
ਦੋਹਾ, 23 ਮਾਰਚ-ਟਰੰਪ ਨੇ ਹਾਉਤੀ ਬਾਗੀਆਂ ਦਾ ਸਫਾਇਆ ਕਰਨ ਦੀ ਸਹੁੰ ਖਾਧੀ ਹੈ। ਕੁਝ ਦਿਨ ਪਹਿਲਾਂ ਜਦੋਂ ਅਮਰੀਕੀ ਫੌਜ ਹਾਉਤੀ ਬਾਗੀਆਂ ‘ਤੇ ਹਮਲਾ ਕਰ ਰਹੀ ਸੀ ਤਾਂ ਰਾਸ਼ਟਰਪਤੀ ਟਰੰਪ ਇਸ ਦ੍ਰਿਸ਼ ਨੂੰ ਲਾਈਵ ਦੇਖ ਰਹੇ ਸਨ।
ਅਮਰੀਕਾ ਨੇ ਹਾਉਤੀ ਬਾਗੀਆਂ ‘ਤੇ ਤੇਜ਼ ਕੀਤੇ ਹਮਲੇ
ਅਮਰੀਕਾ ਨੇ ਯਮਨ ਦੇ ਹੋਦੇਦਾਹ ਸ਼ਹਿਰ ਦੇ ਹਵਾਈ ਅੱਡੇ ‘ਤੇ ਤਿੰਨ ਹਮਲੇ ਕੀਤੇ ਹਨ। ਅਮਰੀਕੀ ਫੌਜ ਨੇ ਪੰਜ ਹਵਾਈ ਹਮਲੇ ਕੀਤੇ। ਇਸ ਹਮਲੇ ਵਿੱਚ ਹਾਉਤੀ ਜਲ ਸੈਨਾ ਦੇ ਕਮਾਂਡਰ ਮਨਸੂਰ ਅਲ-ਸਾਦੀ ਜ਼ਖਮੀ ਹੋ ਗਏ ਹਨ। ਟਰੰਪ ਨੇ ਚਿਤਾਵਨੀ ਦਿੱਤੀ ਸੀ ਕਿ ਉਹ ਹਮਲੇ “ਪੂਰੀ ਤਾਕਤ ਨਾਲ” ਜਾਰੀ ਰੱਖਣਗੇ ਜਦੋਂ ਤੱਕ ਹਾਉਤੀ ਬਾਗ਼ੀ ਮਹੱਤਵਪੂਰਨ ਸਮੁੰਦਰੀ ਲਾਂਘੇ ਰਾਹੀਂ ਯਾਤਰਾ ਕਰਨ ਵਾਲੇ ਮਾਲਵਾਹਕ ਜਹਾਜ਼ਾਂ ‘ਤੇ ਆਪਣੇ ਹਮਲੇ ਬੰਦ ਨਹੀਂ ਕਰ ਦਿੰਦੇ। ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਿੱਚ, ਟਰੰਪ ਨੇ ਕਿਹਾ ਸਾਡੇ ਬਹਾਦਰ ਸੈਨਿਕ ਅਮਰੀਕੀ ਜਲ ਮਾਰਗਾਂ, ਹਵਾਈ ਤੇ ਜਲ ਸੈਨਾ ਸੰਪਤੀਆਂ ਦੀ ਰੱਖਿਆ ਕਰਨ ਤੇ ਨੇਵੀਗੇਸ਼ਨ ਦੀ ਆਜ਼ਾਦੀ ਨੂੰ ਬਹਾਲ ਕਰਨ ਲਈ ਅੱਤਵਾਦੀ ਠਿਕਾਣਿਆਂ ‘ਤੇ ਹਵਾਈ ਹਮਲੇ ਕਰ ਰਹੇ ਹਨ। ਉਨ੍ਹਾਂ ਕਿਹਾ ਕੋਈ ਵੀ ਅੱਤਵਾਦੀ ਤਾਕਤ ਅਮਰੀਕੀ ਵਪਾਰਕ ਤੇ ਜਲ ਸੈਨਾ ਜਹਾਜ਼ਾਂ ਨੂੰ ਦੁਨੀਆ ਦੇ ਜਲ ਮਾਰਗਾਂ ‘ਤੇ ਸੁਤੰਤਰ ਰੂਪ ਵਿੱਚ ਘੁੰਮਣ ਤੋਂ ਨਹੀਂ ਰੋਕ ਸਕੇਗੀ।ਇਸ ਤੋਂ ਪਹਿਲਾਂ ਹਾਉਤੀ ਬਾਗੀਆਂ ਨੇ ਇਜ਼ਰਾਈਲ ‘ਤੇ ਮਿਜ਼ਾਈਲ ਨਾਲ ਹਮਲਾ ਕੀਤਾ ਸੀ। ਇਜ਼ਰਾਈਲੀ ਮੀਡੀਆ ਨੇ ਆਈਡੀਐਫ ਦੇ ਹਵਾਲੇ ਨਾਲ ਕਿਹਾ ਕਿ ਐਤਵਾਰ ਨੂੰ ਯਮਨ ਤੋਂ ਆ ਰਹੀ ਇੱਕ ਮਿਜ਼ਾਈਲ ਨੂੰ ਇਜ਼ਰਾਈਲੀ ਹਵਾਈ ਸੈਨਾ ਨੇ ਹਵਾ ਵਿੱਚ ਹੀ ਰੋਕ ਲਿਆ ਤੇ ਨਸ਼ਟ ਕਰ ਦਿੱਤਾ। ਇਸ ਹਮਲੇ ਤੋਂ ਬਾਅਦ ਆਇਰਨ ਡੋਮ ਏਅਰ ਡਿਫੈਂਸ ਸਿਸਟਮ ਸਰਗਰਮ ਹੋ ਗਿਆ ਤੇ ਦੇਸ਼ ਭਰ ਵਿੱਚ ਸਾਇਰਨ ਵੱਜਣੇ ਸ਼ੁਰੂ ਹੋ ਗਏ।



