Punjab

1988 ‘ਚ ਆਏ ਹੜ੍ਹ ਦਾ ਰਿਕਾਰਡ ਤੋੜ ਰਿਹੈ ਇਸ ਵਾਰ ਦਾ ਮੀਂਹ

ਕਾਫੀ ਹੱਦ ਤਕ ਨੁਕਸਾਨ ਰੋਕਣ 'ਚ ਮਦਦਗਾਰ ਸਾਬਿਤ ਹੋਈ ਤਕਨਾਲੋਜੀ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 27 ਅਗਸਤ : ਸਾਲ 2025 ‘ਚ ਹੋ ਰਹੀ ਬਰਸਾਤ ਪੰਜਾਬ ‘ਚ ਹੁਣ ਤਕ ਆਏ ਸਭ ਤੋਂ ਵੱਡੀ 1988 ਦੇ ਹੜ੍ਹ ਦਾ ਰਿਕਾਰਡ ਤੋੜ ਰਹੀ ਹੈ ਪਰ ਇਸ ਦੇ ਬਾਵਜੂਦ ਇਸ ਵਾਰ 1988 ਦੇ ਮੁਕਾਬਲੇ ਜ਼ਿਆਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ। 1988 ਦੇ ਮੁਕਾਬਲੇ ਅੱਜ ਦੀ ਤਕਨਾਲੋਜੀ ਨੇ ਨਾ ਸਿਰਫ਼ ਜਾਨਾਂ ਬਚਾਈਆਂ ਹਨ, ਸਗੋਂ ਹੋਰ ਵੀ ਬਹੁਤ ਸਾਰੇ ਨੁਕਸਾਨਾਂ ਤੋਂ ਵੀ ਬਚਾਅ ਕੀਤਾ ਹੈ। ਹਾਲਾਂਕਿ, ਉਦੋਂ ਦੇ ਹੜ੍ਹ ਅਤੇ ਅੱਜ ਦੇ ਹੜ੍ਹ ਵਿਚ ਇਕ ਸਮਾਨਤਾ ਇਹ ਜ਼ਰੂਰ ਰਹੀ ਹੈ ਕਿ ਇਸ ਵਾਰ ਵੀ ਫਸਲਾਂ ਦੇ ਨੁਕਸਾਨ ਨੂੰ ਰੋਕਿਆ ਨਹੀਂ ਜਾ ਸਕਿਆ। 1988 ‘ਚ ਪੌਂਗ ਅਤੇ ਭਾਖੜਾ ਡੈਮ ਪੂਰੀ ਤਰ੍ਹਾਂ ਭਰ ਜਾਣ ਅਤੇ ਡੈਮਾਂ ਦੇ ਫਿਲਿੰਗ ਪੀਰੀਅਡ ਪੂਰੇ ਹੋਣ ਤੋਂ ਬਾਅਦ ਬਰਸਾਤ ਕਾਰਨ ਤਬਾਹੀ ਹੋਈ। ਇਕ ਮੀਡੀਆ ਰਿਪੋਰਟ ਅਨੁਸਾਰ, ਉਸ ਸਮੇਂ ਦੀ ਤਬਾਹੀ ਇੰਨੀ ਵੱਡੀ ਸੀ ਕਿ 1300 ਲੋਕ ਹੜ੍ਹ ‘ਚ ਵਹਿ ਕੇ ਪਾਕਿਸਤਾਨ ਪਹੁੰਚ ਗਏ। ਪਾਕਿਸਤਾਨੀ ਰੇਡੀਓ ਨੇ ਪੰਜ ਅਕਤੂਬਰ ਸ਼ਾਮ ਨੂੰ ਇਹ ਖ਼ਬਰ ਆਪਣੇ ਬੁਲੇਟਿਨ ‘ਚ ਦਿੱਤੀ, ਹਾਲਾਂਕਿ ਉਸੇ ਦਿਨ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ‘ਚ ਮਰਨ ਵਾਲਿਆਂ ਦੀ ਗਿਣਤੀ 607 ਦੱਸੀ ਗਈ ਸੀ ਅਤੇ ਕਿਹਾ ਗਿਆ ਸੀ ਕਿ ਇਹ ਗਿਣਤੀ ਵਧ ਸਕਦੀ ਹੈ। ਉਸ ਸਮੇਂ ਦੇ ਹੜ੍ਹ ਵਿਚ ਗੁਰਦਾਸਪੁਰ ‘ਚ 196, ਹੁਸ਼ਿਆਰਪੁਰ ‘ਚ 157 ਅਤੇ ਅੰਮ੍ਰਿਤਸਰ ਵਿਚ 67 ਮੌਤਾਂ ਦੀ ਪੁਸ਼ਟੀ ਹੋਈ ਸੀ, ਜਦਕਿ ਕਈ ਲੋਕ ਗਾਇਬ ਸਨ। ਦੱਸਿਆ ਜਾਂਦਾ ਹੈ ਕਿ ਛੇ ਲੱਖ ਲੋਕ ਹੜ੍ਹ ਕਾਰਨ ਪ੍ਰਭਾਵਿਤ ਹੋਏ ਸਨ। ਇੱਥੋਂ ਉਦੋਂ ਦੇ ਹੜ੍ਹ ਦੇ ਮੰਜ਼ਰ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਤਰਨਤਾਰਨ, ਕਪੂਰਥਲਾ ਆਦਿ ਜ਼ਿਲ੍ਹਿਆਂ ‘ਚ 1988 ਦੇ ਹੜ੍ਹ ਨੂੰ ਦੇਖਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਉਸ ਸਮੇਂ ਸਿਰਫ਼ ਇੱਕੋ ਵਾਰ ਪਾਣੀ ਆਇਆ ਸੀ ਤੇ ਸਭ ਕੁਝ ਰੁੜ੍ਹ ਗਿਆ ਸੀ। ਉਸ ਤੋਂ ਬਾਅਦ ਪਾਣੀ ਹੌਲੀ-ਹੌਲੀ ਹੇਠਾਂ ਉਤਰਦਾ ਰਿਹਾ। ਪਰ ਹੁਣ ਇਕ ਦਿਨ ਪਾਣੀ ਹੇਠਾਂ ਜਾਂਦਾ ਹੈ ਤੇ ਦੂਜੇ ਦਿਨ ਫਿਰ ਉੱਪਰ ਆ ਜਾਂਦਾ ਹੈ। ਇਸ ਦਾ ਕਾਰਨ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਪੰਜਾਬ ‘ਚ ਇੱਕੋ ਸਮੇਂ ਬਰਸਾਤ ਹੋਣਾ ਹੈ। ਖਾਸ ਕਰਕੇ 21 ਅਗਸਤ ਤੋਂ 26 ਅਗਸਤ ਤਕ ਜਿਸ ਤਰ੍ਹਾਂ ਬਾਰਿਸ਼ ਹੋਈ ਹੈ, ਉੱਥੋਂ ਇਸ ਗੱਲ ਦਾ ਲਗਾਇਆ ਜਾ ਸਕਦਾ ਹੈ ਕਿ ਬਿਆਸ ਨਦੀ ‘ਤੇ ਬਣੇ ਪੌਂਗ ਡੈਮ ‘ਚ ਹਰ ਰੋਜ਼ 1.10 ਲੱਖ ਕਿਊਸਿਕ ਤੋਂ 2.28 ਲੱਖ ਕਿਊਸਿਕ ਤਕ ਪਾਣੀ ਆਇਆ ਹੈ ਜਦਕਿ ਇੱਥੋਂ ਰਿਲੀਜ਼ 38 ਹਜ਼ਾਰ ਤੋਂ 70 ਹਜ਼ਾਰ ਕਿਊਸਿਕ ਕੀਤਾ ਗਿਆ ਹੈ। ਇਸੇ ਤਰ੍ਹਾਂ ਰਾਵੀ ਨਦੀ ‘ਤੇ ਬਣੇ ਰਣਜੀਤ ਸਾਗਰ ਡੈਮ ‘ਚ ਵੀ ਪਾਣੀ ਪਿਛਲੇ ਇਕ ਹਫ਼ਤੇ ‘ਚ 14 ਹਜ਼ਾਰ ਕਿਊਸਿਕ ਤੋਂ 1.63 ਲੱਖ ਕਿਊਸਿਕ ਤਕ ਆਇਆ ਹੈ ਜਿਸ ਕਾਰਨ ਦੋਵੇਂ ਡੈਮ ਪੂਰੀ ਤਰ੍ਹਾਂ ਭਰਨ ਕਿਨਾਰੇ ਹਨ। ਹੌਲੀ-ਹੌਲੀ ਤਿੰਨੋਂ ਡੈਮਾਂ ਤੋਂ ਪਾਣੀ ਛੱਡਣ, ਡੈਮਾਂ ਦੇ ਹੇਠਲੇ ਇਲਾਕਿਆਂ ਤੇ ਮੈਦਾਨੀ ਇਲਾਕਿਆਂ ‘ਚ ਵੀ ਇਸ ਸਮੇਂ ਦੌਰਾਨ ਭਾਰੀ ਬਰਸਾਤ ਹੋਣ ਕਾਰਨ ਨਦੀਆਂ ਆਪਣੇ ਕਿਨਾਰੇ ਤੋੜ ਰਹੀਆਂ ਹਨ, ਜਿਸ ਕਾਰਨ ਇਕ ਲੱਖ ਏਕੜ ਤੋਂ ਵੱਧ ਖੇਤਰ ‘ਚ ਲੱਗੀਆਂ ਫਸਲਾਂ ਡੁੱਬ ਗਈਆਂ ਹਨ। ਇਨ੍ਹਾਂ ਵਿਚ ਝੋਨਾ, ਬਾਸਮਤੀ, ਗੰਨਾ ਤੇ ਸਬਜ਼ੀਆਂ ਮੁੱਖ ਤੌਰ ‘ਤੇ ਹਨ। ਸਾਬਕਾ ਮੁੱਖ ਇੰਜੀਨੀਅਰ ਅਮਰਜੀਤ ਸਿੰਘ ਦੁਲੇਟ ਨੇ ਦੱਸਿਆ ਕਿ 1988 ‘ਚ ਜਦੋਂ ਭਾਖੜਾ ਦਾ ਲੈਵਲ 1685 ਨੂੰ ਪਾਰ ਕਰ ਗਿਆ ਤਾਂ ਇਹ ਫੈਸਲਾ ਲਿਆ ਗਿਆ ਸੀ ਕਿ ਲੈਵਲ1670 ਪਹੁੰਚਣ ‘ਤੇ ਪਾਣੀ ਛੱਡਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਭਾਖੜਾ ਦਾ ਲੈਵਲ 1685 ਤੋਂ 1690 ਤਕ ਵੀ ਲਿਜਾਇਆ ਜਾ ਸਕਦਾ ਹੈ, ਪਰ ਅਜਿਹਾ ਕਰਨ ‘ਤੇ ਬੰਨ੍ਹ ਟਿਲਟ ਕਰਦਾ ਹੈ, ਇਸ ਲਈ ਇੰਨਾ ਵੱਡਾ ਜੋਖ਼ਮ ਲੈਣਾ ਠੀਕ ਨਹੀਂ ਹੈ।

Related Articles

Leave a Reply

Your email address will not be published. Required fields are marked *

Back to top button