
ਸੰਗਰੂਰ, 17 ਜਨਵਰੀ : ਲੰਘੇ ਵਰ੍ਹੇ ਅਕਤੂਬਰ ਮਹੀਨੇ ਸੰਗਰੂਰ ਦੀ ਕੁੜੀ ਦਾ ਕੈਨੇਡਾ ’ਚ ਕਤਲ ਕਰਨ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦਰਅਸਲ, ਕੁੜੀ ’ਤੇ ਉਕਤ ਨੌਜਵਾਨ ਵਿਆਹ ਕਰਵਾਉਣ ਦਾ ਦਬਾਅ ਪਾ ਰਿਹਾ ਸੀ, ਪਰ ਕੁੜੀ ਵੱਲੋਂ ਇਨਕਾਰ ਕੀਤੇ ਜਾਣ ’ਤੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਤੇ ਕੈਨੇਡਾ ਤੋਂ ਫ਼ਰਾਰ ਹੋ ਗਿਆ ਸੀ। ਐੱਸਐੱਸਪੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਸਥਾਨਕ ਪ੍ਰੇਮ ਬਸਤੀ ਵਾਸੀ ਇੰਦਰਜੀਤ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਨ੍ਹਾਂ ਦੀਆਂ 2 ਲੜਕੀਆਂ ਗੁਰਸਿਮਰਨ ਕੌਰ ਤੇ ਅਮਨਪ੍ਰੀਤ ਕੌਰ ਕੈਨੇਡਾ ’ਚ ਰਹਿੰਦੀਆਂ ਹਨ। ਅਮਨਪ੍ਰੀਤ ਕੌਰ ਟੋਰਾਂਟੋ ਈਸਟ ਯੋਰਕ ’ਚ ਕਿਰਾਏ ਦੇ ਮਕਾਨ ’ਚ ਰਹਿੰਦੀ ਸੀ ਤੇ ਹਸਪਤਾਲ ’ਚ ਬਤੌਰ ਨਿੱਜੀ ਸਹਾਇਕ ਵਰਕਰ ਕੰਮ ਕਰਦੀ ਸੀ। 20 ਅਕਤੂਬਰ 2025 ਤੋਂ ਤਿੰਨ-ਚਾਰ ਦਿਨ ਪਹਿਲਾਂ ਅਮਨਪ੍ਰੀਤ ਕੌਰ ਨੇ ਫੋਨ ਕਰ ਕੇ ਦੱਸਿਆ ਕਿ ਮਨਪ੍ਰੀਤ ਸਿੰਘ ਵਾਸੀ ਬਸਲੀਪੁਰ ਥਾਣਾ ਗੋਕਰਨਾਥ (ਗੋਹਲਾ) ਜ਼ਿਲ੍ਹਾ ਲਖੀਮਪੁਰ ਖੀਰੀ (ਯੂਪੀ), ਜੋ ਕੈਨੇਡਾ ’ਚ ਹੀ ਰਹਿੰਦਾ ਹੈ ਤੇ ਉਹ ਟੈਕਸੀ ਚਾਲਕ ਹੈ। ਉਹ ਆਪਣੀ ਡਿਊਟੀ ਵੀ ਉਸ ਦੀ ਗੱਡੀ ’ਚ ਜਾਂਦੀ ਹੈ। ਜਾਣ-ਪਛਾਣ ਹੋਣ ਕਾਰਨ ਮਨਪ੍ਰੀਤ ਸਿੰਘ ਉਸ ਨੂੰ ਵਿਆਹ ਕਰਵਾਉਣ ਲਈ ਦਬਾਅ ਬਣਾ ਰਿਹਾ ਹੈ। ਪਰ ਉਸ ਨੇ ਸਾਫ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਅਮਨਪ੍ਰੀਤ ਕੌਰ ਨਾਲ ਘਰਦਿਆਂ ਦਾ ਕੋਈ ਸੰਪਰਕ ਨਾ ਹੋਇਆ ਤੇ ਉਸ ਦਾ ਫੋਨ ਬੰਦ ਆ ਰਿਹਾ ਸੀ। ਇਸ ਤੋਂ ਬਾਅਦ ਉਨ੍ਹਾਂ ਆਪਣੀ ਦੂਸਰੀ ਧੀ ਗੁਰਸਿਮਰਨ ਕੌਰ ਨੂੰ ਅਮਨਪ੍ਰੀਤ ਬਾਰੇ ਪਤਾ ਕਰਨ ਲਈ ਕਿਹਾ, ਪਰ ਅਮਨਪ੍ਰੀਤ ਨਾ ਘਰ ਪੁੱਜੀ ਤੇ ਨਾ ਹੀ ਆਪਣੇ ਕੰਮ ’ਤੇ। ਜਿਸ ’ਤੇ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਕੈਨੇਡਾ ਪੁਲਿਸ ਨੂੰ ਦਿੱਤੀ ਤੇ 21 ਅਕਤੂਬਰ ਨੂੰ ਗੁਰਸਿਮਰਨ ਕੌਰ ਨੂੰ ਕੈਨੇਡਾ ਪੁਲਿਸ ਨੇ ਫੋਨ ਕਰ ਕੇ ਦੱਸਿਆ ਕਿ ਅਮਨਪ੍ਰੀਤ ਕੌਰ ਦੀ ਲਾਸ਼ ਨਿਆਗਰਾ ਝੀਲ ਨੇੜੇ ਬਰਾਮਦ ਹੋਈ। ਕੈਨੇਡਾ ਪੁਲਿਸ ਅਨੁਸਾਰ ਟੈਕਸੀ ਚਾਲਕ ਮਨਪ੍ਰੀਤ ਸਿੰਘ (27), ਜੋ ਅਮਨਪ੍ਰੀਤ ਦਾ ਕਤਲ ਕਰ ਕੇ ਭਾਰਤ ਭੱਜ ਗਿਆ। ਐੱਸਐੱਸਪੀ ਚਾਹਲ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਨੇ ਕੈਨੇਡਾ ਰਹਿੰਦੀ ਗੁਰਸਿਮਰਨ ਕੌਰ ਨੂੰ ਵ੍ਹਾਟਸਐਪ ਤੇ ਇੰਸਟਾਗ੍ਰਾਮ ’ਤੇ ਫੋਨ ਕਰ ਕੇ ਕੈਨੇਡਾ ਕੇਸ ਦੀ ਪੈਰਾਵਾਈ ਨਾ ਕਰਨ ਦੀਆਂ ਧਮਕੀਆਂ ਦਿੱਤੀਆਂ। ਇੱਥੋ ਤਕ ਕਿ ਅਕਤੂਬਰ ਮਹੀਨੇ ਹੀ ਸੰਗਰੂਰ ਰਹਿੰਦੇ ਪਰਿਵਾਰ ਦਾ ਪਤਾ ਲੈ ਕੇ ਉਨ੍ਹਾਂ ਦੇ ਘਰ ਪੁੱਜ ਕੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਤੇ ਫ਼ਰਾਰ ਹੋ ਗਿਆ। ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਮਨਪ੍ਰੀਤ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ।



