ਘਰ ਨੂੰ ਢਾਹੁਣਾ ਠੀਕ ਨਹੀਂ’, ਬੁਲਡੋਜ਼ਰ ਕਾਰਵਾਈ ‘ਤੇ ਆਪ MP ਹਰਭਜਨ ਸਿੰਘ ਦਾ ਸਖ਼ਤ ਰੁਖ; ਮਾਨ ਸਰਕਾਰ ਨੂੰ ਦਿੱਤਾ ਇਹ ਸੁਝਾਅ

ਚੰਡੀਗੜ੍ਹ, 19 ਮਾਰਚ-ਪੰਜਾਬ ਵਿਚ ਇਨ੍ਹੀਂ ਦਿਨੀਂ ਨਸ਼ਾ ਤਸਕਰਾਂ ਖ਼ਿਲਾਫ਼ ਸਰਕਾਰ ਦੀ ਬੁਲਡੋਜ਼ਰ ਕਾਰਵਾਈ ਜਾਰੀ ਹੈ। ਕਈ ਸ਼ਹਿਰਾਂ ਵਿਚ ਨਸ਼ਾ ਤਸਕਰਾਂ ਦੇ ਘਰਾਂ ਨੂੰ ਢਾਹਿਆ ਜਾ ਰਿਹਾ ਹੈਇਸ ‘ਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਤੇ ‘ਟਰਬਨੇਟਰ’ ਦੇ ਨਾਮ ਨਾਲ ਮਸ਼ਹੂਰ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਕਿਸੇ ਦਾ ਵੀ ਘਰ ਢਾਹੇ ਜਾਣ ਦੇ ਹੱਕ ਵਿਚ ਨਹੀਂ ਹਨ। ਹਰਭਜਨ ਸਿੰਘ ਨੇ ਕਿਹਾ ਹੈ ਕਿ ਜੇਕਰ ਕੋਈ ਨਸ਼ਾ ਵੇਚਦਾ ਹੈ ਤਾਂ ਉਸ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਸਾਬਕਾ ਕ੍ਰਿਕਟਰ ਨੇ ਕਿਹਾ ਕਿ ਜੇਕਰ ਕੋਈ ਨਸ਼ਾ ਕਰਦਾ ਹੈ ਤਾਂ ਉਸ ਨੂੰ ਸਮਝਾਇਆ ਜਾਣਾ ਚਾਹੀਦਾ ਹੈ ਕਿ ਨਸ਼ਾ ਕਿਵੇਂ ਉਸ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਇਕ ਪਰਿਵਾਰ ਇਕ ਛੱਤ ਹੇਠਾਂ ਰਹਿ ਰਿਹਾ ਹੈ, ਉਸ ਦੀ ਛੱਤ ਨੂੰ ਢਾਹ ਦੇਣਾ ਠੀਕ ਨਹੀਂ ਹੈ। ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦੇ ਹੋਏ ਹਰਭਜਨ ਸਿੰਘ ਨੇ ਕਿਹਾ ਕਿ ਜਦੋਂ ਇਕ ਪਰਿਵਾਰ ਜਾਂ ਕੁਝ ਲੋਕ ਇਕ ਛੱਤ ਹੇਠਾਂ ਰਹਿੰਦੇ ਹਨ ਤਾਂ ਉਨ੍ਹਾਂ ਦੀ ਛੱਤ ਢਾਹ ਦੇਣ ਨੂੰ ਉਹ ਠੀਕ ਨਹੀਂ ਸਮਝਦੇ।ਉਨ੍ਹਾਂ ਕਿਹਾ ਕਿ ਜੇਕਰ ਕੋਈ ਸਰਕਾਰੀ ਜ਼ਮੀਨ ਜਾਂ ਸ਼ਾਮਲਾਟ ਜ਼ਮੀਨ ‘ਤੇ ਕਬਜ਼ਾ ਕੀਤੇ ਹੋਏ ਹਨ ਤਾਂ ਸਰਕਾਰ ਕਿਸੇ ਵੀ ਸਮੇਂ ਉਸ ਨੂੰ ਵਾਪਸ ਲੈ ਸਕਦੀ ਹੈ।
ਸਰਕਾਰ ਕਰੇਗੀ ਸਖ਼ਤ ਕਾਰਵਾਈ – ਅਮਨ ਅਰੋੜਾ
ਆਮ ਆਦਮੀ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਅਮਨ ਅਰੋੜਾ ਨੇ ਤਸਕਰਾਂ ਦੀ ਸਿਫਾਰਸ਼ ਕਰਨ ਵਾਲਿਆਂ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ। ਉਨ੍ਹਾਂ ਨੇ ਸਾਰੇ ਕੌਂਸਲਰਾਂ, ਸਰਪੰਚਾਂ ਅਤੇ ਪੰਚਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਕੋਈ ਵੀ ਪੁਲਿਸ ਕੋਲੋਂ ਤਸਕਰਾਂ ਨੂੰ ਛੱਡਣ ਦੀ ਸਿਫਾਰਸ਼ ਨਾ ਕਰੇ। ਉਨ੍ਹਾਂ ਉੱਤੇ ਸਰਕਾਰ ਸਖ਼ਤ ਕਾਰਵਾਈ ਕਰੇਗੀ।



