ਝੋਕ ਹਰੀ ਹਰ ਆਲ ਓਪਨ ਕਬੱਡੀ ਕੱਪ ’ਚ ਹਰਜੀਤ ਫਰੈਡਜ਼ ਕਲੱਬ ਬਾਜਾਖਾਨਾ ਜੇਤੂ ਅਤੇ ਭਾਂਗਰ ਬੁੱਟਰ ਕਲੱਬ ਦੇ ਗੱਭਰੂ ਰਹੇ ਉਪ ਜੇਤੂ
ਲੜਕੀਆਂ ਦੇ ਕਬੱਡੀ ਕੱਪ ਵਿਚ ਹਰਿਆਣੇ ਦੀਆਂ ਮੁਟਿਆਰਾਂ ਜੇਤੂ ਅਤੇ ਮਿਹਣਾ ਜ਼ਿਲ੍ਹਾ ਮੋਗਾ ਪੰਜਾਬ ਦੀ ਟੀਮ ਉਪ ਜੇਤੂ ਰਹੀ

ਝੋਕ ਹਰੀ ਹਰ (ਫ਼ਿਰੋਜ਼ਪੁਰ), 11 ਮਾਰਚ (ਜਸਵਿੰਦਰ ਸਿੰਘ ਸੰਧੂ)– ਮਾਲਵੇ ਦੇ ਸਿਰਕੱਢ ਕਬੱਡੀ ਟੂਰਨਾਮੈਂਟ ਵਿੱਚੋਂ ਇੱਕ ਪਿੰਡ ਝੋਕ ਹਰੀ ਹਰ ਦਾ 20ਵਾਂ ਓਪਨ ਕਬੱਡੀ ਕੱਪ ਯਾਦਗਾਰੀ ਹੋ ਨਿਬੜਿਆ। ਕਬੱਡੀ ਮੁਕਾਬਲਿਆਂ ਵਿਚ ਪੰਜਾਬ ਅਤੇ ਹਰਿਆਣਾ ਦੇ ਗੱਭਰੂਆਂ ਅਤੇ ਮੁਟਿਆਰਾਂ ਨੇ ਵੱਡੀ ਗਿਣਤੀ ਵਿਚ ਉਤਸ਼ਾਹ ਨਾਲ ਭਾਗ ਲਿਆ। ਛੋਟੇ ਬੱਚਿਆਂ, ਗੱਭਰੂਆਂ ਅਤੇ ਮੁਟਿਆਰਾਂ ਦੇ ਬਹੁਤ ਹੀ ਜ਼ਬਰਦਸਤ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲੇ। ਇਕੱਲੀ–ਇਕੱਲੀ ਰੇਡ ’ਤੇ ਲੱਗੇ ਹਜ਼ਾਰਾਂ ਰੁਪਏ, ਸਿਰ ਕੱਢ ਖਿਡਾਰੀਆਂ ਵਿਚ ਹੋਈਆਂ ਫਸਵੀਆਂ ਪਕੜਾਂ ਅਤੇ ਮਿਲਦੇ ਨੰਬਰਾਂ ਨੂੰ ਲੋਕ ਦੇਰ ਰਾਤ ਤੱਕ ਸਾਹ ਰੋਕ–ਰੋਕ ਦੇਖਦੇ ਰਹੇ। ਦਰਸ਼ਕਾਂ ਦੀਆਂ ਵੱਜਦੀਆਂ ਤਾੜੀਆਂ ਤੇ ਸੀਟੀਆਂ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਕਰ ਮਾਹੌਲ ਨੂੰ ਬਹੁਤ ਹੀ ਆਨੰਦਮਈ ਬਣਾਈ ਰੱਖਿਆ। ਓਪਨ ਕਬੱਡੀ ਕੱਪ ਲੜਕਿਆਂ ਵਿਚ ਹਰਜੀਤ ਫਰੈਂਡਜ ਕਲੱਬ ਬਾਜਾਖਾਨਾ ਦੇ ਗੱਭਰੂ ਅਤੇ ਓਪਨ ਕਬੱਡੀ ਕੱਪ ਲੜਕੀਆਂ ਵਿਚ ਹਰਿਆਣੇ ਦੀਆਂ ਮੁਟਿਆਰਾਂ ਚੈਂਪੀਅਨ ਬਣੀਆਂ। ਮੁਕਾਬਲਿਆਂ ਦੌਰਾਨ ਰੁਪਿੰਦਰ ਦੋਦਾ ਬੈਸਟ ਰੇਡਰ ਅਤੇ ਨਿੱਕੂ ਕਲਿਆਣ ਬੈਸਟ ਜਾਫੀ ਬਣ ਫ਼ੋਰਡ ਟਰੈਕਟਰਾਂ ਦੇ ਵਿਜੇਤਾ ਬਣੇ। ਓਪਨ ਕਬੱਡੀ ਕੱਪ ਸਬੰਧੀ ਵਿਸਥਾਰ ਸਹਿਤ ਜਾਣਕਾਰੀਆਂ ਸਾਂਝੀਆਂ ਕਰਦਿਆਂ ਬਾਬਾ ਕਾਲਾ ਮਹਿਰ ਯੂਥ ਕਲੱਬ ਦੇ ਪ੍ਰਧਾਨ ਮਨਦੀਪ ਸਿੰਘ ਸੰਧੂ ਨੇ ਦੱਸਿਆ ਕਿ ਯੂਥ ਕਲੱਬ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਧੰਨ–ਧੰਨ ਬਾਬਾ ਕਾਲਾ ਮਹਿਰ ਜੀ ਦਾ 20ਵਾਂ ਸਾਲਾਨਾ ਜੋੜ ਮੇਲਾ ਬਾਬਾ ਮਲਕੀਤ ਸਿੰਘ ਮਰਹਾਣਾ ਦੀ ਅਗਵਾਈ ਹੇਠ ਉਤਸ਼ਾਹ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਜਾਣ ਉਪਰੰਤ ਧਾਰਮਿਕ ਦੀਵਾਨ ਸਜੇ, ਜਿਸ ਦੀ ਸਮਾਪਤੀ ’ਤੇ ਖੇਡ ਸਟੇਡੀਅਮ ਅੰਦਰ 2 ਰੋਜ਼ਾ 20ਵਾਂ ਕਬੱਡੀ ਕੱਪ ਕਰਵਾਇਆ ਗਿਆ। ਪਹਿਲੇ ਦਿਨ ਗੁਰੂ ਸਾਹਿਬ ਦੇ ਅਰਦਾਸ ਉਪਰੰਤ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ਗਈ ਅਤੇ ਮਹਿਲਾ ਦਿਵਸ ਨੂੰ ਸਮਰਪਿਤ ਲੜਕੀਆਂ ਦਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ, ਜਿਸ ਦੀ ਕਮਾਂਡ ਵੀ ਲੜਕੀਆਂ ਨੂੰ ਹੀ ਸੌਂਪੀ ਗਈ। ਟੂਰਨਾਮੈਂਟ ਦਾ ਉਦਘਾਟਨ ਕਲੱਬ ਦੇ ਪ੍ਰਧਾਨ ਮਨਦੀਪ ਸਿੰਘ ਸੰਧੂ ਦੀ ਧਰਮ ਪਤਨੀ ਸ਼੍ਰੀਮਤੀ ਕਮਲਜੀਤ ਕੌਰ ਸੰਧੂ ਨੇ ਰਿਬਨ ਕੱਟ ਕੇ ਕੀਤਾ। ਆਪਣੀ ਸੰਬੋਧਨ ’ਚ ਉਨ੍ਹਾਂ ਨੇ ਕਲੱਬ ਮੈਂਬਰਾਂ ਦੀ ਸੋਚ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਰ ਖੇਤਰ ’ਚ ਔਰਤ ਮਰਦ ਦੇ ਬਰਾਬਰ ਮੱਲਾ ਮਾਰ ਰਹੀ ਹੈ। ਇਸ ਕਰਕੇ ਖੇਡ ਗਰਾਊਂਡਾਂ ਦੀ ਵਾਂਗ ਡੋਰ ਵੀ ਔਰਤਾਂ ਨੂੰ ਸੌਂਪ ਕੇ ਯੂਥ ਕਲੱਬ ਨੇ ਸਮਾਜ ਨੂੰ ਬਹੁਤ ਹੀ ਸੋਹਣਾ ਸੁਨੇਹਾ ਦਿੱਤਾ ਹੈ। ਲੜਕੀਆਂ ਦੀਆਂ 16 ਟੀਮਾਂ ਦੌਰਾਨ ਜ਼ਬਰਦਸਤ ਮੁਕਾਬਲੇ ਦੇਖਣ ਨੂੰ ਮਿਲ॥ ਫਾਈਨਲ ਵਿਚ ਹਰਿਆਣੇ ਦੀਆਂ ਮੁਟਿਆਰਾਂ ਨੇ ਪਿੰਡ ਮਹਿਣਾ ਦੀ ਟੀਮ ਨੂੰ ਹਰਾ ਕੇ ਪਹਿਲਾਂ ਸਥਾਨ ਹਾਸਲ ਕੀਤਾ। ਜੇਤੂ ਟੀਮ ਹਰਿਆਣਾ ਨੂੰ ਸੁਖਚੈਨ ਸਿੰਘ ਸੰਧੂ ਦੇ ਪ੍ਰੀਵਾਰ ਵਲੋਂ 31000 ਰੁਪਏ ਅਤੇ ਉਪ ਜੇਤੂ ਟੀਮ ਮਹਿਣਾ ਨੂੰ ਰੇਸ਼ਮ ਸਿੰਘ ਸੰਧੂ ਡੈਕੋਰੇਟਰ ਫ਼ਿਰੋਜ਼ਪੁਰ ਛਾਉਣੀ ਵਲੋ 21000 ਰੁਪਏ ਦੇ ਨਗਦ ਇਨਾਮਾਂ ਨਾਲ ਅਤੇ ਕੱਪਾਂ ਨਾਲ ਸਨਮਾਨਿਤ ਕੀਤਾ। ਆਮ ਆਦਮੀ ਪਾਰਟੀ ਦੇ ਸੂਬਾਈ ਆਗੂ ਸ਼੍ਰੀਮਤੀ ਭੁਪਿੰਦਰ ਕੌਰ ਸੰਧੂ ਬਸਤੀ ਭਾਗ ਸਿੰਘ ਨੇ ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਜੇਤੂ ਖਿਡਾਰਨਾਂ ਨੂੰ ਜਿੱਥੇ ਇਨਾਮ ਵੰਡੇ, ਉੱਥੇ ਨਰੋਆ ਅਤੇ ਤੰਦਰੁਸਤ ਸਮਾਜ ਸਿਰਜਣ ਸਬੰਧੀ ਨੌਜਵਾਨਾਂ ਨੂੰ ਖੇਡ ਗਰਾਊਂਡਾਂ ਨਾਲ ਜੁੜਨ ਅਤੇ ਨਸ਼ਿਆਂ ਨੂੰ ਤਿਆਗਣ ਦਾ ਸੱਦਾ ਦਿੱਤਾ। ਟੂਰਨਾਮੈਂਟ ਦੇ ਦੂਸਰੇ ਦਿਨ ਦੀ ਸ਼ੁਰੂਆਤ ਅਕਾਲੀ ਦਲ ਦੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਵਲੋਂ ਕੀਤੀ ਗਈ। ਅਕਾਲੀ ਦਲ ਦੇ ਬਲਾਕ ਪ੍ਰਧਾਨ ਬੇਅੰਤ ਸਿੰਘ ਉੱਪਲ ਵੀ ਉਨ੍ਹਾਂ ਦੇ ਨਾਲ ਸਨ। 