ਪੰਜਾਬ ‘ਚ ਮਹਿੰਗੀ ਹੋਵੇਗੀ ਅੰਗਰੇਜ਼ੀ ਸ਼ਰਾਬ ਤੇ ਸਸਤੀ ਹੋਵੇਗੀ ਬੀਅਰ, ਫਾਰਮ ਹਾਊਸ ’ਚ ਰੱਖ ਸਕੋਗੇ ਏਨੀਆਂ ਬੋਤਲਾਂ

ਚੰਡੀਗੜ੍ਹ, 28 ਫਰਵਰੀ- ਪੰਜਾਬ ਮੰਤਰੀ ਮੰਡਲ ਨੇ ਵਿੱਤੀ ਸਾਲ 2025-26 ਲਈ ਆਬਕਾਰੀ ਨੀਤੀ ’ਤੇ ਮੋਹਰ ਲਗਾ ਦਿੱਤੀ ਹੈ। ਇਸ ਤਹਿਤ ਸੂਬੇ ’ਚ ਅਗਲੇ ਵਿੱਤੀ ਸਾਲ ’ਚ ਭਾਰਤ ’ਚ ਬਣੀ ਵਿਦੇਸ਼ੀ ਸ਼ਰਾਬ (ਆਈਐੱਮਐੱਫਐੱਲ ਯਾਨੀ ਅੰਗ੍ਰੇਜ਼ੀ ਸ਼ਰਾਬ) ਤੇ ਦਰਾਮਦ ਵਿਦੇਸ਼ੀ ਸ਼ਰਾਬ (ਆਈਐੱਫਐੱਲ) ਮਹਿੰਗੀ ਹੋ ਜਾਵੇਗੀ। ਨਵੀਂ ਨੀਤੀ ਮੁਤਾਬਕ ਭਾਰਤ ’ਚ ਬਣੀ ਅੰਗ੍ਰੇਜ਼ੀ ਸ਼ਰਾਬ ਦੀ ਹਰ ਬੋਤਲ ਦੀ ਕੀਮਤ ’ਚ 10 ਤੋਂ ਵੀਹ ਰੁਪਏ ਤੇ ਦਰਾਮਦ ਸ਼ਰਾਬ ਦੀ ਬੋਤਲ ’ਚ 30 ਤੋਂ 40 ਰੁਪਏ ਦਾ ਵਾਧਾ ਕੀਤਾ ਗਿਆ ਹੈ। ਦੇਸੀ ਸ਼ਰਾਬ ਤੇ ਬੀਅਰ ਦੀਆਂ ਕੀਮਤਾਂ ’ਚ ਕੋਈ ਵਾਧਾ ਨਹੀਂ ਕੀਤੀ ਗਿਆ। ਸ਼ਰਾਬ ਦੇ ਠੇਕੇ ਡਰਾਅ ਰਾਹੀਂ ਨਹੀਂ ਬਲਕਿ ਈ-ਟੈਂਡਰਿੰਗ ਜ਼ਰੀਏ ਅਲਾਟ ਕੀਤੇ ਜਾਣਗੇ। ਨਵੀਂ ਨੀਤੀ ’ਚ ਸਰਕਾਰ ਨੇ ਸ਼ਰਾਬ ਤੋਂ 11020 ਕਰੋੜ ਰੁਪਏ ਦਾ ਮਾਲੀਏ ਦਾ ਟੀਚਾ ਰੱਖਿਆ ਹੈ। ਇਸ ਤੋਂ ਇਲਾਵਾ ਗਊ ਸੈੱਸ ’ਚ ਵੀ ਵਾਧਾ ਕਰ ਦਿੱਤਾ ਗਿਆ ਹੈ। ਗੁਰੱਪਾਂ ਦੀ ਗਿਣਤੀ 236 ਤੋਂ ਘਟਾ ਕੇ 207 ਕਰ ਦਿੱਤੀ ਗਈ। ਇਸ ’ਚ ਛੋਟੇ ਗਰੁੱਪ ਖ਼ਤਮ ਕਰ ਦਿੱਤੇ ਗਏ ਹਨ। ਵੀਰਵਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ’ਚ ਉਨ੍ਹਾਂ ਦੀ ਰਿਹਾਇਸ਼ ’ਚ ਹੋਈ ਪੰਜਾਬ ਮੰਤਰੀ ਮੰਡਲ ਦੀ ਬੈਠਕ ’ਚ ਆਬਕਾਰੀ ਨੀਤੀ 2025-26 ’ਤੇ ਚਰਚਾ ਮਗਰੋਂ ਇਸ ਨੂੰ ਮਨਜ਼ੂਰੀ ਦਿੱਤੀ ਗਈ। ਵਿੱਤ ਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੈਬਨਿਟ ਮੀਟਿੰਗ ’ਚ ਲਏ ਗਏ ਫ਼ੈਸਲੇ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੰਤਰੀ ਮੰਡਲ ਦੀ ਬੈਠਕ ’ਚ ਵਿੱਤੀ ਸਾਲ 2025-26 ਲਈ ਆਬਕਾਰੀ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਵਿੱਤੀ ਸਾਲ ’ਚ ਸਰਕਾਰ ਨੇ ਆਬਕਾਰੀ ਤੋਂ 10,125 ਕਰੋੜ ਰੁਪਏ ਦੀ ਆਮਦਨ ਦਾ ਟੀਚਾ ਰੱਖਿਆ ਸੀ ਤੇ ਇਸ ਤੋਂ 10,200 ਕਰੋੜ ਰੁਪਏ ਦਾ ਮਾਲੀਆ ਇਕੱਠਾ ਕਰ ਲਿਆ ਗਿਆ ਹੈ। ਹੁਣ ਵਿੱਤੀ ਸਾਲ 2025-26 ਦੌਰਾਨ ਆਬਕਾਰੀ 11020 ਕਰੋੜ ਰੁਪਏ ਦੀ ਆਮਦਨ ਹੋਣ ਦੀ ਉਮੀਦ ਹੈ। ਚੀਮਾ ਨੇ ਦੱਸਿਆ ਕਿ ਪਿਛਲੇ ਸਾਲ ਡਰਾਅ ਰਾਹੀਂ ਠੇਕੇ ਅਲਾਟ ਕੀਤੇ ਗਏ ਸਨ ਜਦਕਿ ਨਵੀਂ ਨੀਤੀ ਤਹਿਤ ਠੇਕੇ ਈ-ਟੈਂਡਰਿੰਗ ਜ਼ਰੀਏ ਅਲਾਟ ਕੀਤੇ ਜਾਣਗੇ। ਇਸ ਲਈ 207 ਸਮੂਹ ਬਣਾਏ ਗਏ ਹਨ ਜਦਕਿ ਇਸ ਤੋਂ ਪਹਿਲਾਂ ਗਰੁੱਪਾਂ ਦੀ ਗਿਣਤੀ 236 ਸੀ। ਹਰੇਕ ਸਮੂਹ ਦਾ ਆਕਾਰ 40 ਕਰੋੜ ਰੁਪਏ ਰੱਖਿਆ ਗਿਆ ਹੈ। ਚੀਮਾ ਨੇ ਕਿਹਾ ਕਿ ਖੇਤਰਾਂ ਦੇ ਆਧਾਰ ’ਤੇ ਇਸ ਨੂੰ 25 ਪ੍ਰਤੀਸ਼ਤ ਤੱਕ ਵਧਾਇਆ ਜਾ ਸਕਦਾ ਹੈ। ਇਸਦਾ ਮਤਲਬ ਹੈ ਕਿ ਜੇਕਰ ਕਿਤੇ ਸੰਘਣੀ ਆਬਾਦੀ ਹੈ ਤਾਂ ਇਸਨੂੰ ਵਧਾਇਆ ਜਾ ਸਕਦਾ ਹੈ ਤੇ ਜੇਕਰ ਘੱਟ ਜਾਂ ਦਿਹਾਤੀ ਖੇਤਰ ਹੈ ਤਾਂ ਇਸਨੂੰ ਘਟਾਇਆ ਜਾ ਸਕਦਾ ਹੈ। ਈ-ਟੈਡਰਿੰਗ ਨੂੰ ਲੈ ਕੇ ਛੋਟੇ ਠੇਕੇਦਾਰਾਂ ’ਚ ਪਾਈ ਜਾ ਰਹੀ ਨਿਰਾਸ਼ਾ ਸਬੰਧੀ ਸਵਾਲ ਦੇ ਜਵਾਬ ’ਚ ਚੀਮਾ ਨੇ ਕਿਹਾ ਕਿ ਉਨ੍ਹਾਂ ਨੇ ਕੈਬਨਿਟ ਸਬ ਕਮੇਟੀ ਦੀ ਮੀਟਿੰਗ ਦੌਰਾਨ ਹਰੇਕ ਠੇਕੇਦਾਰ ਨਾਲ ਗੱਲਬਾਤ ਕੀਤੀ ਸੀ ਤੇ ਸਾਰਿਆਂ ਦੇ ਬਿਆਨ ਦਰਜ ਹਨ। ਉਨ੍ਹਾਂ ਕਿਹਾ ਕਿ ਸਾਰਾ ਕੰਮ ਪਾਰਦਰਸ਼ੀ ਢੰਗ ਨਾਲ ਕੀਤਾ ਹੈ। ਚੀਮਾ ਨੇ ਦੱਸਿਆ ਕਿ ਨਵੀਂ ਆਬਕਾਰੀ ਨੀਤੀ ਤਹਿਤ ਫਾਰਮ ਹਾਊਸ ’ਚ ਸ਼ਰਾਬ ਰੱਖਣ ਦੇ ਲਾਇਸੈਂਸ ’ਚ ਸ਼ਰਾਬ ਦੀ ਮਿਕਦਾਰ ਵਧਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਇਸ ਲਾਇਸੈਂਸ ’ਤੇ 12 ਬੋਤਲਾਂ ਦੀ ਥਾਂ 36 ਬੋਤਲਾਂ ਸ਼ਰਾਬ ਰੱਖੀ ਜਾ ਸਕੇਗੀ। ਇਸ ਤੋਂ ਇਲਾਵਾ ਸ਼ਰਾਬ ’ਤੇ ਲਗਾਇਆ ਗਿਆ ਗਊ ਸੈੱਸ 1 ਰੁਪਏ ਪ੍ਰਤੀ ਪਰੂਫ ਲੀਟਰ ਤੋਂ ਵਧਾ ਕੇ 1.50 ਰੁਪਏ ਪ੍ਰਤੀ ਪਰੂਫ ਲੀਟਰ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਚਾਲੂ ਵਿੱਤੀ ਸਾਲ ’ਚ ਗਊ ਸੈੱਸ ਤੋਂ ਪਹਿਲਾਂ 16 ਕਰੋੜ ਰੁਪਏ ਇਕੱਠੇ ਕੀਤੇ ਗਏ ਸਨ। ਨਵੀਂ ਨੀਤੀ ਤਹਿਤ ਇਸ ਤੋਂ 24 ਕਰੋੜ ਰੁਪਏ ਇਕੱਠੇ ਕਰਨ ਦਾ ਟੀਚਾ ਰੱਖਿਆ ਗਿਆ ਹੈ।
ਬੀਅਰ ਦੇ ਠੇਕੇ ਵੱਧਣਗੇ
ਚੀਮਾ ਨੇ ਦੱਸਿਆ ਕਿ ਨੌਜਵਾਨਾਂ ’ਚ ਬੀਅਰ ਪੀਣ ਦਾ ਰੁਝਾਨ ਵੱਧ ਰਿਹਾ ਹੈ। ਇਸੇ ਦੇ ਮੱਦੇਨਜ਼ਰ ਨਵੀਂ ਆਬਕਾਰੀ ਨੀਤੀ ’ਚ ਬੀਅਰ ਦੀ ਦੁਕਾਨ ਖੋਲ੍ਹਣ ਲਈ ਫੀਸ ਘਟਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਦੁਕਾਨਾਂ ਦੀ ਗਿਣਤੀ ਵੀ ਵਧਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਪਹਿਲਾਂ ਬੀਅਰ ਦੀ ਦੁਕਾਨ ਖੋਲ੍ਹਣ ਲਈ ਫੀਸ ਦੋ ਲੱਖ ਰੁਪਏ ਸੀ ਜਦਕਿ ਹੁਣ ਇਹ ਫ਼ੀਸ 25 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਇਸ ਦੀ ਸ਼ੁਰੂਆਤ 35 ਦੁਕਾਨਾਂ ਨਾਲ ਕੀਤੀ ਗਈ ਸੀ ਪਰ ਹੁਣ ਇਨ੍ਹਾਂ ਦੀ ਗਿਣਤੀ ਵਧਾਈ ਜਾਵੇਗੀ।
ਨਵੇਂ ਆਬਕਾਰੀ ਪੁਲਿਸ ਸਟੇਸ਼ਨ ਸਥਾਪਤ ਕਰਨ ਨੂੰ ਪ੍ਰਵਾਨਗੀ
ਚੀਮਾ ਨੇ ਕਿਹਾ ਕਿ ਗੁਆਂਢੀ ਸੂਬਿਆਂ ਤੋਂ ਸ਼ਰਾਬ ਦੀ ਗ਼ੈਰ-ਕਾਨੂੰਨੀ ਦਰਾਮਦ ਰੋਕਣ ਲਈ ਆਬਕਾਰੀ ਵਿਭਾਗ ਨੇ ਆਬਕਾਰੀ ਪੁਲਿਸ ਸਟੇਸ਼ਨ ਸਥਾਪਤ ਕਰਨ ਦਾ ਫ਼ੈਸਲਾ ਕੀਤਾ ਹੈ। ਇਸਨੂੰ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਹੈ। ਚੀਮਾ ਨੇ ਦੱਸਿਆ ਕਿ ਇਸ ਸਬੰਧੀ ਇਕ ਕਮੇਟੀ ਗਠਿਤ ਕੀਤੀ ਗਈ ਹੈ ਜਿਸ ’ਚ ਪੁਲਿਸ ਦੇ ਅਧਿਕਾਰੀ ਵੀ ਸ਼ਾਮਲ ਹੋਣਗੇ। ਇਹ ਅੰਤਰ-ਵਿਭਾਗੀ ਕਮੇਟੀ ਜ਼ਲਦੀ ਹੀ ਫ਼ੈਸਲਾ ਲਵੇਗੀ ਕਿ ਕਿਹੜੇ-ਕਿਹੜੇ ਖ਼ੇਤਰ ’ਚ ਕਿੰਨੇ ਪੁਲਿਸ ਸਟੇਸ਼ਨ ਸਥਾਪਤ ਕਰਨ ਦੀ ਜ਼ਰੂਰਤ ਹੈ।



