ਹੁਸੈਨੀਵਾਲਾ ਸ਼ਹੀਦੀ ਸਮਾਰਕ ਵਿਖੇ 23 ਮਾਰਚ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਕਿਸਾਨ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਵੱਲੋਂ ਸਾਂਝੇ ਪ੍ਰੋਗਰਾਮ ਦਾ ਐਲਾਨ
ਸ਼ਹੀਦ ਰਾਜਗੁਰੂ ਸੁਖਦੇਵ ਅਤੇ ਭਗਤ ਸਿੰਘ ਦੀ ਵਿਚਾਰਧਾਰਾ ਹੀ ਅਜੋਕੇ ਕਾਰਪੋਰੇਟ ਦੀ ਲੁੱਟ ਤੋਂ ਮੁਕਤੀ ਦਵਾ ਸਕਦੀ ਹੈ: ਆਗੂ

ਫ਼ਿਰੋਜ਼ਪੁਰ 19 ਮਾਰਚ (ਬਾਲ ਕਿਸ਼ਨ)– ਬਿ੍ਰਟਿਸ਼ ਸਾਮਰਾਜ ਦੇ ਖਿਲਾਫ ਸ਼ਹੀਦੀ ਦੇਣ ਵਾਲੇ 23 ਮਾਰਚ ਦੇ ਸ਼ਹੀਦਾਂ ਨੂੰ ਹਰ ਸਾਲ ਹਸੈਨੀ ਵਾਲਾ ਵਿਖੇ ਸ਼ਰਧਾਂਜਲੀ ਭੇਂਟ ਕੀਤੀ ਜਾਂਦੀ ਹੈ। ਹਰ ਵਾਰ ਦੀ ਤਰਾਂ ਇਸ ਸਾਲ ਵੀ ਸ਼ਹੀਦ ਰਾਜਗੁਰੂ, ਸੁਖਦੇਵ, ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਚਾਰ ਜਥੇਬੰਦੀਆਂ ਪੰਜਾਬ ਜੰਮਹੂਰੀ ਮੋਰਚਾ, ਦਲਿਤ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਅਤੇ ਡੈਮੋਕਰੇਟਿਕ ਟੀਚਰਜ਼ ਫਰੰਟ ਨੇ ਜ਼ਿਲ੍ਹਾ ਪੱਧਰੀ ਸਾਂਝੇ ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਇਨ੍ਹਾਂ ਜਥੇਬੰਦੀਆਂ ਦੇ ਆਗੂ ਹਰਬੰਸ ਸਿੰਘ ਮਹਿਮਾ, ਮਲਕੀਤ ਸਿੰਘ ਹਰਾਜ ਅਤੇ ਅਵਤਾਰ ਸਿੰਘ ਮਹਿਮਾ ਨੇ ਕਿਹਾ ਕਿ ਬਿ੍ਰਟਿਸ਼ ਸਰਕਾਰ ਤੋਂ ਭਾਰਤ ਦੇ ਲੋਕਾਂ ਨੂੰ ਆਜ਼ਾਦ ਕਰਾਉਣ ਲਈ ਵਿੱਢੀ ਗਈ ਲੜਾਈ ਵਿੱਚ ਮੋਹਰੀ ਰੋਲ ਅਦਾ ਕਰਨ ਵਾਲੇ ਸਾਡੇ ਸਮਾਜ ਦੇ ਹੀਰੋ ਸ਼ਹੀਦ ਰਾਜਗੁਰੂ ਸ਼ਹੀਦ ਸੁਖਦੇਵ ਅਤੇ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਣਾ ਅਤੇ ਉਹਨਾਂ ਦੀ ਵਿਚਾਰਧਾਰਾ ਨੂੰ ਉਚਿਆਉਣਾ ਸਾਡਾ ਮੁਢਲਾ ਫਰਜ਼ ਹੈ। ਉਨ੍ਹਾਂ ਇੱਕਮਤ ਕਿਹਾ ਕਿ ਅਜੋਕੀਆਂ ਸਰਕਾਰਾਂ ਦੇ ਨੁਮਾਇੰਦੇ ਸ਼ਹੀਦ ਭਗਤ ਸਿੰਘ ਦੇ ਬਸੰਤੀ ਰੰਗ ਵਾਲੀ ਪੱਗ ਤਾਂ ਬੰਨ੍ਹਦੇ ਹਨ ਪਰ ਉਨ੍ਹਾਂ ਦੀ ਵਿਚਾਰਧਾਰਾ ਦੇ ਬਿਲਕੁਲ ਉਲਟ ਚਲਦਿਆਂ ਹੋਇਆਂ ਸਾਰਾ ਕੁਝ ਪ੍ਰਾਈਵੇਟ ਅਤੇ ਕਾਰਪੋਰੇਟ ਕੰਪਨੀਆਂ ਦੇ ਹਵਾਲੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੀਆਂ ਕੇਂਦਰ ਅਤੇ ਸੂਬਿਆਂ ਦੀਆਂ ਸਰਕਾਰਾਂ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇਣ ਲਈ ਕਿਸਾਨਾਂ ਮਜ਼ਦੂਰਾਂ ਅਤੇ ਸਿੱਖਿਆ ਖੇਤਰ ਨਾਲ ਜੁੜੇ ਹੋਏ, ਲੋਕ ਵਿਰੋਧੀ ਕਾਨੂੰਨ ਲਿਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸ਼ਹੀਦ ਰਾਜਗੁਰੂ, ਸੁਖਦੇਵ ਅਤੇ ਭਗਤ ਸਿੰਘ ਦੀ ਵਿਚਾਰਧਾਰਾ ਉੱਪਰ ਚੱਲ ਕੇ ਹੀ ਅਜੋਕੇ ਕਾਰਪੋਰੇਟ ਵਿਰੋਧੀ ਲੜਾਈ ਜਿੱਤੀ ਜਾ ਸਕਦੀ ਹੈ ਅਤੇ ਸਮਾਜ ਨੂੰ ਇਨ੍ਹਾਂ ਦੀ ਲੁੱਟ ਤੋਂ ਮੁਕਤੀ ਦਵਾਈ ਜਾ ਸਕਦੀ ਹੈ।



