ਦੁਲਚੀ ਕੇ ਸਕੂਲ ਵਿੱਚ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪ੍ਰਭਾਵਸ਼ਾਲੀ ਸਮਾਗਮ ਆਯੋਜਿਤ
ਸਰਹੱਦੀ ਖੇਤਰ ਦੇ ਮਿਹਨਤੀ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਉਜਵਲ ਭਵਿੱਖ ਬਨਾਉਣ: ਵਧੀਕ ਡਿਪਟੀ ਕਮਿਸ਼ਨਰ

ਜਸਵਿੰਦਰ ਸਿੰਘ ਸੰਧੂ
ਫਿਰੋਜ਼ਪੁਰ, 16 ਮਾਰਚ- ਸਰਕਾਰੀ ਹਾਈ ਸਮਾਰਟ ਸਕੂਲ ਦੁਲਚੀ ਕੇ ਵਿਖੇ ਪੰਜਾਬ ਸਰਕਾਰ ਦੀ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦੇ ਤਹਿਤ ਬੀਤੇ ਦਿਨ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਇੱਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ।ਇਸ ਸਮਾਗਮ ਵਿੱਚ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿਧੀ ਕੁਮਦ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਡਾ.ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਅਮਨਦੀਪ ਕੌਰ ਸਾਇੰਸ ਮਿਸਟ੍ਰੈੱਸ ਦੀ ਸੰਚਾਲਨਾ ਹੇਠ ਹੋਏ ਇਸ ਸਮਾਗਮ ਵਿੱਚ ਸਕੂਲ ਮੁਖੀ ਰਮਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਦਸਵੀਂ ਜਮਾਤ ਦੀ ਵਿਦਿਆਰਥਣ ਰਜਨੀ ਨੇ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਬਾਰੇ ਭਾਸ਼ਣ ਦਿੱਤਾ ਜਦੋਂ ਕਿ ਮਨਜੋਤ ਕੌਰ ਨੇ ਆਪਣੀ ਲਿਖੀ ਕਵਿਤਾ ਛੇਵਾਂ ਦਰਿਆ ਪੇਸ਼ ਕੀਤੀ। ਆਂਚਲ ਅਤੇ ਉਸਦੀ ਟੀਮ ਨੇ ਨਸ਼ਿਆਂ ਖ਼ਿਲਾਫ਼ ਜਾਗਰੂਕ ਕਰਦਾ ਨਾਟਕ ਪੇਸ਼ ਕਰਕੇ ਸਮੂਹ ਦਰਸ਼ਕਾਂ ਦੇ ਮਨਾਂ ਨੂੰ ਜਿੱਤ ਲਿਆ।ਮੁੱਖ ਮਹਿਮਾਨ ਵਧੀਕ ਡਿਪਟੀ ਕਮਿਸ਼ਨਰ (ਜ) ਡਾ.ਨਿਧੀ ਕੁਮਦ ਨੇ ਆਪਣੇ ਪ੍ਰਧਾਨਗੀ ਸੰਬੋਧਨ ਵਿੱਚ ਸਰਹੱਦੀ ਖੇਤਰ ਦੇ ਮਿਹਨਤੀ ਨੌਜਵਾਨ ਪੀੜ੍ਹੀ ਨੂੰ ਉਜਵਲ ਭਵਿੱਖ ਲਈ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੱਤੀ ਅਤੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੇ ਨਸ਼ਾ ਮੁਕਤ ਪੰਜਾਬ ਪ੍ਰੋਗਰਾਮ ਨੂੰ ਸਹਿਯੋਗ ਦੇਣ। ਉਨ੍ਹਾਂ ਨੇ ਸਰਕਾਰੀ ਹਾਈ ਸਮਾਰਟ ਸਕੂਲ ਦੁਲਚੀ ਕੇ ਦੀ ਹੈਡਮਿਸਟ੍ਰੈਸ ਰਮਿੰਦਰ ਕੌਰ, ਸਟਾਫ਼ ਅਤੇ ਵਿਦਿਆਰਥੀਆਂ ਦੀ ਕਲਾ ਪ੍ਰਦਰਸ਼ਨੀ , ਅਨੁਸਾਸ਼ਨ ਅਤੇ ਸਕੂਲ ਦੇ ਮਾਹੌਲ ਦੀ ਖੁੱਲ੍ਹੇ ਮਨ ਨਾਲ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਸਕੂਲਾਂ ਵਿੱਚ ਇਸ ਕਿਸਮ ਦਾ ਮਾਹੌਲ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਿੱਚ ਸਹਾਈ ਹੋ ਸਕਦਾ ਹੈ। ਇਸ ਮੌਕੇ ਤੇ ਪ੍ਰਸਾਸ਼ਨ ਵੱਲੋਂ ਹਾਜ਼ਰ ਪਿੰਡ ਵਾਸੀਆਂ ਅਤੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਸੌਂ ਚੁਕਾਈ ਗਈ। ਡਾ.ਸਤਿੰਦਰ ਸਿੰਘ ਨੇ ਆਪਣੇ ਭਾਸ਼ਣ ਵਿੱਚ ਸਰਕਾਰ ਦੀਆਂ ਨਸ਼ੇ ਖ਼ਿਲਾਫ਼ ਸਰਗਰਮੀਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਏ ਡੀ ਸੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਸਨਮਾਨ ਨਿਸ਼ਾਨੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਸਮੁੱਚੇ ਹਾਈ ਸਕੂਲ ,ਪ੍ਰਾਇਮਰੀ ਸਕੂਲ ਅਤੇ ਆਂਗਣਵਾੜੀ ਸਟਾਫ਼ ਤੋਂ ਇਲਾਵਾ ਸਰਕਾਰੀ ਡਿਸਪੈਂਸਰੀ ਦਾ ਸਮੂਹ ਅਤੇ ਪਿੰਡ ਦੀ ਸਰਪੰਚ ਰਾਜ, ਦਿਲਬਾਗ ਸਿੰਘ, ਪਰਵਿੰਦਰ ਸਿੰਘ ਬੱਗਾ, ਹਰਜੀਤ ਚੇਅਰਮੈਨ ਐੱਸਐੱਮ ਕਮੇਟੀ ,ਬੱਬੂ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਹਿੱਸਾ ਲਿਆ।



