ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਦਾ ਵੱਡਾ ਬਿਆਨ, ਕਿਹਾ-ਜੇਲ੍ਹਾਂ ’ਚ ਬੰਦ ਸਿੰਘਾਂ ਦੀ ਰਿਹਾਈ ਲਈ ਕੀਤੇ ਯਤਨ ਅਗਾਂਹ ਵੀ ਰਹਿਣਗੇ ਜਾਰੀ

ਅੰਮ੍ਰਿਤਸਰ, 10 ਜੂਨ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪੁੱਜੇ ਡੇਰਾ ਰਾਧਾ ਸੁਆਮੀ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋ ਨੇ ਕਿਹਾ ਹੈ ਕਿ ਉਨ੍ਹਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਨਿੱਜੀ ਤੌਰ ’ਤੇ ਯਤਨ ਕੀਤੇ ਹਨ ਤੇ ਅਗਾਂਹ ਵੀ ਕਰਦੇ ਰਹਿਣਗੇ। ਸੋਮਵਾਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁੱਜੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਪੰਜਾਬੀ ਜਾਗਰਣ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਕਈ ਪਰਿਵਾਰਾਂ ਨੇ ਇਸ ਮਾਮਲੇ (ਬੰਦੀ ਸਿੰਘਾਂ ਦੀ ਰਿਹਾਈ) ’ਚ ਉਨ੍ਹਾਂ ਤੱਕ ਪਹੁੰਚ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਈ ਗੁਰਦੀਪ ਸਿੰਘ ਖਹਿਰਾ ਦੀ ਰਿਹਾਈ ਲਈ ਕੀਤੇ ਯਤਨਾਂ ਦਾ ਨਤੀਜਾ ਹੈ ਉਨ੍ਹਾਂ ਨੂੰ ਪੈਰੋਲ ਮਿਲ ਰਹੀ ਹੈ। ਬਾਬਾ ਗੁਰਿੰਦਰ ਸਿੰਘ ਢਿੱਲੋ ਨੇ ਕਿਹਾ ਕਿ ਅਗਾਂਹ ਵੀ ਇਸ ਤਰ੍ਹਾਂ ਦੇ ਯਤਨ ਜਾਰੀ ਰਹਿਣਗੇ ਤੇ ਮਨੁੱਖੀ ਅਧਿਕਾਰਾਂ ਤਹਿਤ ਬੰਦੀ ਸਿੰਘ ਜ਼ਰੂਰ ਰਿਹਾਅ ਹੋਣਗੇ। ਦੱਸਣਯੋਗ ਹੈ ਕਿ ਭਾਈ ਗੁਰਦੀਪ ਸਿੰਘ ਖਹਿਰਾ ਤੇ ਅੰਮ੍ਰਿਤਪਾਲ ਸਿੰਘ ਦੋਵੇਂ ਹੀ ਪਿੰਡ ਜੱਲੂਪੁਰ ਖੇੜਾ ਦੇ ਵਾਸੀ ਹਨ, ਜੋ ਹਲਕਾ ਬਾਬਾ ਬਕਾਲਾ ਸਾਹਿਬ ਨੇੜੇ ਬਿਆਸ ’ਚ ਪੈਂਦਾ ਹੈ। ਬੀਤੇ ਦਿਨੀਂ ਇਸ ਗੱਲ ਦੀ ਕਾਫੀ ਚਰਚਾ ਰਹੀ ਸੀ ਕਿ ਖ਼ਾਲਿਸਤਾਨ ਸਮਰਥਕ ਐੱਮਪੀ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋ ਨਾਲ ਮੁਲਾਕਾਤ ਕੀਤੀ ਹੈ।