60 ਕਿੱਲੋ ਵਜ਼ਨ ਕਬੱਡੀ ਕੱਪ ਵਿਚ ਜੇਤੂ ਰਹੀ ਅਤੇ ਝੋਕ ਹਰੀ ਹਰ ਦੀ ਟੀਮ ਉਪ ਜੇਤੂ ਰਹੀ , ਜਿਨ੍ਹਾਂ ਨੂੰ ਸਵਰਗਵਾਸੀ ਗੁਰਚਰਨ ਸਿੰਘ ਸੰਧੂ ਦੇ ਸਪੁੱਤਰ ਰਾਮ ਸਿੰਘ ਸੰਧੂ ਅਤੇ ਗੁਰਨਾਮ ਸਿੰਘ ਸੰਧੂ ਦੇ ਪ੍ਰੀਵਾਰ ਵਲੋਂ 31 ਹਜ਼ਾਰ ਰੁਪਏ ਦੇ ਨਗਦ ਇਨਾਮਾਂ ਅਤੇ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ। ਜੇਤੂਆਂ ਨੂੰ ਭਾਜਪਾ ਦੇ ਆਗੂ ਜਸਮੇਲ ਸਿੰਘ ਲਾਡੀ ਗਹਿਰੀ ਨੇ ਇਨਾਮ ਵੰਡੇ। 75 ਕਿੱਲੋ ਕਬੱਡੀ ਮੁਕਾਬਲਿਆਂ ਵਿਚ ਝੋਕ ਹਰੀ ਹਰ ਦੇ ਗੱਭਰੂ ਜੇਤੂ ਰਹੇ ਅਤੇ ਬਠਿੰਡਾ ਦੀ ਟੀਮ ਉਪ ਜੇਤੂ ਰਹੀ। ਮੁਕਾਬਲਿਆਂ ਦੌਰਾਨ ਪੰਜਾਬ ਦੇ ਮਰਹੂਮ ਮੰਤਰੀ ਮਹਿੰਦਰ ਸਿੰਘ ਸਾਈਆਂ ਵਾਲਾ ਦੇ ਸਪੁੱਤਰ ਰਤਿੰਦਰ ਸਿੰਘ ਨੀਲ ਸਾਈਆਂ ਵਾਲਿਆਂ ਨੇ ਆਪਣੇ ਹੱਥੀਂ ਇਨਾਮ ਵੰਡਦਿਆਂ ਬਾਬਾ ਕਾਲਾ ਮਹਿਰ ਯੂਥ ਕਲੱਬ ਨੂੰ 11000 ਰੁਪਏ ਅਤੇ ਡੇਰਾ ਮਰਹਾਣਾ ਉੱਪਰ ਫ਼ਰਸ਼ ਪੱਕਾ ਕਰਨ ਲਈ ਹਜ਼ਾਰਾਂ ਇੱਟਾਂ ਵੀ ਮੁਹਈਆ ਕਰਵਾਈਆਂ। ਸੈਮੀ ਫਾਈਨਲ ਮੁਕਾਬਲਿਆਂ ਦੇ ਮੁੱਖ ਮਹਿਮਾਨ ਵਜੋਂ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਦੇ ਨਿੱਜੀ ਸਕੱਤਰ ਦਲੇਰ ਸਿੰਘ ਡੋਡ ਪਹੁੰਚੇ, ਜਿਨ੍ਹਾਂ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਪਿੰਡ ਦੇ ਬਹੁਪੱਖੀ ਵਿਕਾਸ ਲਈ ਪ੍ਰਬੰਧਕਾਂ ਨੂੰ 3 