
ਖਨੋਰੀ, 27 ਫਰਵਰੀ- ਖਨੌਰੀ ਬਾਰਡਰ ’ਤੇ ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ ’ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਬੁੱਧਵਾਰ ਨੂੰ 93ਵੇਂ ਦਿਨ ਵਿਚ ਦਾਖ਼ਲ ਹੋ ਗਿਆ ਹੈ। ਪਿਛਲੇ ਦੋ ਦਿਨਾਂ ਦੀ ਉਨ੍ਹਾਂ ਦੀ ਸਿਹਤ ਵਿਗੜੀ ਹੋਈ ਹੈ। ਬਲੱਡ ਪ੍ਰੈਸ਼ਰ ਵਧਿਆ ਹੋਇਆ ਹੈ। ਸਵੇਰੇ 5 ਵਜੇ ਤੋਂ ਤੇਜ਼ ਬੁਖਾਰ (103.6) ਹੋ ਗਿਆ। ਡਾਕਟਰਾਂ ਦੀ ਟੀਮ ਮੌਕੇ ‘ਤੇ ਮੌਜੂਦ ਹੈ ਅਤੇ ਜਗਜੀਤ ਸਿੰਘ ਡੱਲੇਵਾਲ ਜੀ ਦੀ ਸਿਹਤ ‘ਤੇ ਨਜ਼ਰ ਰੱਖ ਰਹੀ ਹੈ। ਇਸ ਮੌਕੇ ਕਿਸਾਨ ਆਗੂ ਕਾਕਾ ਸਿੰਘ ਕੋਟੜਾ ਅਤੇ ਅਭਿਮੰਨਯੂ ਕੋਹਾੜ ਨੇ ਕਿਹਾ ਕਿ ਜਗਜੀਤ ਡੱਲੇਵਾਲ ਦਾ ਬਲੱਡ ਪ੍ਰੈਸ਼ਰ ਵੱਧ ਗਿਆ ਹੈ ਅਤੇ ਬੁਖਾਰ ਵੀ ਹੋ ਗਿਆ। ਉਨ੍ਹਾਂ ਦੇ ਪੈਰਾਂ ਅਤੇ ਮੱਥੇ ’ਤੇ ਠੰਢੀਆਂ ਪੱਟੀਆਂ ਰੱਖ ਕੇ ਬੁਖਾਰ ਲਾਹੁਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਈ ਘੰਟਿਆਂ ਬਾਅਦ ਡਾਕਟਰਾਂ ਨੇ ਉਨ੍ਹਾਂ ਦੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕੀਤਾ। ਹੁਣ ਡਰਿੱਪ ਲਾਉਣ ਕਾਰਨ ਉਨ੍ਹਾਂ ਦਾ ਇਕ ਹੱਥ ਵੀ ਸੁੱਜ ਗਿਆ ਹੈ। ਉਨ੍ਹਾਂ ਦੱਸਿਆ ਕਿ ਸਰੀਰ ਵਿਚ ਜ਼ਿਆਦਾ ਕਮਜ਼ੋਰੀ ਹੋਣ ਦੇ ਕਾਰਨ 2-3 ਦਿਨਾਂ ਬਾਅਦ ਉਨ੍ਹਾਂ ਦੀਆਂ ਨਾੜਾਂ ਬੰਦ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਕੇਦਰ ਸਰਕਾਰ ਕਿਸਾਨਾਂ ਦੀ ਪ੍ਰੀਖਿਆ ਨਾ ਲਵੇ ਅਤੇ ਜਗਜੀਤ ਡੱਲੇਵਾਲ ਦੀ ਵਿਗੜ ਰਹੀ ਸਿਹਤ ਦੇ ਮੱਦੇਨਜ਼ਰ ਕੇਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਬਿਨਾਂ ਕਿਸੇ ਦੇਰੀ ਕੀਤਿਆਂ ਪੂਰਾ ਕੀਤਾ ਜਾਵੇ। 27 ਫਰਵਰੀ ਨੂੰ ਚੰਡੀਗੜ੍ਹ ਵਿਚ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਨਾਲ ਏਕਤਾ ਨੂੰ ਲੈ ਕੇ ਮੀਟਿੰਗ ਹੋਵੇਗੀ। ਇਸ ਤੋਂ ਇਲਾਵਾ 8 ਮਾਰਚ ਨੂੰ ਮਹਿਲਾ ਦਿਵਸ ਮੌਕੇ ਦਾਤਾ ਸਿੰਘਵਾਲਾ ਖਨੌਰੀ, ਸ਼ੰਭੂ ਅਤੇ ਰਤਨਪੁਰਾ ਮੋਰਚਿਆਂ ’ਤੇ ਐੱਮਐੱਸਪੀ ਗਾਰੰਟੀ ਕਾਨੂੰਨ ਦੇ ਮੁੱਦੇ ’ਤੇ ਮਹਿਲਾ ਪੰਚਾਇਤ ਕੀਤੀ ਜਾਵੇਗੀ।



