
ਅੰਮ੍ਰਿਤਸਰ, 28 ਜੁਲਾਈ : ਥਾਣਾ ਘਰਿੰਡਾ ਦੀ ਪੁਲਿਸ ਨੇ ਸ਼ਨਿਚਰਵਾਰ ਰਾਤ ਨੂੰ ਹੈਰੋਇਨ ਸਪਲਾਈ ਕਰਨ ਵਾਲੇ ਗਿਰੋਹ ਦੇ ਇਕ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ। ਮੁਲਜ਼ਮ ਦੇ ਕਬਜ਼ੇ ਵਿਚੋਂ ਪੰਜ ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਹੈ ਅਤੇ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਸਬ ਇੰਸਪੈਕਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਘਰਿੰਡਾ ਥਾਣੇ ਅਧੀਨ ਪੈਂਦੇ ਪਿੰਡ ਮਹਾਵਾ ਦੇ ਰਹਿਣ ਵਾਲੇ ਪਵਨਪ੍ਰੀਤ ਸਿੰਘ ਉਰਫ਼ ਪਵਨ ਦੇ ਪਾਕਿਸਤਾਨੀ ਤਸਕਰਾਂ ਨਾਲ ਨੇੜਲੇ ਸਬੰਧ ਹਨ ਅਤੇ ਉਹ ਕਈ ਵਾਰ ਡ੍ਰੋਨ ਰਾਹੀਂ ਹੈਰੋਇਨ ਦੀਆਂ ਖੇਪਾਂ ਮੰਗਵਾ ਕੇ ਉਨ੍ਹਾਂ ਨੂੰ ਅੱਗੇ ਸਪਲਾਈ ਕਰਦਾ ਰਿਹਾ ਹੈ। ਇਸ ਆਧਾਰ ‘ਤੇ ਪੁਲਿਸ ਨੇ ਨਾਕਾਬੰਦੀ ਕਰ ਦਿੱਤੀ। ਮੁਲਜ਼ਮ ਦੇ ਆਉਂਦੇ ਹੀ ਉਸ ਨੂੰ ਘੇਰ ਲਿਆ ਗਿਆ। ਪੁਲਿਸ ਨੇ ਉਸ ਦੇ ਬੈਗ ਵਿੱਚੋਂ ਪੰਜ ਕਿੱਲੋ ਹੈਰੋਇਨ ਬਰਾਮਦ ਕੀਤੀ। ਪੁੱਛਗਿੱਛ ਦੌਰਾਨ ਪਵਨ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪਾਕਿਸਤਾਨੀ ਤਸਕਰਾਂ ਨੇ ਡ੍ਰੋਨ ਰਾਹੀਂ ਮਹਾਵਾ ਖੇਤਰ ਵਿਚ ਇਹ ਖੇਪ ਸੁੱਟੀ ਸੀ। ਉਹ ਇਸ ਨੂੰ ਚੁੱਕ ਕੇ ਅੱਗੇ ਸਪਲਾਈ ਕਰਨ ਜਾ ਰਿਹਾ ਸੀ। ਸਬ-ਇੰਸਪੈਕਟਰ ਨੇ ਕਿਹਾ ਕਿ ਗਿਰੋਹ ਦੇ ਹੋਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
10 ਕਿੱਲੋ ਹੈਰੋਇਨ ਸਣੇ ਕਾਬੂ ਕੀਤੇ ਤਸਕਰ ਰਿਮਾਂਡ ’ਤੇ ਭੇਜੇ
ਦਸ ਕਿੱਲੋ ਹੈਰੋਇਨ ਨਾਲ ਕਾਬੂ ਕੀਤੇ ਗਏ ਅੱਠ ਤਸਕਰਾਂ ਨੂੰ ਕੋਰਟ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਸਾਰਿਆਂਨੂੰ ਪੰਜ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਿਆ ਹੈ। ਸੀਆਈ ਦੀ ਟੀਮ ਨੇ ਘਰਿੰਡਾ ਥਾਣੇ ਅਧੀਨ ਪੈਂਦੇ ਪਿੰਡ ਕਾਹਨਗੜ੍ਹ ਵਾਸੀ ਰਣਜੀਤ ਸਿੰਘ, ਕਰਣ ਸਿੰਘ, ਜੰਡਿਆਲਾ ਥਾਣੇ ਅਧੀਨ ਪੈਂਦੇ ਦੇਵੀਦਾਸਪੁਰਾ ਵਾਸੀ ਮਨਪ੍ਰੀਤ ਸਿੰਘ ਅਤੇ ਅਜੈ ਪਾਲ ਸਿੰਘ ਨੂੰ ਚਾਰ ਕਿੱਲੋ ਹੈਰੋਇਨ ਨਾਲ ਕਾਬੂ ਕੀਤਾ ਸੀ। ਇਸੇ ਤਰ੍ਹਾਂ ਅੰਮਿ੍ਤਸਰ ਕਮਿਸ਼ਨਰੇਟ ਪੁਲਿਸ ਨੇ ਪਿੰਡ ਧਨੋਆ ਵਾਸੀ ਸਰਬਜੀਤ ਸਿੰਘ ਉਰਫ ਜੋਬਨ, ਅਜਨਾਲਾ ਵਾਸੀ ਧਰਮ ਸਿੰਘ ਹੈਪੀ, ਕੁਲਬੀਰ ਸਿੰਘ ਅਤੇ ਇਕ ਨਾਬਾਲਿਗ ਨੂੰ ਛੇ ਕਿੱਲੋ ਅਤੇ 106 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਸੀ।



