ਵਿਧਾਇਕ ਬਲਕਾਰ ਸਿੱਧੂ ਤੇ ਰਾਮਗੜ੍ਹੀਆ ਭਾਈਚਾਰਾ ਔਖਾ
ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਲਾਂਭੇ ਕਰਨ ਦੀ ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਕੀਤੀ ਮੰਗ

ਹੁਸ਼ਿਆਰਪੁਰ , 2 ਮਾਰਚ- ਵਿਧਾਨ ਸਭਾ ਹਲਕਾ ਰਾਮਪੁਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੱਧੂ ਦੀਆਂ ਮੁਸੀਬਤਾਂ ਦਿਨੋ ਦਿਨ ਵਧ ਰਹੀਆ ਹਨ । ਉਨ੍ਹਾਂ ਉੱਪਰ ਦੋਸ਼ ਹੈ ਕਿ ਉਨ੍ਹਾਂ ਵਲੋਂ ਆਮ ਆਦਮੀ ਪਾਰਟੀ ਸੀਨੀਅਰ ਆਗੂ ਕੁਲਤਾਰ ਸਿੰਘ ਸੰਧਵਾਂ ਸਪੀਕਰ ਵਿਧਾਨ ਸਭਾ ਨੂੰ ਸਾਹਮਣੇ ਰੱਖ ਕੇ ਸਮੁੱਚੇ ਰਾਮਗੜ੍ਹੀਆ ਭਾਈਚਾਰੇ ਖ਼ਿਲਾਫ਼ ਅਪਸ਼ਬਦ ਬੋਲੇ ਹਨ । ਜਿਸ ਦੀ ਆਡੀਓ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਜੋ ਜੰਗਲ ਦੀ ਅੱਗ ਵਾਂਗ ਮੋਬਾਈਲ ਤੋ ਮੋਬਾਈਲ ਫੈਲੀ । ਉਕਤ ਹਰਕਤ ਨੂੰ ਲੈ ਕੇ ਸਮੁੱਚੇ ਰਾਮਗੜ੍ਹੀਏ ਭਾਇਚਾਰੇ ਵਿੱਚ ਭਾਰੀ ਗੁੱਸੇ ਦੀ ਲਹਿਰ ਪਈ ਜਾ ਰਹੀ ਹੈ। ਭਾਈਚਾਰਾ ਪਾਲਣ ਤੇ ਵਿਧਾਇਕ ਖ਼ਿਲਾਫ਼ ਲਾਮਬੰਧ ਹੋਣ ਸੰਬੰਧੀ ਦਿੱਤੇ ਜਾ ਰਹੇ ਸਦੇ ਤਹਿਤ ਰਾਮਗੜ੍ਹੀਆ ਸਿੱਖ ਅਰਗੇਨਾਈਜ਼ੇਸ਼ਨ ਇੰਡੀਆ ਦੇ ਪ੍ਰਧਾਨ ਹਰਦੇਵ ਸਿੰਘ ਕੌਂਸਲ ਅਤੇ ਜਨਰਲ ਸਕੱਤਰ ਇੰਡੀਆ ਜਗਸੀਰ ਸਿੰਘ ਧੀਮਾਨ ਨੇ ਸਾਥੀਆਂ ਸਮੇਤ ਆਵਾਜ਼ ਬੁਲੰਦ ਕੀਤੀ ਹੈ । ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਵਿਧਾਇਕ ਬਲਕਾਰ ਸਿੱਧੂ ਦੀ ਆਡੀਓ ਇਕ ਵਾਇਰਲ ਹੋਈ ਹੈ ਜਿਸ ਵਿਚ ਰਾਮਗੜ੍ਹੀਆ ਭਾਈਚਾਰੇ ਦੀ ਸਤਿਕਾਰਿਤ ਸਖਸ਼ੀਅਤ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਖ਼ਿਲਾਫ਼ ਅਪਸ਼ਬਦ ਬੋਲਦਿਆਂ ਸਮੁੱਚੀ ਰਾਮਗੜ੍ਹੀਆ ਬਰਾਦਰੀ ਨੂੰ ਨਿਸ਼ਾਨੇ ਤੇ ਲਿਆ ਹੈ । ਜਿਸ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ । ਉਕਤ ਆਗੂਆਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਬਲਕਾਰ ਸਿੱਧੂ ਨੂੰ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਤੁਰੰਤ ਲਾਂਭੇ ਕੀਤਾ ਜਾਵੇ।



