਘਰ ਪੁੱਜੇ ਇੰਦਰਾ ਕਾਲੋਨੀ ਦੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਦੇ ਇਲਾਕੇ ਦੀਆਂ ਔਰਤਾਂ ਨੇ ਨਸ਼ਾ ਤਸਕਰੀ ਖ਼ਿਲਾਫ਼ ਜੋ ਜੰਗ ਛੇੜੀ ਹੈ, ਉਹ ਵੀ ਉਨ੍ਹਾਂ ਨਾਲ ਹਨ।



