Punjab

ਨਾਬਲਿਗਾ ਨੂੰ ਵਰਗਲਾ ਕੇ ਕੀਤਾ ਜਬਰ ਜਨਾਹ

ਤਰਨ ਤਾਰਨ, 10 ਮਾਰਚ-ਘਰੋਂ ਗੋਲਗੱਪੇ ਖਾਣ ਲਈ ਗਈ 14 ਸਾਲਾ ਕੁੜੀ ਨੂੰ ਕੋਈ ਜ਼ਰੂਰੀ ਗੱਲ ਕਰਨ ਬਹਾਨੇ ਅਣਪਛਾਤੇ ਮੁੰਡੇ ਵੱਲੋਂ ਹੋਟਲ ’ਚ ਲਿਜ਼ਾ ਕੇ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਹਿਮੀ ਹਾਲਤ ਵਿਚ ਮਿਲੀ ਕੁੜੀ ਨੇ ਜਦੋਂ ਉਕਤ ਘਟਨਾ ਆਪਣੇ ਘਰ ਦੱਸੀ ਤਾਂ ਪਰਿਵਾਰ ਨੇ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ। ਜਿਸ ਤੋਂ ਬਾਅਦ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਕ ਔਰਤ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੀ 14 ਸਾਲਾ ਲੜਕੀ 9ਵੀਂ ਜਮਾਤ ’ਚ ਪੜ੍ਹਦੀ ਹੈ। 19 ਫਰਵਰੀ ਸ਼ਾਮ 4 ਵਜੇ ਉਹ ਘਰੋਂ ਬਾਹਰ ਚਲੀ ਗਈ। ਉਹ ਉਸ ਦੀ ਭਾਲ ਕਰਦੇ ਰਹੇ ਪਰ ਉਹ ਕਿਤੇ ਨਹੀਂ ਮਿਲੀ। ਉਸਨੇ ਦੱਸਿਆ ਕਿ ਅਗਲੇ ਦਿਨ ਦੁਪਹਿਰ 8 ਵਜੇ ਉਸਦਾ ਲੜਕਾ ਇਕ ਧਾਰਮਿਕ ਅਸਥਾਨ ’ਤੇ ਮੱਥਾ ਟੇਕਣ ਗਿਆ ਤਾਂ ਉਸ ਦੀ ਲੜਕੀ ਸਹਿਮੀ ਹਾਲਤ ਵਿਚ ਮਿਲੀ। ਉਨ੍ਹਾਂ ਨੇ ਜਦੋਂ ਲੜਕੀ ਨੂੰ ਪੁੱਛਿਆ ਕਿ ਉਹ ਰਾਤ ਕਿੱਥੇ ਰਹੀ ਤਾਂ ਉਸਨੇ ਕੋਈ ਜਵਾਬ ਨਹੀਂ ਦਿੱਤਾ। ਹੁਣ 8 ਮਾਰਚ ਨੂੰ ਉਸਨੇ ਦੱਸਿਆ ਕਿ ਉਹ 19 ਫਰਵਰੀ ਨੂੰ ਗੋਲਗੱਪੇ ਖਾਣ ਲਈ ਗਈ ਸੀ। ਜਿੱਥੇ ਇਕ ਅਣਪਛਾਤਾ ਲੜਕਾ ਉਸ ਕੋਲ ਆ ਕੇ ਰੁਕਿਆ ਤੇ ਕੋਈ ਜ਼ਰੂਰੀ ਗੱਲ ਕਰਨ ਦਾ ਕਹਿ ਕੇ ਰਿਕਸ਼ੇ ’ਤੇ ਬਿਠਾ ਕੇ ਕਿਸੇ ਹੋਟਲ ਲੈ ਗਿਆ। ਜਿੱਥੇ ਉਸ ਨੇ ਰਾਤ ਨੂੰ ਉਸ ਦੀ ਲੜਕੀ ਨਾਲ ਜਬਰਦਸਤੀ ਸਰੀਰਕ ਸਬੰਧ ਬਣਾਏ। ਉਕਤ ਮਾਮਲੇ ਦੀ ਜਾਂਚ ਕਰ ਰਹੀ ਮਹਿਲਾ ਇੰਸਪੈਕਟਰ ਨਰਿੰਦਰ ਕੌਰ ਨੇ ਦੱਸਿਆ ਕਿ ਔਰਤ ਵੱਲੋਂ ਦਿੱਤੀ ਸ਼ਿਕਾਇਤ ’ਤੇ ਅਣਪਛਾਤੇ ਲੜਕੇ ਵਿਰੁੱਧ ਕੇਸ ਜਬਰ ਜਨਾਹ ਕਰਨ ਤੇ ਪੋਕਸੋ ਐਕਟ ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਜਾਂਚ ਜਾਰੀ ਹੈ।

Related Articles

Leave a Reply

Your email address will not be published. Required fields are marked *

Back to top button