
ਭਵਾਨੀਗੜ੍ਹ, 27 ਫਰਵਰੀ- ਅੱਜ ਜਿਉਂ ਹੀ ਭਵਾਨੀਗੜ੍ਹ ਟਰੱਕ ਆਪਰੇਟਰ ਯੂਨੀਅਨ ਦਾ ਵਿੱਕੀ ਬਾਜਵਾ ਨੂੰ ਪ੍ਰਧਾਨ ਐਲਾਨਿਆ ਗਿਆ ਤਾਂ ਇਸ ਫੈਸਲੇ ਤੋਂ ਖ਼ਫ਼ਾ ਹੁੰਦਿਆਂ ਟਰੱਕ ਯੂਨੀਅਨ ਦੇ ਬਾਹਰ ਇੱਕ ਟਰੱਕ ਆਪ੍ਰੇਟਰ ਮਨਜੀਤ ਸਿੰਘ ਕਾਕਾ ਫੱਗੂਵਾਲਾ ਨੇ ਜ਼ਹਿਰੀਲੀ ਦਵਾਈ ਨਿਗਲ ਲਈ। ਉਸ ਵੱਲੋਂ ਚੁੱਕੇ ਇਸ ਖ਼ੌਫ਼ਨਾਕ ਕਦਮ ਦਾ ਪਤਾ ਲਗਦਿਆਂ ਹੀ ਬਾਕੀ ਆਪ੍ਰੇਟਰਾਂ ਨੇ ਜਲਦੀ ਨਾਲ ਉਸਨੂੰ ਸ਼ਹਿਰ ਦੇ ਇੱਕ ਹਸਪਤਾਲ ਵਿਖੇ ਭਰਤੀ ਕਰਵਾਇਆ। ਹਾਲਤ ਗੰਭੀਰ ਦੇਖਦੇ ਆਂ ਉਸਨੂੰ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਵਿਖੇ ਰੈਫਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਕਤ ਵਿਅਕਤੀ ਦੀ ਕਾਰ ਵਿਚ ਬਣਾਈ ਇਕ ਵੀਡੀਓ ਵੀ ਤੇਜ਼ੀ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀ ਹੈ ਜਿਸ ‘ਚ ਉਹ ਭਾਵੁਕ ਹੁੰਦਾ ਨਜ਼ਰ ਆ ਰਿਹਾ ਹੈ ਜਿਸ ਵਿਚ ਉਹ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਆਪਣੇ ਨਾਲ ਹੋਈ ਕਥਿਤ ਧੱਕੇਸ਼ਾਹੀ ਦਾ ਜਿਕਰ ਕਰਦਿਆਂ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ, ਗੁਰਪ੍ਰੀਤ ਨਦਾਮਪੁਰ ਸਮੇਤ ਉਨ੍ਹਾਂ ਦੇ ਪਤੀ ਅਤੇ ਸਾਬਕਾ ਪ੍ਰਧਾਨ ਗੁਰਪ੍ਰੀਤ ਫੱਗੂਵਾਲਾ ਆਦਿ ਦਾ ਨਾਂਅ ਲੈ ਕੇ ਉਕਤ ਲੋਕਾਂ ਨੂੰ ਅਪਣੇ ਵੱਲੋ ਚੁੱਕੇ ਇਸ ਕਦਮ ਲਈ ਜ਼ਿੰਮੇਵਾਰ ਦੱਸ ਰਿਹਾ ਹੈ। ਜਿਸ ਮਗਰੋਂ ਉਕਤ ਕਾਕਾ ਸਿੰਘ ਵੱਲੋਂ ਜ਼ਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਟਰੱਕ ਯੂਨੀਅਨ ਦੇ ਬਾਹਰ ਆ ਕੇ ਰੌਲਾ ਪਾ ਦਿੱਤਾ। ਆਤਮ ਹੱਤਿਆ ਦੀ ਕੋਸ਼ਿਸ਼ ਕਰਨ ਵਾਲੇ ਆਪ੍ਰੇਟਰ ਕਾਕਾ ਸਿੰਘ ਦੀ ਵਾਇਰਲ ਹੋ ਰਹੀ ਇੱਕ ਹੋਰ ਵੀਡੀਓ ਵਿਚ ਵੀ ਉਸ ਵੱਲੋਂ ਦੋਸ਼ ਲਾਇਆ ਜਾ ਰਿਹਾ ਹੈ ਕਿ ਹਲਕਾ ਵਿਧਾਇਕ ਭਰਾਜ ਨੇ ਉਸਨੂੰ ਟਰੱਕ ਯੂਨੀਅਨ ਦਾ ਪ੍ਰਧਾਨ ਬਣਾਉਣ ਦਾ ਵਾਅਦਾ ਕੀਤਾ ਸੀ ਪਰੰਤੂ ਉਸਦੇ ਵੱਲੋਂ ਦਿੱਤੇ 30 ਲੱਖ ਰੁਪਏ ਆਪਣੇ ਨੇੜਲੇ ਗੁਰਪ੍ਰੀਤ ਨਦਾਮਪੁਰ ਰਾਹੀਂ ਇੱਕ ਦਿਨ ਪਹਿਲਾਂ ਵਾਪਸ ਭੇਜ ਦਿੱਤੇ। ਇਸ ਵੀਡੀਓ ਵਿਚ ਕਾਕਾ ਸਿੰਘ ਉਕਤ ਗੁਰਪ੍ਰੀਤ ਨੂੰ ਕਹਿੰਦਾ ਸੁਣਾਈ ਦੇ ਰਿਹਾ ਹੈ ਕਿ ਕੋਈ ਗੱਲ ਨਹੀਂ ਜੇਕਰ ਆਪਣੀ ਡੀਲ ਨਹੀਂ ਹੋ ਸਕੀ ਪਰ ਜਿਵੇਂ ਤੁਸੀਂ ਗੁਰਪ੍ਰੀਤ ਸਿੰਘ ਤੋਂ ਪੈਸੇ ਲੈ ਕੇ ਗਏ ਸੀ ਉਸੇ ਤਰ੍ਹਾਂ ਮੇਰੇ 30 ਲੱਖ ਮੈਨੂੰ ਵਾਪਸ ਕਰ ਰਹੇ ਹੋ, ਸਵੇਰੇ ਦੇਖਾਂਗੇ।



