
ਜਗਰਾਓਂ, 13 ਅਗਸਤ : ਸ਼ਹਿਰ ਦੇ ਰਾਏਕੋਟ ਰੋਡ ’ਤੇ ਪੈਂਦੇ ਸੂਏ ਦੇ ਨਾਲ ਜਾਂਦੇ ਰਸਤੇ ’ਚ ਇੱਕ ਨੌਜਵਾਨ ਦੀ ਲਾਸ਼ ਮਿਲੀ। ਨੌਜਵਾਨ ਦੀ ਲਾਸ਼ ਦੇ ਕੋਲ ਹੀ ਉਸ ਦੀ ਐਕਟਿਵਾ ਪਈ ਸੀ। ਉਸ ਦੀ ਮੌਤ ਦੇ ਕਾਰਨਾਂ ਦਾ ਚਾਹੇ ਅਜੇ ਸਪੱਸ਼ਟ ਪਤਾ ਨਹੀਂ ਲੱਗਾ ਪਰ ਉਸ ਦੀ ਮੌਤ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਜਗਰਾਓਂ ਦੇ ਈਸਟ ਮੋਤੀ ਬਾਗ ਵਾਸੀ 32 ਸਾਲਾਂ ਅਸ਼ਵਨੀ ਅਗਰਵਾਲ ਜੋ ਬੀਤੀ ਕੱਲ੍ਹ ਹੀ ਕਈ ਦਿਨ ਲੁਧਿਆਣਾ ਦੇ ਇੱਕ ਪ੍ਰਾਈਵੇਟ ਹਸਪਤਾਲ ’ਚੋਂ ਛੁੱਟੀ ਮਿਲਣ ’ਤੇ ਘਰ ਪਰਤਿਆ ਸੀ। ਅੱਜ ਬੁਾਅਦ ਦੁਪਹਿਰ ਉਸ ਦੀ ਸੂਏ ਨੂੰ ਨਾਲ ਜਾਂਦੀ ਸੜਕ ’ਤੇ ਪੈਂਦੇ ਗੋਲਿਆਂ ਵਾਲਾ ਪੁਲ਼ ਕੋਲ ਲਾਸ਼ ਦੇਖ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ’ਤੇ ਜਗਰਾਓਂ ਥਾਣਾ ਸਿਟੀ ਦੇ ਮੁਖੀ ਵਰਿੰਦਰਪਾਲ ਸਿੰਘ ਪੁਲਿਸ ਪਾਰਟੀ ਸਮੇਤ ਪੁੱਜੇ। ਜਿਨ੍ਹਾਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਜਗਰਾਓਂ ਸਿਵਲ ਹਸਪਤਾਲ ਭੇਜਿਆ। ਇਸ ਸਬੰਧ ਵਿਚ ਏਐਸਆਈ ਰਣਧੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਅਸ਼ਵਨੀ ਅਗਰਵਾਲ ਦੀ ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਉਪਰੰਤ ਲੱਗੇਗਾ।



