ਵਿਚਲਾ ਰਾਹ ਕੱਢਣ ਦੀ ਬਜਾਏ ਆਰ-ਪਾਰ ਦੇ ਮੂਡ ‘ਚ ਹਨ ਸੁਖਬੀਰ ਬਾਦਲ, ਕੰਢਿਆਲੀ ਹੈ ਰਾਹ ਤੇੇ ਸਾਹਮਣੇ ਹੈ ਵੱਡੀ ਚੁਣੌਤੀ

ਚੰਡੀਗੜ੍ਹ, 8 ਮਾਰਚ-ਪਿਛਲੇ ਸਾਲ ਦੋ ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਪਾਰਟੀ ਦੇ ਹੋਰ ਆਗੂਆਂ ਨੂੰ ਧਾਰਮਿਕ ਸੇਵਾ ਲਗਾਉਣ ਵਾਲੇ ਤਿੰਨੋ ਤਖਤਾਂ ਦੇ ਜਥੇਦਾਰਾਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਕ -ਇਕ ਕਰਕੇ ਛੁੱਟੀ ਕਰ ਦਿੱਤੀ ਹੈ। ਪੰਥਕ ਹਲਕਿਆਂ ਵਿਚ ਪਹਿਲਾਂ ਹੀ ਜਥੇਦਾਰ ਅਕਾਲ ਤਖ਼ਤ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਹਟਾਉਣ ਦੀ ਚਰਚਾ ਚੱਲ ਰਹੀ ਸੀ। ਪੰਥਕ ਹਲਕਿਆਂ ਵਿਚ ਅਟਕਲਾਂ ਸਨ ਕਿ ਨਵੇਂ ਜਥੇਦਾਰ ਦੋ ਦਸੰਬਰ ਨੂੰ ਲਏ ਗਏ ਫੈਸਲਿਆਂ ਨੂੰ ਪਲਟ ਕੇ ਅਕਾਲੀ ਦਲ ਦੀ ਲੀਡਰਸ਼ਿਪ ਖਿਲਾਫ਼ ਲਏ ਗਏ ਫੈਸਲਿਆਂ ਨੂੰ ਵਾਪਸ ਲੈ ਸਕਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਨਾਲ ਅਕਾਲੀ ਲੀਡਰਸ਼ਿਪ ਲਈ ਸਿਆਸੀ ਸੌਖ ਹੋਵੇਗੀ। ਦੱਸਿਆ ਜਾਂਦਾ ਹੈ ਕਿ ਸੁਖਬੀਰ ਬਾਦਲ ਅਕਾਲ ਤਖ਼ਤ ਸਾਹਿਬ ਵਲੋਂ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਤੋਂ ਪੰਥ ਰਥਨ ਐਵਾਰਡ ਵਾਪਸ ਲੈਣ ਕਾਰਨ ਡਾਹਢੇ ਦੁਖੀ ਹਨ। ਅੰਤ੍ਰਿੰਗ ਕਮੇਟੀ ਦੇ ਫੈਸਲੇ ਨਾਲ ਅਕਾਲੀ ਦਲ ਅੱਗੇ ਇਕ ਹੋਰ ਚੁਣੌਤੀ ਖੜ੍ਹੀ ਹੋ ਗਈ ਹੈ। ਪਾਰਟੀ ਦੀ ਮੈਂਬਰਸ਼ਿਪ ਨੂੰ ਲੈ ਕੇ ਪਹਿਲਾਂ ਹੀ ਲੋਕਾਂ ਵਿਚ ਭੰਬਲਭੂਸੇ ਵਾਲੀ ਸਥਿਤੀ ਬਣੀ ਹੋਈ ਹੈ। ਅਕਾਲੀ ਦਲ ਨੇ 10 ਮਾਰਚ ਨੂੰ ਪਾਰਟੀ ਦੇ ਆਬਜ਼ਰਵਰਾਂ, ਪਾਰਟੀ ਦੇ ਪਾਰਲੀਮਾਨੀ ਬੋਰਡ ਦੀ ਸਾਂਝੀ ਬੈਠਕ ਬੁਲਾਈ ਹੈ, ਜਿਸ ਵਿਚ ਨਵੇਂ ਡੈਲੀਗੇਟ ਦੀ ਚੋਣ ਕਰਕੇ ਪਾਰਟੀ ਪ੍ਰਧਾਨ ਚੁਣਨ ਦਾ ਰਾਹ ਪੱਧਰਾ ਹੋ ਜਾਵੇਗਾ। ਦੂਜੇ ਪਾਸੇ ਅਕਾਲ ਤਖ਼ਤ ਸਾਹਿਬ ਵਲੋਂ ਬਣਾਈ ਗਈ ਕਮੇਟੀ ਨੇ ਵੀ ਭਰਤੀ ਸ਼ੁਰੂ ਕਰ ਲਈ ਪੂਰੀ ਤਿਆਰੀ ਖਿੱਚ ਦਿੱਤੀ ਹੈ ਅਤੇ ਬਕਾਇਦਾ ਪਰਚੀਆਂ ਛਪਾ ਲਈਆਂ ਹਨ। ਪੰਜ ਮੈਂਬਰੀ ਕਮੇਟੀ ਵਲੋਂ ਭਰਤੀ ਸ਼ੁਰੂ ਕਰਨ ਤੋਂ ਪਹਿਲਾਂ ਹੀ ਅੰਤ੍ਰਿਗ ਕਮੇਟੀ ਨੇ ਅੱਜ ਵੱਡਾ ਫੈਸਲਾ ਲੈ ਲਿਆ ਹੈ। ਪਤਾ ਲੱਗਿਆ ਹੈ ਕਿ ਸ੍ਰੋਮਣੀ ਕਮੇਟੀ ਦੇ ਕੁੱਝ ਮੈਂਬਰਾਂ ਨਾਲ ਸੁਖਬੀਰ ਬਾਦਲ ਨੇ ਕੱਲ੍ਹ ਰਾਤ ਲੰਬੀ ਵਿਚਾਰ ਚਰਚਾ ਕੀਤੀ ਸੀ। ਜਿਸਤੋ ਬਾਅਦ ਅੱਜ ਅੰਤ੍ਰਿਗ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਅਹੁਦੇ ਤੋਂ ਹਟਾਉਣ ਦਾ ਫੈਸਲਾ ਲਿਆ ਹੈ। ਅਜੇ ਪੰਥਕ ਹਲਕਿਆਂ ਵਿਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਏ ਜਾਣ ਕਾਰਨ ਰੋਸ ਠੰਡਾ ਨਹੀਂ ਸੀ ਪਿਆ ਦੂਜੇ ਪਾਸੇ ਦੋ ਹੋਰ ਜਥੇਦਾਰਾਂ ਨੂੰ ਹਟਾ ਦਿੱਤਾ ਗਿਆ ਹੈ। ਇਸ ਨਾਲ ਪੰਥਕ ਲੜਾਈ ਹੋਰ ਤੇਜ਼ ਹੋਣ ਦੇ ਆਸਾਰ ਬਣ ਗਏ ਹਨ। ਇਕ ਤਰ੍ਹਾਂ ਨਾਲ ਅਕਾਲੀ ਦਲ ਦੀ ਲੀਡਰਸ਼ਿਪ ਜਥੇਦਾਰਾਂ ਨਾਲ ਸਿੱਧੇ ਟਕਰਾਅ ਦੇ ਰੌਅ ਵਿਚ ਆ ਗਈ ਹੈ। ਹਾਲਾਂਕਿ ਅਕਾਲੀ ਲੀਡਰਸ਼ਿਪ ਨੇ ਅਜੇ ਤੱਕ ਇਸ ਫੈਸਲੇ ’ਤੇ ਕੋਈ ਟਿਪਣੀ ਨਹੀਂ ਕੀਤੀ ਪਰ ਅਕਾਲੀ ਦਲ ਦੇ ਜਿਲ੍ਹਾ ਰੂਪਨਗਰ ਦੇ ਪ੍ਰਧਾਨ ਗੁਰਿੰਦਰ ਸਿੰਘ ਗੋਗੀ ਸਮੇਤ ਕਈ ਆਗੂਆਂ ਨੇ ਰੋਸ ਵਜੋਂ ਆਪਣਾ ਅਸਤੀਫ਼ਾ ਦੇ ਦਿੱਤਾ ਹੈ। ਅਕਾਲੀ ਆਗੂ ਗੁਰਿੰਦਰ ਸਿੰਘ ਗੋਗੀ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਨੇ ਅੱਜ ਦੋਵੇਂ ਜਥੇਦਾਰਾਂ ਨੂੰ ਅਹੁਦੇ ਤੋਂ ਹਟਾ ਕੇ ਬਹੁਤ ਮੰਦਭਾਗਾ ਫੈਸਲਾ ਲਿਆ ਹੈ ਜਿਸ ਕਰਕੇ ਸਿੱਖ ਸੰਗਤ ਵਿੱਚ ਰੋਸ ਹੈ ਗੋਗੀ ਨੇ ਕਿਹਾ ਕਿ ਉਨ੍ਹਾਂ ਨੇ ਰੋਸ ਵਜੋਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਗੋਗੀ ਨੇ ਸਮੁੱਚੀ ਸਿੱਖ ਸੰਗਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ 2 ਦਸੰਬਰ 2024 ਨੂੰ ਸਣਾਏ ਗਏ ਹੁਕਮਨਾਮੇ ਅਨੁਸਾਰ ਬਣਾਈ ਗਈ ਕਮੇਟੀ ਨੂੰ ਪੂਰਨ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ ਤਾਂ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਖੇਤਰੀ ਪਾਰਟੀ ਵਜੋਂ ਅਕਾਲੀ ਦਲ ਨੂੰ ਮਜਬੂਤ ਕੀਤਾ ਜਾ ਸਕੇ। ਜੇਕਰ ਪਿਛਲੀਆਂ ਸਾਲ 1999 ਅਤੇ 2015 ਦੀਆਂ ਇਤਿਹਾਸਕ ਘਟਨਾਵਾਂ ’ਤੇ ਨਜ਼ਰ ਮਾਰੀ ਜਾਵੇ ਤਾਂ ਤਖ਼ਤਾਂ ਦੇ ਜਥੇਦਾਰਾਂ ਨਾਲ ਟਕਰਾਅ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਸੱਤਾ ਵਿਚ ਨਹੀਂ ਆਇਆ। ਉਧਰ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਦੇ ਦਿਨ ਨੂੰ ਕਾਲਾ ਦਿਨ ਕਿਹਾ ਹੈ। ਵਿਧਾਨ ਸਭਾ ਵਿੱਚ ਅਕਾਲੀ ਦਲ ਦੀ ਭਰਤੀ ਅਤੇ ਸਮੂਹ ਆਗੂਆਂ ਲਈ ਬਣਾਈ ਗਈ ਸੱਤ ਮੈਂਬਰੀ ਕਮੇਟੀ ਦੇ ਮੈਂਬਰ ਮਨਪ੍ਰੀਤ ਇਆਲੀ ਅਤੇ ਇਕਬਾਲ ਸਿੰਘ ਝੂੰਦਾ ਸਮੇਤ ਪਾਰਟੀ ਦੇ ਹੋਰ ਆਗੂਆਂ ਨੇ ਵੀ ਤਖ਼ਤਾਂ ਦੇ ਜਥੇਦਾਰਾਂ ਨੂੰ ਹਟਾਉਣ ਦੇ ਫੈਸਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਸਿੱਖ ਭਾਈਚਾਰੇ ਲਈ ਬਹੁਤ ਹੀ ਮੰਦਭਾਗਾ ਦਿਨ ਹੈ।



