
ਝਬਾਲ, 23 ਫਰਵਰੀ- ਜ਼ਿਲ੍ਹੇ ਦੇ ਪਿੰਡ ਪੱਧਰੀ ਵਿਖੇ ਲੰਘੀ ਰਾਤ ਆਮ ਆਦਮੀ ਪਾਰਟੀ ਦੇ ਮੈਂਬਰ ਪੰਚਾਇਤ ਦੇ ਭਰਾ ਜੋ ਆਪ ਦਾ ਸਰਗਰਮ ਵਰਕਰ ਹੈ, ਨੂੰ ਕੁਝ ਵਿਅਕਤੀਆਂ ਨੇ ਉਸ ਸਮੇਂ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਵੱਢ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ, ਜਦੋਂ ਉਹ ਆਪਣੇ ਘਰ ਵਿੱਚ ਸੁੱਤਾ ਪਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ ਨਿੱਜੀ ਰੰਜਿਸ਼ ਤਹਿਤ ਕੀਤਾ ਗਿਆ ਹੈ। ਫਿਲਹਾਲ ਥਾਣਾ ਝਬਾਲ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਦੋਂਕਿ ਜ਼ਖ਼ਮੀ ਹੋਏ ਵਿਅਕਤੀ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਇਸ ਸਬੰਧੀ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੇ ਪਿੰਡ ਪੱਧਰੀ ਤੋਂ ਪੰਚਾਇਤ ਮੈਂਬਰ ਦਾ ਭਰਾ ਪਰਮਜੀਤ ਸਿੰਘ ਪੁੱਤਰ ਜਗੀਰ ਸਿੰਘ ਆਪਣੇ ਘਰ ਸੁੱਤਾ ਪਿਆ ਸੀ। ਜਦੋਂਕਿ ਉਸ ਦਾ ਪਰਿਵਾਰ ਘਰ ਦੇ ਨਜ਼ਦੀਕ ਇਕ ਵਿਆਹ ਸਮਾਗਮ ’ਤੇ ਗਿਆ ਹੋਇਆ ਸੀ। ਪਿੱਛੋਂ ਪੁਰਾਣੀ ਰੰਜਿਸ਼ ਤਹਿਤ ਪਿੰਡ ਦੇ ਹੀ ਕੁਝ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਪਰਮਜੀਤ ਸਿੰਘ ਨੂੰ ਬੁਰੀ ਤਰ੍ਹਾਂ ਵੱਢ ਕੇ ਜ਼ਖ਼ਮੀ ਕਰ ਦਿੱਤਾ। ਰੌਲਾ ਸੁਣ ਕੇ ਜਦੋਂ ਪਰਿਵਾਰ ਵਾਲੇ ਘਰ ਪਹੁੰਚੇ ਤਾਂ ਹਮਲਾ ਕਰਨ ਵਾਲੇ ਲੋਕ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ। ਬੁਰੀ ਤਰ੍ਹਾਂ ਜ਼ਖ਼ਮੀ ਪਰਮਜੀਤ ਸਿੰਘ ਨੂੰ ਪਰਿਵਾਰਕ ਮੈਂਬਰਾਂ ਅਤੇ ਪਿੰਡ ਦੇ ਸਰਪੰਚ ਸਲਵਿੰਦਰ ਸਿੰਘ ਨੇ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ। ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਸਬੰਧੀ ਥਾਣਾ ਝਬਾਲ ਦੇ ਮੁਖੀ ਆਈਪੀਐੱਸ ਅਧਿਕਾਰੀ ਅਸ਼ੋਕ ਮੀਨਾ ਨੇ ਕਿਹਾ ਕਿ ਘਟਨਾ ਦਾ ਪਤਾ ਚੱਲਦਿਆਂ ਦੀ ਪੁਲਿਸ ਮੌਕੇ ’ਤੇ ਪਹੁੰਚ ਗਈ। ਪਰ ਪਰਮਜੀਤ ਸਿੰਘ ਗੰਭੀਰ ਜ਼ਖ਼ਮੀ ਹੋਣ ਕਰ ਕੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਤੇ ਉਹ ਫਿਲਹਾਲ ਬਿਆਨ ਦੇਣ ਦੇ ਯੋਗ ਨਹੀਂ। ਉਨ੍ਹਾਂ ਕਿਹਾ ਕਿ ਫਿਰ ਵੀ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਮੁਲਜ਼ਮਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ।



