Punjab

ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਭਰਤੀ ਬਾਦਲ ਪਿੰਡ ਤੋਂ ਸ਼ੁਰੂ

ਮਲੋਟ, (ਸ੍ਰੀ ਮੁਕਤਸਰ ਸਾਹਿਬ), 20 ਜਨਵਰੀ- ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿੰਡ ਬਾਦਲ ਦੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਵਜੋਂ ਫਾਰਮ ਭਰਿਆ ਅਤੇ ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਬਾਦਲ ਸਥਿਤ ਦਫ਼ਤਰ ਵਿਖੇ ਪਾਰਟੀ ਦੇ ਪ੍ਰਧਾਨ ਦੇ ਹੁਕਮਾਂ ਅਨੁਸਾਰ ਮੈਂਬਰ ਵਜੋਂ ਸ਼ਾਮਿਲ ਹੋ ਕੇ ਉਨ੍ਹਾਂ ਨੇ ਆਪਣੀ ਮੈਂਬਰਸ਼ਿਪ ਪਰਚੀ ਭਰੀ ਹੈ। ਸੁਖਬੀਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਲੰਬੀ ਹਲਕੇ ਵਿਚ 40 ਹਜ਼ਾਰ ਦਾ ਟੀਚਾ ਹੈ ਜਦਕਿ ਕੁੱਲ ਮੈਂਬਰਸ਼ਿਪ ਦਾ ਟੀਚਾ 5 ਲੱਖ ਦਾ ਹੈ। ਇਸ ਮੌਕੇ ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਸਿੱਖ ਸੰਗਤਾਂ ਨੇ ਇਹ ਸੁਨੇਹਾ ਬਹੁਤ ਸਾਫ਼ ਤੌਰ ’ਤੇ ਦੇ ਦਿੱਤਾ ਹੈ ਕਿ ਜੋ ਵੀ ਤਾਕਤਾਂ ਸਿੱਖ ਧਰਮ ਦੇ ਮਸਲਿਆਂ ਵਿਚ ਦਖਲਅੰਦਾਜ਼ੀ ਕਰਦੀਆਂ ਹਨ, ਉਨ੍ਹਾਂ ਨੂੰ ਸਿੱਖ ਸੰਗਤਾਂ ਮੂੰਹ ਨਹੀਂ ਲਾਉਣਗੀਆਂ। ਉਨ੍ਹਾਂ ਦਾਦੂਵਾਲ ਦਾ ਨਾਮ ਲੈ ਕੇ ਕਿਹਾ ਕਿ ਅਜਿਹੇ ਲੋਕ ਏਜੰਸੀਆਂ ਦੇ ਬੰਦੇ ਹਨ ਅਤੇ ਇਸੇ ਕਰਕੇ ਸਿੱਖ ਸੰਗਤਾਂ ਨੇ ਉਨ੍ਹਾਂ ਨੂੰ ਮੂੰਹ ਨਹੀਂ ਲਾਇਆ। ਉਨ੍ਹਾਂ ਕਿਹਾ ਕਿ ਇਹ ਕਿਸੇ ਧਰਮ ਦੇ ਨਹੀਂ ਹੁੰਦੇ। ਕੇਜਰੀਵਾਲ ਦੇ ਮੁੜ ਦਿੱਲੀ ਵਿਚ ਸਰਕਾਰ ਬਣਾਉਣ ਦੇ ਦਾਅਵੇ ਬਾਰੇ ਉਨ੍ਹਾਂ ਕਿਹਾ ਕਿ ਅਜਿਹੇ ਦਾਅਵੇ ਸਾਰੇ ਹੀ ਕਰਦੇ ਰਹਿੰਦੇ ਹਨ।

Related Articles

Leave a Reply

Your email address will not be published. Required fields are marked *

Back to top button