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ। ਉਨ੍ਹਾਂ ਦੇ ਨਾਲ ਜਥੇਦਾਰ ਗੁਰਦੀਪ ਸਿੰਘ ਬੁੱਕਣ ਖਾਂ ਵਾਲਾ, ਅਮਰ ਸਿੰਘ ਸੰਧੂ ਆਦਿ ਨਾਲ ਸਨ। ਓਪਨ ਕਬੱਡੀ ਕੱਪ ਦੇ ਮੁਕਾਬਲੇ ਵਿਚ ਪੰਜਾਬ ਹਰਿਆਣਾ ਨਾਲ ਸੰਬੰਧਿਤ 8 ਕਲੱਬਾਂ ਦੀਆਂ ਟੀਮਾਂ ਨੇ ਭਾਗ ਲਿਆ ਹੋਏ। ਜਬਰਦਸਤ ਮੁਕਾਬਲਿਆਂ ਦੌਰਾਨ ਫਾਈਨਲ ਮੁਕਾਬਲਾ ਹਰਜੀਤ ਫਰੈਂਡਜ਼ ਕਲੱਬ ਬਾਜਾਖਾਨਾ ਦੇ ਗੱਭਰੂਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਾਂਗਰ ਬੁੱਟਰ ਦੀ ਟੀਮ ਨੂੰ ਹਰਾ ਕੇ ਚੈਂਪੀਅਨ ਬਣੇ। ਖੇਡ ਪ੍ਰਮੋਟਰ ਪ੍ਰਵਾਸੀ ਭਾਰਤੀ ਆਸਟ੍ਰੇਲੀਆ ਵੀਰਾਂ ਵਲੋ ਪਹਿਲਾ ਇਨਾਮ 91 ਹਜ਼ਾਰ ਰੁਪਏ ਸਤਨਾਮ ਸਿੰਘ ਮੱਲ੍ਹੀ ਆਸਟਰੇਲੀਆ, ਗੁਰਜਿੰਦਰ ਸਿੰਘ ਭੁੱਲਰ ਜਤਾਲਾ, ਗੁਰਪ੍ਰੀਤ ਸਿੰਘ ਸੰਧੂ ਝੋਕ ਹਰੀ ਹਰ ਨੇ ਜੇਤੂ ਟੀਮ ਨੂੰ ਸਨਮਾਨਤ ਕੀਤਾ। ਟੂਰਨਾਮੈਂਟ ਦੌਰਾਨ ਇਕ ਵੀ ਜੱਫਾ ਨਾ ਖਾਣ ਵਾਲੇ ਮਾਲਵੇ ਦੇ ਸਿਰਕੱਢ ਖਿਡਾਰੀ ਰੁਪਿੰਦਰ ਦੋਦਾ ਬੈਸਟ ਰੇਡਰ ਅਤੇ ਨਿੱਕੂ ਕਲਿਆਣ ਬੈਸਟ ਜਾਫੀ ਬਣਨ ’ਤੇ ਬਾਬਾ ਕਾਲਾ ਮਹਿਰ ਯੂਥ ਕਲੱਬ ਵਲੋਂ ਫੋਰਡ ਟਰੈਕਟਰਾਂ ਨਾਲ ਸਨਮਾਨਿਤ ਕਰਨ ਸਮੇਂ ਕੈਨੇਡੀਅਨ ਮਨਦੀਪ ਸਿੰਘ ਬੱਬੂ ਧਨੋਆ ਤੋਂ ਇਲਾਵਾ ਨਵਦੀਪ ਸਿੰਘ ਸੰਧੂ ਕੈਨੇਡਾ ਦੇ ਪਿਤਾ ਬਲਤੇਜ ਸਿੰਘ ਸੰਧੂ ਨੇ ਖਿਡਾਰੀਆਂ ਨੂੰ ਟਰੈਕਟਰਾਂ ਦੀਆਂ ਚਾਬੀਆਂ ਸੌਂਪੀਆਂ। ਉਪ ਜੇਤੂ ਰਹੀ ਭਾਂਗਰ ਬੁੱਟਰ ਦੀ ਟੀਮ ਨੂੰ ਨਿਊਜ਼ੀਲੈਂਡ ਵਾਲੇ ਅਵਤਾਰ ਸਿੰਘ ਸੰਧੂ, ਰਸ਼ਪਾਲ ਸਿੰਘ ਸੰਧੂ, ਜਗਤਾਰ ਸਿੰਘ ਸੰਧੂ ਐਸ਼ ਸੰਧੂ ਦੇ ਪਰਿਵਾਰ ਵਲੋਂ 71000 ਦੇ ਨਗਦ ਇਨਾਮ ਅਤੇ ਕੱਪ ਨਾਲ ਸਨਮਾਨਿਤ ਕੀਤਾ ਗਿਆ। ਪ੍ਰਧਾਨ ਮਨਦੀਪ ਸਿੰਘ ਸੰਧੂ ਅਤੇ ਖਜ਼ਾਨਚੀ ਜਗਸੀਰ ਸਿੰਘ ਜੱਜ ਧਨੋਆ ਨੇ ਦੱਸਿਆ ਕਿ ਟੂਰਨਾਮੈਂਟ ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੂਬਾਇਆ ਅਤੇ ਹਲਕਾ ਫ਼ਿਰੋਜ਼ਪੁਰ ਦੇ ਹਲਕਾ ਦਿਹਾਤੀ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਆਸ਼ੂ ਬੰਗੜ ਵੱਲੋਂ ਕੀਤੀ ਗਈ। ਘੁਬਾਇਆ ਨੇ ਡੇਰਾ ਮਰਾਣਾ ਤੇ ਬਾਬਾ ਕਾਲਾ ਮਹਿਰ ਦੀ ਯਾਦ ਵਿਚ ਯਾਦਗਾਰੀ ਗੇਟ ਬਣਾਉਣ ਲਈ ਅਤੇ ਡੇਰੇ ’ਤੇ ਇੰਟਰਲੋਕ ਟਾਈਲਾਂ ਲਗਾਉਣ ਲਈ ਲੱਖਾਂ ਰੁਪਏ ਦੇ ਫੰਡ ਦੇਣ ਦਾ ਐਲਾਨ ਕੀਤਾ। ਮੇਲੇ ਵਿੱਚ ਖੇਡ ਪ੍ਰਮੋਟਰ ਜਗਮੋਹਨ ਸਿੰਘ ਸੰਧੂ ਬਰਾੜ ਕਲਾਂ, ਨਿਰਮਲ ਸਿੰਘ ਸੰਧੂ ਬਰਾੜ ਕਲਾਂ, ਸੁਖਮੰਦਰ ਸਿੰਘ ਸੰਧੂ ਸ਼ਾਮ ਸਿੰਘ ਵਾਲਾ, ਕੈਨੇਡੀਅਨ ਅਜੈਬ ਸਿੰਘ ਗਿੱਲ ਗਾਦੜੀ ਵਾਲਾ, ਕੈਨੇਡੀਅਨ ਪ੍ਰੇਮਪਾਲ ਸਿੰਘ ਢਿੱਲੋ ਸੁਰ ਸਿੰਘ ਵਾਲਾ, ਕੈਨੇਡੀਅਨ ਕੁਲਜਿੰਦਰ ਸਿੰਘ ਸਿੱਧੂ ਖਾਈ ਫੇਮੇ ਕੀ, ਕੈਨੇਡੀਅਨ ਜਸ਼ਨ ਧਨੋਆ, ਕੈਨੇਡੀਅਨ ਪਰਮਜੀਤ ਸਿੰਘ ਪੰਮਾ ਸੰਧੂ, ਕੈਨੇਡੀਅਨ ਰਮਨੀਕ ਸਿੰਘ ਸੰਧੂ, ਕੈਨੇਡੀਅਨ ਰਤਿੰਦਰ ਸਿੰਘ ਬਰਾੜ ਦੇ ਪਿਤਾ ਜਸਵਿੰਦਰ ਸਿੰਘ ਬਰਾੜ ਆਦਿ ਇਲਾਕੇ ਦੀਆਂ ਨਾਮਵਰ ਸ਼ਖਸੀਅਤਾਂ ਹਾਜ਼ਰ ਸਨ।



