
ਬਠਿੰਡਾ, 4 ਮਾਰਚ : ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਨੌਜਵਾਨਾਂ ਨੂੰ ਨਵੀਆਂ ਤਕਨੀਕਾਂ ਰਾਹੀਂ ਸਿਖਲਾਈ ਦੇਣ ਲਈ ਹਰ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਪੰਜਾਬ ਸਰਕਾਰ ਦੇ ਰੋਜਗਾਰ ਉਤਪੱਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਜ਼ਿਲ੍ਹੇ ਦੇ ਪਿੰਡ ਕਾਲਝਰਾਣੀ ਵੱਲੋਂ ਜ਼ਿਲ੍ਹਾ ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਤੇ ਫਾਜਿਲਕਾ ਦੇ ਯੁਵਕਾਂ ਵਾਸਤੇ ਪੰਜਾਬ ਪੁਲਿਸ ਦੇ ਲਿਖਤੀ ਪੇਪਰ ਦੀ ਤਿਆਰੀ ਲਈ ਮੁਫਤ ਸਿਖਲਾਈ ਕੈਂਪ ਸ਼ੁਰੂ ਕੀਤਾ ਜਾ ਚੁੱਕਾ ਹੈ। ਇਹ ਜਾਣਕਾਰੀ ਟ੍ਰੇਨਿੰਗ ਅਧਿਕਾਰੀ ਕੈਪਟਨ ਲਖਵਿੰਦਰ ਸਿੰਘ ਨੇ ਸਾਂਝੀ ਕੀਤੀ। ਇਸ ਸਬੰਧੀ ਉਨ੍ਹਾਂ ਦੱਸਿਆ ਕਿ ਜਿਨ੍ਹਾਂ ਯੁਵਕਾਂ ਵੱਲੋਂ ਅਜੇ ਤੱਕ ਆਨ-ਲਾਈਨ ਅਪਲਾਈ ਨਹੀ ਕੀਤਾ, ਉਹ ਪੰਜਾਬ ਪੁਲਿਸ ਦੀ ਵੈਬ ਸਾਈਟ ਤੇ ਮਿਤੀ 13 ਮਾਰਚ 2025 ਤੱਕ ਅਪਲਾਈ ਕਰ ਸਕਦੇ ਹਨ । ਸਿਖਲਾਈ ਲੈਣ ਦੇ ਚਾਹਵਾਨ ਯੁਵਕ ਆਨ-ਲਾਈਨ ਅਪਲਾਈ ਕਰਕੇ 06 ਮਾਰਚ 2025 ਤੋਂ ਕਿਸੇ ਵੀ ਕੰਮ-ਕਾਜ ਵਾਲੇ ਦਿਨ ਸਵੇਰੇ 9 ਵਜੇ ਸੀ-ਪਾਈਟ ਕੈਂਪ, ਕਾਲਝਰਾਣੀ ਵਿਖੇ ਨਿੱਜੀ ਤੌਰ ’ਤੇ ਪਹੁੰਚ ਕੇ ਦਸਵੀ ਅਤੇ ਬਾਰਵੀਂ ਜਮਾਤ ਦੇ ਸਰਟੀਫਿਕੇਟ ਦੀਆਂ ਫੋਟੋ ਕਾਪੀਆਂ, ਪੰਜਾਬ ਪੁਲਿਸ ਲਈ ਕੀਤਾ ਆਨ-ਲਾਈਨ ਅਪਲਾਈ ਫਾਰਮ ਦੀ ਫੋਟੋ ਕਾਪੀ, ਅਧਾਰ ਕਾਰਡ ਦੀ ਫੋਟੋ ਕਾਪੀ ਅਤੇ 02 ਤਾਜਾ ਪਾਸਪੋਰਟ ਸਾਈਜ ਫੋਟੋ ਲੈ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸਿਖਲਾਈ ਦੌਰਾਨ ਨੌਜਵਾਨਾਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਖਾਣਾ ਤੇ ਰਿਹਾਇਸ਼ ਮੁਫਤ ਦਿੱਤੀ ਜਾਵੇਗੀ। ਵਧੇਰੇ ਜਾਣਕਾਰੀ ਲਈ ਨੌਜਵਾਨ 93167-13000, 94638-31615 ਅਤੇ 94641-52013 ’ਤੇ ਸੰਪਰਕ ਕਰ ਸਕਦੇ ਹਨ।



