ਹੁਣ ਦੀਵਾਨ ਦੇ ਸਾਰੇ ਮੈਂਬਰ ਹੋਣਗੇ ਅੰਮ੍ਰਿਤਧਾਰੀ ਜਥੇਦਾਰ, ਪਹਿਲੀ ਸਤੰਬਰ ਤੱਕ ਕਰਨਾ ਹੋਵੇਗਾ ਆਦੇਸ਼ਾਂ ਦਾ ਪਾਲਣ

ਅੰਮ੍ਰਿਤਸਰ, 22 ਜੁਲਾਈ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਆਦੇਸ਼ ਉਪਰੰਤ ਚੀਫ਼ ਖ਼ਾਲਸਾ ਦੀਵਾਨ ਦੀ ਕਾਰਜਕਾਰੀ ਕਮੇਟੀ ਪ੍ਰਧਾਨ ਡਾਕਟਰ ਇੰਦਰਬੀਰ ਸਿੰਘ ਨਿਝਰ ਦੇ ਨਾਲ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜ ਕੇ ਵਿਚਾਰਾਂ ਕੀਤੀਆਂ। ਜਥੇਦਾਰ ਨੇ ਸੀਕੇਡੀ ਦੇ ਕਾਰਜਕਾਰਨੀ ਨੂੰ ਦੀਵਾਨ ਦੇ ਸੰਵਿਧਾਨ ਮੁਤਾਬਕ ਹੀ ਚੱਲਣ ਤੇ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਦੀਵਾਨ ਦੇ ਸਵਿਧਾਨ ਨੂੰ ਮੁੱਖ ਰੱਖਣਾ ਜ਼ਰੂਰੀ ਹੈ। ਜਥੇਦਾਰ ਨੇ ਦੀਵਾਨ ਦੇ ਸੰਵਿਧਾਨ ਮੁਤਾਬਕ ਅਤੇ ਸਿੱਖ ਸੰਸਥਾ ਹੋਣ ਦੇ ਨਾਤੇ ਸੰਵਿਧਾਨ ਦੀ ਅਹਿਮ ਮੱਦ ਜਿਸ ਵਿੱਚ ਹਰੇਕ ਮੈਂਬਰ ਦਾ ਅੰਮ੍ਰਿਤਧਾਰੀ ਹੋਣਾ ਲਾਜ਼ਮੀ ਹੈ ਨੂੰ ਦੁਹਰਾਉਂਦਿਆਂ ਕਿਹਾ ਕਿ ਇਸ ਸਬੰਧੀ ਜੋ ਸ਼ਿਕਾਇਤਾਂ ਮਿਲੀਆਂ ਸਨ ਉਸ ਨੂੰ ਦੂਰ ਕੀਤਾ ਜਾਵੇ | ਜਥੇਦਾਰ ਨੇ ਦੀਵਾਨ ਦੇ ਪ੍ਰਧਾਨ ਅਤੇ ਕਾਰਜਕਾਰਨੀ ਨੂੰ ਇੱਕ ਮੌਕਾ ਦਿੰਦਿਆਂ ਕਿਹਾ ਕਿ ਪਹਿਲੀ ਸਤੰਬਰ ਤੱਕ ਸਾਰੇ ਮੈਂਬਰ ਅੰਮ੍ਰਿਤਧਾਰੀ ਹੋਣੇ ਲਾਜਮੀ ਹਨ ਜਿਨਾਂ ਨੇ ਅੰਮ੍ਰਿਤਪਾਨ ਨਹੀਂ ਕੀਤਾ ਉਹ ਅੰਮ੍ਰਿਤਪਾਨ ਕਰਨ ਅਤੇ ਜਿਨਾਂ ਕੋਲੋਂ ਕੋਈ ਅਵੱਗਿਆ ਜਾਂ ਭੁੱਲ ਹੋਈ ਹੈ ਉਹ ਆਪਣੀ ਭੁੱਲ ਬਖਸ਼ਾਉਣ l ਦੀਵਾਨ ਦੇ ਪ੍ਰਧਾਨ ਡਾਕਟਰ ਨਿੱਝਰ ਨੇ ਕਿਹਾ ਕਿ ਜੋ ਵੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਇਆ ਹੈ ਉਸ ਨੂੰ ਮੰਨਿਆ ਜਾਵੇਗਾ | ਮੀਟਿੰਗ ਕਰਕੇ ਦੀਵਾਨ ਦੇ ਮੈਂਬਰਾਂ ਨੂੰ ਪੱਤਰ ਕੱਢੇ ਜਾਣਗੇ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਦੀਵਾਨ ਦਾ ਹਰੇਕ ਮੈਂਬਰ ਅੰਮ੍ਰਿਤਧਾਰੀ ਹੋਵੇ | ਇਸ ਸਬੰਧੀ ਉਹ ਦੀਵਾਨ ਦੇ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਦਾ ਸਮਾਗਮ ਵੀ ਰੱਖਣਗੇ l



