ਮੈੜੀ ਵਿਖੇ ਬਾਬਾ ਵਡਭਾਗ ਸਿੰਘ ਮੇਲੇ ਵਿਚ ਸ਼ਾਮਲ ਹੋਣ ਵਾਲੀਆਂ ਸੰਗਤਾਂ ਅਤੇ ਜਥਿਆਂ ਲਈ ਹਦਾਇਤਾਂ ਜਾਰੀ
ਡੀ.ਸੀ. ਊਨਾ (ਹਿਮਾਚਲ ਪ੍ਰਦੇਸ਼) ਵੱਲੋਂ ਭਾਰ ਢੋਣ ਵਾਲੇ ਵਾਹਨਾਂ ਟਰੱਕਾਂ, ਟਰੈਕਟਰਾਂ/ਟਰਾਲੀਆਂ ਆਦਿ ਰਾਹੀਂ ਸ਼ਰਧਾਲੂ ਲੈ ਕੇ ਮੇਲੇ ਵਿਚ ਸ਼ਾਮਿਲ ਹੋਣ ’ਤੇ ਪਾਬੰਦੀ

ਫ਼ਿਰੋਜ਼ਪੁਰ, 6 ਫਰਵਰੀ (ਜਸਵਿੰਦਰ ਸਿੰਘ ਸੰਧੂ)– ਹਿਮਾਚਲ ਪ੍ਰਦੇਸ਼ ਦੇ ਧਾਰਮਿਕ ਅਸਥਾਨ ਮੈੜੀ ਵਿਖੇ ਸਥਿਤ ਬਾਬਾ ਵਡਭਾਗ ਸਿੰਘ ਮੇਲੇ ਵਿਚ ਸ਼ਾਮਲ ਹੋਣ ਵਾਲੀਆਂ ਸੰਗਤਾਂ ਲਈ ਜ਼ਿਲ੍ਹਾ ਊਨਾ (ਹਿਮਾਚਲ ਪ੍ਰਦੇਸ਼) ਦੇ ਡਿਪਟੀ ਕਮਿਸ਼ਨਰ ਦੁਆਰਾ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜਾਰੀ ਹਦਾਇਤਾਂ ਮੁਤਾਬਿਕ ਭਾਰ ਢੋਣ ਵਾਲੇ ਵਾਹਨਾਂ ਟਰੱਕਾਂ, ਟਰੈਕਟਰਾਂ/ਟਰਾਲੀਆਂ ਆਦਿ ਰਾਹੀਂ ਸ਼ਰਧਾਲੂ ਲੈ ਕੇ ਮੇਲੇ ਵਿਚ ਸ਼ਾਮਲ ਹੋਣ ’ਤੇ ਪਾਬੰਦੀ ਲਗਾਈ ਗਈ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਵਾਹਨਾਂ ਨੂੰ ਸੰਗਤ ਅਤੇ ਜਥੇ ਲੈ ਕੇ ਹਿਮਾਚਲ ਪ੍ਰਦੇਸ਼ ਦੀ ਸਰਹੱਦ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕਿ ਡੀਸੀ ਊਨਾ (ਹਿਮਾਚਲ ਪ੍ਰਦੇਸ਼) ਵੱਲੋਂ ਪੱਤਰ ਜਾਰੀ ਕਰਕੇ ਧਿਆਨ ਵਿਚ ਲਿਆਂਦਾ ਗਿਆ ਹੈ ਕਿ ਪੰਜਾਬ, ਹਰਿਆਣਾ ਅਤੇ ਉੱਤਰ ਭਾਰਤ ਦੇ ਹੋਰਨਾਂ ਰਾਜਾਂ ਤੋਂ ਵੱਡੀ ਗਿਣਤੀ ’ਚ ਸ਼ਰਧਾਲੂ ਟਰੱਕਾਂ, ਟਰੈਕਟਰ/ਟਰਾਲੀਆਂ ਆਦਿ ਰਾਹੀਂ ਬਾਬਾ ਵਡਭਾਗ ਸਿੰਘ ਮੇਲੇ ਵਿਚ ਸ਼ਾਮਲ ਹੋਣ ਲਈ ਆਉਂਦੇ ਹਨ। ਉਨ੍ਹਾਂ ਸਪਸ਼ੱਟ ਕੀਤਾ ਕਿ ਇਨ੍ਹਾਂ ਵਾਹਨਾਂ ਰਾਹੀਂ ਸ਼ਰਧਾਲੂਆਂ ਨੂੰ ਹਿਮਾਚਲ ਪ੍ਰਦੇਸ਼ ਦੀ ਸਰਹੱਦ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 7 ਤੋਂ 17 ਮਾਰਚ, 2025 ਤੱਕ ਚੱਲਣ ਵਾਲੇ ਬਾਬਾ ਵਡਭਾਗ ਸਿੰਘ ਮੇਲੇ ਲਈ ਲੋੜੀਂਦੇ ਸਾਰੇ ਪ੍ਰਬੰਧ ਕਰ ਲਏ ਗਏ ਹਨ। ਉਨ੍ਹਾਂ ਮੇਲੇ ’ਚ ਸ਼ਾਮਲ ਹੋਣ ਵਾਲਿਆਂ ਨੂੰ ਸੜਕ ਸੁਰੱਖਿਆ ਨਿਯਮਾਂ ਅਤੇ ਹੋਰ ਸੁਰੱਖਿਆ ਨੇਮਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਅਪੀਲ ਕੀਤੀ।



