
ਅੰਮ੍ਰਿਤਸਰ, 10 ਜੂਨ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਸ਼੍ਰੋਮਣੀ ਕਮੇਟੀ ਵੱਲੋਂ ਕਿਸੇ ਯੋਗ ਸਖਸ਼ੀਅਤ ਨੂੰ ਜਲਦ ਸੇਵਾਵਾਂ ਸੌਂਪਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸੋਮਵਾਰ ਨੂੰ ਹੋਣ ਵਾਲੀ ਅੰਤ੍ਰਿੰਗ ਕਮੇਟੀ ਨੂੰ ਰੱਦ ਕਰਕੇ 12 ਜੂਨ ਨੂੰ ਕਰਨ ਦਾ ਫੈਸਲਾ ਕਰਦਿਆਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਨਾਲ ਮਹਿਤਾ ਵਿਖੇ ਮੁਲਾਕਾਤ ਕਰਕੇ 11 ਜੂਨ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕੋਠੀ ਪਿੰਡ ਬਾਦਲ ਦੇ ਬਾਹਰ ਜਥੇਦਾਰਾਂ ਸਬੰਧੀ ਹੋਏ ਫੈਸਲੇ ਦੇ ਰੋਸ ਵਜੋਂ ਧਰਨਾ ਨਾ ਦੇਣ ਲਈ ਮਨਾ ਲਿਆ ਹੈ ਤੇ ਜਲਦ ਹੀ ਇਸ ਮਸਲੇ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਭਾਵੇਂ 12 ਜੂਨ ਨੂੰ ਹੋਣ ਵਾਲੀ ਇਕੱਤਰਤਾ ’ਚ ਜਥੇਦਾਰਾਂ ਸਬੰਧੀ ਕੋਈ ਫੈਸਲਾ ਨਾ ਲਿਆ ਜਾਵੇ ਪਰ ਇਹ ਤੈਅ ਹੈ ਕਿ ਜਲਦ ਹੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਰੱਖ ਕੇ ਫੈਸਲਾ ਲੈ ਲਿਆ ਜਾਵੇਗਾ। ਦੱਸਣਯੋਗ ਹੈ ਕਿ ਐਡਵੋਕੇਟ ਧਾਮੀ ਦੀ ਗ਼ੈਰ-ਹਾਜ਼ਰੀ ’ਚ ਅੰਤ੍ਰਿੰਗ ਕਮੇਟੀ ਵਲੋਂ ਫੈਸਲਾ ਲੈਂਦਿਆ 7 ਮਾਰਚ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਜਥੇਦਾਰ ਦੇ ਅਹੁਦੇ ਤੋਂ ਸੇਵਾ ਮੁਕਤ ਕਰ ਦਿੱਤਾ ਸੀ ਤੇ ਉਨ੍ਹਾਂ ਨੂੰ ਸਿਰਫ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਵਜੋਂ ਸੇਵਾਵਾਂ ਜਾਰੀ ਰੱਖਣ ਦਾ ਫੈਸਲਾ ਕੀਤਾ ਸੀ। ਇਸੇ ਤਰ੍ਹਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਪਾਸੋਂ ਵੀ ਜਥੇਦਾਰ ਦਾ ਚਾਰਜ ਵਾਪਸ ਲੈ ਕੇ ਪਹਿਲਾਂ ਦੀ ਤਰ੍ਹਾਂ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਵਜੋਂ ਸੇਵਾਵਾਂ ਜਾਰੀ ਰੱਖਣ ਦਾ ਫੈਸਲਾ ਕੀਤਾ ਸੀ। ਇਸ ਤੋਂ ਪਹਿਲਾਂ 17 ਫਰਵਰੀ ਨੂੰ ਐਡਵੋਕੇਟ ਧਾਮੀ ਦੀ ਪ੍ਰਧਾਨਗੀ ’ਚ ਅੰਤ੍ਰਿੰਗ ਕਮੇਟੀ ਵੱਲੋਂ ਫੈਂਸਲਾ ਲੈਂਦਿਆ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਸਨ। 7 ਮਾਰਚ ਨੂੰ ਫੈਸਲਾ ਕਰਦਿਆਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਬਾਬਾ ਟੇਕ ਸਿੰਘ ਧਨੌਲਾ ਨੂੰ ਬਤੌਰ ਜਥੇਦਾਰ ਨਿਯੁਕਤ ਕਰਦਿਆ ਗੜਗੱਜ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੀਆਂ ਸੇਵਾਵਾਂ ਵੀ ਸੌਂਪੀਆਂ ਸਨ। ਨਵੇਂ ਜਥੇਦਾਰ ਦੀ ਨਿਯੁਕਤੀ ਤੋਂ ਪਹਿਲਾਂ ਜਥੇਦਾਰਾਂ ਨੂੰ ਹਟਾਉਣ ‘ਤੇ ਨਵੇਂ ਜਥੇਦਾਰਾਂ ਦੀਆਂ ਨਿਯੁਕਤੀਆਂ ਦਾ ਪੰਥਕ ਧਿਰਾਂ ਵੱਲੋਂ ਡੱਟ ਕੇ ਵਿਰੋਧ ਕੀਤਾ ਗਿਆ ਅਤੇ ਇਨ੍ਹਾਂ ਦੀ ਦਸਤਾਰਬੰਦੀ ’ਚ ਸ਼ਮੂਲੀਅਤ ਨਾ ਕਰਨ ਤੇ ਵਿਰੋਧ ਕਰਨ ਦੇ ਐਲਾਣ ਤੋਂ ਡਰਦਿਆ ਸ਼੍ਰੋਮਣੀ ਕਮੇਟੀ ਨੇ ਰਾਤ ਦੇ ਹਨੇਰੇ ’ਚ ਸਾਦੇ ਢੰਗ ਨਾਲ ਜਥੇਦਾਰ ਗੜਗੱਜ ਦੀ ਦਸਤਾਰਬੰਦੀ ਕਰ ਦਿੱਤੀ ਜਿਸ ਨੂੰ ਵੀ ਪੰਥਕ ਧਿਰਾਂ ਨਾਮਨਜ਼ੂਰ ਕਰ ਰਹੀਆਂ ਹਨ, ਜਿਸ ਦੇ ਫਲਸਰੂਪ 6 ਜੂਨ ਨੂੰ ਜਥੇਦਾਰ ਗੜਗੱਜ ਨੂੰ ਪੰਥ ਦੇ ਨਾਮ ਸੰਦੇਸ਼ ਵੀ ਪੜ੍ਹਣ ਨਹੀਂ ਦਿੱਤਾ ਗਿਆ।



