
ਫ਼ਿਰੋਜ਼ਪੁਰ, 6 ਮਾਰਚ (ਜਸਵਿੰਦਰ ਸਿੰਘ ਸੰਧੂ)–ਗੁਰੂਹਰਸਹਾਏ ਦੇ ਬੱਸ ਅੱਡਾ ਮੋਹਨ ਕੇ ਉਤਾੜ ’ਤੇ ਵਿਧਾਇਕ ਫੌਜਾ ਸਿੰਘ ਸਰਾਰੀ ਦੀ ਰਿਹਾਇਸ਼ ਦੇ ਬਾਹਰ ਲੱਕੇ ਇਕ ਸਰਕਾਰੀ ਸਾਇਨ ਬੋਰਡ ਦੀ ਤੋੜ ਭੰਨ ਕਰਨ ਦੇ ਦੋਸ਼ ਵਿਚ ਥਾਣਾ ਗੁਰੂਹਰਸਹਾਏ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ 326 (ਈ), 324 (4), 3 (5) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਮਲਕੀਤ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਬੀਤੇ ਦਿਨ ਗਸ਼ਤ ਵਾ ਚੈਕਿੰਗ ਦੇ ਸਬੰਧ ਵਿਚ ਬੱਸ ਅੱਡਾ ਮੋਹਨ ਕੇ ਉਤਾੜ ਪਾਸ ਪੁੱਜੀ ਤਾਂ ਇਸ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਪਿੰਡ ਮੋਹਨ ਕੇ ਉਤਾੜ ਤੋਂ ਬਸਤੀ ਮੋਹਨ ਕੇ ਹਿਠਾੜ ਰੋਡ ’ਤੇ ਫੌਜਾ ਸਿੰਘ ਸਰਾਰੀ ਵਿਧਾਇਕ ਵਿਧਾਨ ਸਭਾ ਹਲਕਾ ਗੁਰੂਹਰਸਹਾਏ ਦੀ ਰਿਹਾਇਸ਼ ਹੈ, ਜਿਨ੍ਹਾਂ ਦੀ ਰਿਹਾਇਸ਼ ਦੇ ਬਾਹਰ ਇਕ ਸਰਕਾਰੀ ਬੋਰਡ ਜਿਸ ਦੇ ਦੋਵੇਂ ਪਾਸਿਆਂ ’ਤੇ ਰਿਹਾਇਸ਼ ਫੌਜ਼ਾ ਸਿੰਘ ਸਰਕਾਰੀ ਐੱਮਐੱਲਏ ਗੁਰੂਹਰਸਹਾਏ ਲਿਖਿਆ ਹੋਇਆ ਹੈ ਤੇ ਅੱਜ ਕਿਸੇ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਸਰਕਾਰੀ ਸਾਇਨ ਬੋਰਡ ਦੀ ਤੋੜ ਭੰਨ ਕਰ ਦਿੱਤੀ ਹੈ ਤੇ ਬੋਰਡ ਤੋੜ ਕੇ ਸੁੱਟ ਦਿੱਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਮਲਕੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।



