
ਬਾਲ ਕਿਸ਼ਨ
ਫਿਰੋਜ਼ਪੁਰ, 27 ਜੁਲਾਈ: ਜ਼ੀਰਾ ਇੱਕ ਹੈਰਾਨੀਜਨਕ ਅਤੇ ਚਿੰਤਾਜਨਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਸੀਰੀ (ਮਜ਼ਦੂਰ) ਨੇ ਆਪਣੇ ਮਾਲਕ ’ਤੇ ਕਹੀ ਵਰਗੇ ਤਿੱਖੇ ਹਥਿਆਰ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ। ਇਸ ਵਾਰਦਾਤ ਤੋਂ ਬਾਅਦ ਥਾਣਾ ਸਦਰ ਜ਼ੀਰਾ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਸੀਰੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਖਿਲਾਫ ਬੀਐੱਨਐੱਸ ਦੀਆਂ ਧਾਰਾਵਾਂ 118 (1) ਅਤੇ 115 (2) ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਪੰਡੋਰੀ ਖੱਤਰੀਆਂ ਦੇ ਵਸਨੀਕ ਪਰਮਜੀਤ ਸਿੰਘ ਪੁੱਤਰ ਮਲਕੀਤ ਸਿੰਘ ਨੇ ਦੱਸਿਆ ਕਿ ਉਸ ਦੇ ਖੇਤਾਂ ਵਿਚ ਰੀਤ ਲਾਲ ਚੌਪਾਲ ਉਰਫ ਰਾਜੂ ਪੁੱਤਰ ਚੌਪਾਲ ਝੜੀ ਲਾਲ ਚੌਪਾਲ, ਜੋ ਕਿ ਛਤਮਨ ਧਮਕੀ, ਥਾਣਾ ਰਨਵੇਕਿਊਟੀ, ਜ਼ਿਲ੍ਹਾ ਦਰਬੰਗਾ, ਬਿਹਾਰ ਦਾ ਰਹਿਣ ਵਾਲਾ ਹੈ, ਸੀਰੀ ਵਜੋਂ ਕੰਮ ਕਰਦਾ ਸੀ। ਪਰਮਜੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਬੀਤੀ 25 ਜੁਲਾਈ 2025 ਨੂੰ ਜਦੋਂ ਉਹ ਰੀਤ ਲਾਲ ਚੌਪਾਲ ਉਰਫ ਰਾਜੂ ਨੂੰ ਖੇਤ ਦੇ ਕੰਮ ਲਈ ਬੁਲਾਉਣ ਗਿਆ, ਤਾਂ ਦੋਸ਼ੀ ਸੀਰੀ ਨੇ ਅਚਾਨਕ ਉਸ ’ਤੇ ਕਹੀ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਪਰਮਜੀਤ ਸਿੰਘ ਨੂੰ ਕਾਫੀ ਸੱਟਾਂ ਲੱਗੀਆਂ ਅਤੇ ਉਹ ਜ਼ਖਮੀ ਹੋ ਗਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸ਼ਮਸ਼ੇਰ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਪਰਮਜੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਤੁਰੰਤ ਕਾਰਵਾਈ ਕੀਤੀ। ਉਨ੍ਹਾਂ ਦੱਸਿਆ ਕਿ ਦੋਸ਼ੀ ਸੀਰੀ ਰੀਤ ਲਾਲ ਚੌਪਾਲ ਉਰਫ ਰਾਜੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਖਿਲਾਫ ਕਾਨੂੰਨੀ ਕਾਰਵਾਈ ਅੱਗੇ ਵਧਾਈ ਜਾ ਰਹੀ ਹੈ। ਪੁਲਿਸ ਇਸ ਘਟਨਾ ਦੇ ਪਿੱਛੇ ਦੇ ਕਾਰਨਾਂ ਦੀ ਵੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਸੀਰੀ ਨੇ ਆਪਣੇ ਮਾਲਕ ’ਤੇ ਹਮਲਾ ਕਿਉਂ ਕੀਤਾ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਸਾਰੇ ਤੱਥ ਸਾਹਮਣੇ ਆ ਜਾਣਗੇ।



